ਡਾ.ਦਵਿੰਦਰ ਸਿੰਘ ਬੋਹਾ ਨੇ ਨੈਸ਼ਨਲ ਐਵਾਰਡੀ ਡਾ.ਪਰਮਜੀਤ ਸਿੰਘ ਕਲਸੀ ਦੀ ਬਾਲ-ਸਾਹਿਤ ਦੀ ਪੁਸਤਕ ‘ਆਓ ਖਾਣਾ ਖਾਈਏ’ ਦੀ ਕੀਤੀ ਘੁੰਢ-ਚੁਕਾਈ
ਚੰਡੀਗੜ੍ਹ 5 ਨਵੰਬਰ (ਹਰਦੀਪ ਸਿੰਘ ਸਿੱਧੂ) ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵਿੱਚ ‘ਪੜ੍ਹੋ ਪੰਜਾਬ ਤੇ ਪੜ੍ਹਾਓ ਪੰਜਾਬ’ ਦੇ ਸਟੇਟ ਕੋਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ ਨੇ ਬਾਲ-ਸਾਹਿਤਕਾਰ ਡਾ. ਪਰਮਜੀਤ ਸਿੰਘ ਕਲਸੀ ਨੈਸ਼ਨਲ ਐਵਾਰਡੀ ਦੀ ਬਾਲ-ਕਾਵਿ ਦੀ ਅਹਿਮ ਪੁਸਤਕ ‘ਆਓ ਖਾਣਾ ਖਾਈਏ’ ਦੀ ਘੁੰਢ-ਚੁਕਾਈ ਕਰਕੇ ਲੋਕ-ਅਰਪਣ ਕੀਤੀ ਗਈ। ਡਾ. ਬੋਹਾ ਨੇ ਕਿਹਾ ਕਿ ਬਾਲ-ਸਾਹਿਤ ਕਿਸੇ ਵੀ ਸਾਹਿਤ ਦਾ ਅਮੀਰ ਖ਼ਜ਼ਾਨਾ ਹੁੰਦਾ ਹੈ, ਜੋ ਬਾਲ-ਮਨਾਂ ਦੇ ਵਿਕਾਸ ਦੀ ਦਿਸ਼ਾ ਉਲੀਕਦਾ ਹੈ। ਉਹਨਾਂ ਕਿਹਾ ਕਿ ਨੈਸ਼ਨਲ ਐਵਾਰਡੀ ਡਾ. ਪਰਮਜੀਤ ਸਿੰਘ ਕਲਸੀ ਦੀ ਬਾਲ-ਸਾਹਿਤ ਵਿੱਚ ਇੱਕ ਮਜ਼ਬੂਤ ਪਕੜ ਹੈ, ਜਿਸ ਨਾਲ ਉਹ ਹਮੇਸ਼ਾਂ ਬਾਲ-ਮਨਾਂ ਅੰਦਰ ਨੈਤਿਕ ਕਦਰਾਂ-ਕੀਮਤਾਂ ਦਾ ਪਸਾਰ ਕਰਨ ਦੇ ਨਾਲ-ਨਾਲ ਖਾਣ-ਪੀਣ ਤੇ ਪਹਿਨਣ ਦੀਆਂ ਚੰਗੀਆਂ ਆਦਤਾਂ ਨੂੰ ਬਣਾਈ ਰੱਖਣ ਦਾ ਹੋਕਾ ਵੀ ਆਪਣੀਆਂ ਰਚਨਾਵਾਂ ਰਾਹੀਂ ਦਿੰਦਾ ਰਹਿੰਦਾ ਹੈ। ਇਹ ਦੱਸਣਾ ਬਣਦਾ ਹੈ ਕਿ ਡਾ. ਕਲਸੀ ਦੀਆਂ ਇਸ ਸਮੇਂ ਬਾਲ-ਸਾਹਿਤ ਨਾਲ ਸੰਬੰਧਿਤ ਛੇ ਕਿਤਾਬਾਂ ਸਾਹਿਤ ਦੀ ਝੋਲੀ ਪੈ ਚੁੱਕੀਆਂ ਹਨ ਅਤੇ ਉਹ ਅਜੇ ਵੀ ਬਾਲ-ਸਾਹਿਤ ਨੂੰ ਲਿਖਣ ਲਈ ਲਗਾਤਾਰ ਕਿਰਿਆਸ਼ੀਲ ਹੈ।