ਸੰਗਰੂਰ ਜ਼ਿਲ੍ਹੇ ਦੇ ਕਿਸਾਨ ਵੱਡੀ ਗਿਣਤੀ 'ਚ ਕਿਸਾਨ-ਮੋਰਚਿਆਂ ਲਈ ਕਰਨਗੇ ਸ਼ਮੂਲੀਅਤ
ਦਲਜੀਤ ਕੌਰ ਭਵਾਨੀਗੜ੍ਹ
ਦਿੱਲੀ/ਸੰਗਰੂਰ, 17 ਨਵੰਬਰ, 2021 : ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੰਗਰੂਰ ਜਿਲ੍ਹੇ ਦੇ ਪ੍ਰਮੁੱਖ ਵਰਕਰਾਂ ਦੀ ਮੀਟਿੰਗ ਸਿੰਘੂ-ਬਾਰਡਰ 'ਤੇ ਜਥੇਬੰਦੀ ਦੇ ਜਨਰਲ-ਸਕੱਤਰ ਜਗਮੋਹ
ਨ ਸਿੰਘ ਪਟਿਆਲਾ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜਗਮੋਹਨ ਸਿੰਘ ਪਟਿਆਲਾ ਨੇ ਜਥੇਬੰਦੀ ਵੱਲੋਂ 26 ਨਵੰਬਰ ਨੂੰ ਕਿਸਾਨ-ਅੰਦੋਲਨ ਦੀ ਵਰ੍ਹੇਗੰਢ ਮੌਕੇ ਵੱਡੀ ਗਿਣਤੀ 'ਚ ਦਿੱਲੀ ਦੇ ਕਿਸਾਨ-ਮੋਰਚਿਆਂ 'ਚ ਸ਼ਮੂਲੀਅਤ ਕਰਨ ਲਈ ਤਿਆਰੀਆਂ 'ਤੇ ਚਰਚਾ ਕੀਤੀ। ਉਹਨਾਂ ਕਿਹਾ ਕਿ ਕਰੀਬ 665 ਕਿਸਾਨ ਸ਼ਹੀਦ ਹੋ ਚੁੱਕੇ ਹਨ, ਪਰ ਕੇਂਦਰ-ਸਰਕਾਰ ਦਾ ਤਾਨਾਸ਼ਾਹੀ ਰਵੱਈਆ ਜਾਰੀ ਹੈ। ਇਸ ਕਰਕੇ ਹੁਣ ਮੋਰਚਿਆਂ 'ਤੇ ਵਿਸ਼ਾਲ ਇਕੱਠ ਖੜ੍ਹਾ ਕਰਨਾ ਲੋੜੀਂਦਾ ਹੈ।
ਸ਼੍ਰੀ ਜਗਮੋਹਨ ਸਿੰਘ ਨੇ ਕਿਹਾ ਕਿ ਇਸ ਮਹੀਨੇ 26 ਤਰੀਕ ਨੂੰ ਦਿੱਲੀ ਮੋਰਚੇ ਦੀ ਪਹਿਲੀ ਵਰੇਗੰਢ ਹੈ। ਇਸ ਪ੍ਰੋਗਰਾਮ ਲਈ ਲਾਮਬੰਦੀ ਕਰਨ ਲਈ ਪਿੰਡਾਂ 'ਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਪਿੰਡਾਂ ਵਿਚ ਮੀਟਿੰਗਾਂ ਕਰਵਾਉਣ ਵਾਲੇ ਆਗੂਆਂ ਨੇ ਦੱਸਿਆ ਕਿ ਕਿਸਾਨ ਮਰਦ ਤੇ ਔਰਤਾਂ ਵਿੱਚ ਦਿੱਲੀ ਜਾਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਅੱਜ ਸਾਡੇ ਦੇਸ਼ ਦੇ ਸਭ ਤੋਂ ਨਿਆਰੇ ਕਿਸਾਨ ਸੰਘਰਸ਼ ਉਪਰ ਪੂਰੀ ਦੁਨੀਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਕਿਰਤੀ ਕਿਸਾਨ ਅਤੇ ਨੌਜਵਾਨ ਇਸ ਸੰਘਰਸ਼ ਦੀ ਜਿੰਦ-ਜਾਨ ਹਨ। ਜਿੱਥੇ ਦੇਸ਼ ਦੇ ਕਿਰਤੀ ਕਿਸਾਨਾਂ ਨੇ ਚਾਚਾ ਅਜੀਤ ਸਿੰਘ ਦੀ 'ਪੱਗੜੀ ਸੰਭਾਲ ਜੱਟਾ' ਲਹਿਰ ਦੀ ਵਿਰਾਸਤ ਨੂੰ ਸਾਂਭਿਆ ਹੋਇਆ ਹੈ ਉੱਥੇ ਦੇਸ਼ ਦੇ ਨੌਜਵਾਨਾਂ ਨੇ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਆਦਿ ਵਰਗੇ ਦਰਜਨਾਂ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਦੀ ਵਿਰਾਸਤ ਨੂੰ ਅੱਗੇ ਤੋਰਨ ਦਾ ਜਿੰਮਾ ਓਟਿਆ ਹੋਇਆ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਨੌਜਵਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਉਹ ਮੁੱਛ-ਫੁੱਟ ਨੌਜਵਾਨ ਸੀ ਜਿਸਨੇ ਦੇਸ਼ ਦੇ ਲੋਕਾਂ ਦੀ ਮੁਕਤੀ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਅੱਲ੍ਹੜ ਉਮਰ ਦਾ ਉਹ ਮਹਾਨ ਸ਼ਹੀਦ ਅੱਜ ਵੀ ਦੇਸ਼ ਦੇ ਕਿਰਤੀ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ। ਮੌਜੂਦਾ ਕਿਸਾਨ ਅੰਦੋਲਨ ਵਿੱਚ ਆਪਣਾ ਤਨ-ਮਨ-ਧਨ ਨਿਸ਼ਾਵਰ ਕਰਨ ਵਾਲੇ ਨੌਜਵਾਨਾਂ ਨੂੰ ਉਸ ਨੌਜਵਾਨ ਯੋਧੇ ਦੀ ਵਿਚਾਰਧਾਰਾ ਤੋਂ ਸੇਧ ਅਤੇ ਉਸਦੀ ਕੁਰਬਾਨੀ ਤੋਂ ਜਜ਼ਬਾ ਲੈ ਕੇ ਮੌਜੂਦਾ ਕਿਸਾਨ ਲਹਿਰ ਦੇ ਰੌਸ਼ਨ ਚਿਰਾਗ ਬਣਨਾ ਚਾਹੀਦਾ ਹੈ।