ਛੇਤੀ ਪਛਾਣ ਹੋਣ 'ਤੇ ਕੈਂਸਰ ਦਾ ਇਲਾਜ ਸੰਭਵ : ਡਾ. ਗੀਤਾਂਜਲੀ ਸਿੰਘ
- ਸੀਨੀਅਰ ਮੈਡੀਕਲ ਅਫ਼ਸਰ ਨੇ ਲੋਕਾਂ ਨੂੰ ਕੈਂਸਰ ਦੇ ਲੱਛਣ, ਪ੍ਰਭਾਵ ਤੇ ਬਚਾਅ ਦੇ ਤਰੀਕਿਆਂ ਬਾਰੇ ਦੱਸਿਆ
ਕਮਿਊਨਿਟੀ ਸਿਹਤ ਕੇਂਦਰ ਵਿਖੇ ਰਾਸ਼ਟਰੀ ਕੈਂਸਰ ਚੇਤਨਾ ਦਿਵਸ ਮਨਾਇਆ
ਨਵਾਂਸ਼ਹਿਰ, 6 ਨਵੰਬਰ 2021 :- ਸਿਵਲ ਸਰਜਨ ਡਾ. ਇੰਦਰਮੋਹਨ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਮੁੱਢਲਾ ਸਿਹਤ ਕੇਂਦਰ ਮੁਜ਼ੱਫਰਪੁਰ ਡਾ. ਗੀਤਾਂਜਲੀ ਸਿੰਘ ਦੀ ਯੋਗ ਅਗਵਾਈ ਹੇਠ ਕਮਿਊਨਿਟੀ ਸਿਹਤ ਕੇਂਦਰ, ਰਾਹੋਂ ਵਿਖੇ ਅੱਜ ਰਾਸ਼ਟਰੀ ਕੈਂਸਰ ਚੇਤਨਾ ਦਿਵਸ ਮਨਾਇਆ ਗਿਆ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੀਤਾਂਜਲੀ ਸਿੰਘ ਨੇ ਲੋਕਾਂ ਨੂੰ ਕੈਂਸਰ ਦੇ ਲੱਛਣ, ਪ੍ਰਭਾਵ ਤੇ ਬਚਾਅ ਦੇ ਤਰੀਕਿਆਂ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਛੇਤੀ ਪਛਾਣ ਹੋਣ ’ਤੇ ਇਲਾਜ ਨਾਲ ਕੈਂਸਰ ਠੀਕ ਹੋ ਸਕਦਾ ਹੈ ਅਤੇ ਹੁਣ ਕੈਂਸਰ ਦੀ ਬੀਮਾਰੀ ਲਾ-ਇਲਾਜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਕੈਂਸਰ ਵਰਗੀ ਬਿਮਾਰੀ ਦੇ ਖਾਤਮੇ ਲਈ ਹਰ ਸੰਭਵ ਯਤਨ ਕਰ ਰਿਹਾ ਹੈ ਅਤੇ ਇਸ ਬਿਮਾਰੀ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੈਂਸਰ ਦਾ ਮੁੱਢਲੀ ਅਵਸਥਾ ਵਿਚ ਪਤਾ ਲੱਗ ਜਾਵੇ ਤਾਂ 75 ਫ਼ੀਸਦੀ ਕੇਸਾਂ ਦਾ ਇਲਾਜ ਆਮ ਬਿਮਾਰੀ ਵਾਂਗ ਸੰਭਵ ਹੋ ਸਕਦਾ ਹੈ।
ਡਾ ਸਿੰਘ ਨੇ ਦੱਸਿਆ ਕਿ ਕੈਂਸਰ ਹੋਣ ਵਿੱਚ ਦੂਸ਼ਿਤ ਪਾਣੀ, ਦੂਸ਼ਿਤ ਹਵਾ, ਕੀੜੇਮਾਰ ਜ਼ਹਿਰੀਲੀਆਂ ਦਵਾਈਆਂ ਦੀ ਵਧੇਰੇ ਵਰਤੋਂ ਕਰਨ, ਵਧੇਰੇ ਫਾਸਟ ਫੂਡ, ਤਲਿਆ ਭੋਜਨ ਖਾਣ ਦੀਆਂ ਗਲਤ ਆਦਤਾਂ ਵੀ ਕਾਰਨ ਬਣ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜੋ ਵਿਅਕਤੀ ਤੰਬਾਕੂ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਮੂੰਹ ਦਾ ਕੈਂਸਰ ਹੋ ਸਕਦਾ ਹੈ ਅਤੇ ਜੋ ਵਿਅਕਤੀ ਸ਼ਰਾਬ ਪੀਂਦੇ ਹਨ, ਉਨ੍ਹਾਂ ਨੂੰ ਜਿਗਰ ਦਾ ਕੈਂਸਰ ਹੋਣ ਦੀ ਸੰਭਾਵਨਾ ਹੁੰਦੀ ਹੈ। ਕੈਂਸਰ ਦੀਆਂ ਮੁੱਖ ਕਿਸਮਾਂ ਵਿੱਚ ਮੂੰਹ, ਨੱਕ, ਕੰਨ, ਗਲੇ, ਹੱਡੀਆਂ, ਪੇਟ ਦੀਆਂ ਅੰਤੜੀਆਂ, ਖੂਨ ਅਤੇ ਔਰਤਾਂ ਵਿਚ ਛਾਤੀ ਦਾ ਕੈਂਸਰ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਾਨੂੰ ਨਸ਼ੇ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਜੇਕਰ ਕੋਈ ਜ਼ਖ਼ਮ ਠੀਕ ਨਹੀਂ ਹੁੰਦਾ, ਭੁੱਖ ਘੱਟ ਲੱਗਦੀ ਹੈ, ਬਿਨਾਂ ਵਜ੍ਹਾ ਭਾਰ ਘੱਟਦਾ ਹੈ ਜਾਂ ਹਮੇਸ਼ਾ ਕਬਜ਼ ਰਹਿੰਦੀ ਹੈ ਤਾਂ ਸਾਨੂੰ ਤਰੁੰਤ ਆਪਣਾ ਬਾਡੀ ਚੈਕਅੱਪ ਕਰਵਾਉਣਾ ਚਾਹੀਦਾ ਹੈ।
ਇਸ ਮੌਕੇ ਬਲਾਕ ਐਜੂਕੇਟਰ ਮਨਿੰਦਰ ਸਿੰਘ ਨੇ ਕਿਹਾ ਕਿ ਔਰਤਾਂ ਵਿਚ ਬ੍ਰੈਸਟ ਕੈਂਸਰ ਆਮ ਗੱਲ ਹੈ ਜਿਸ ਦਾ ਰੈਗੂਲਰ ਟੈਸਟਾਂ ਤੋਂ ਪਤਾ ਲੱਗ ਸਕਦਾ ਹੈ। ਜੇ ਛਾਤੀ ਦਾ ਰੰਗ ਬਦਲੇ ਜਾਂ ਉਸ ਵਿਚ ਗੰਢਾਂ ਮਹਿਸੂਸ ਹੋਣ ਤਾਂ ਬ੍ਰੈਸਟ ਕੈਂਸਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਘਰਾਂ ਵਿੱਚ ਪਹਿਲਾਂ ਮਾਂ-ਬਾਪ ਜਾਂ ਦਾਦਾ-ਦਾਦੀ ਨੂੰ ਕੈਂਸਰ ਹੋ ਚੁੱਕਾ ਹੋਵੇ, ਉਨ੍ਹਾਂ ਨੂੰ ਆਮ ਵਿਅਕਤੀਆਂ ਤੋਂ ਵੱਧ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਜੇ ਇਸ ਬੀਮਾਰੀ ਦਾ ਜਲਦੀ ਪਤਾ ਲੱਗ ਜਾਵੇ ਤਾਂ ਇਲਾਜ ਸੰਭਵ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਗੁਰਪਿੰਦਰ ਕੌਰ, ਡਾ ਭੁਵਨੀਸ਼ ਸ਼ਾਰਦਾ, ਬਲਾਕ ਐਜੂਕੇਟਰ ਸ. ਮਨਿੰਦਰ ਸਿੰਘ, ਨਰਸਿੰਗ ਅਫਸਰ ਊਸ਼ਾ ਕਿਰਨ, ਫਾਰਮੇਸੀ ਅਫ਼ਸਰ ਰਾਜਵਿੰਦਰ ਕੌਰ, ਏ ਐੱਨ ਐੱਮ ਹਰਜਿੰਦਰ ਸਿੰਘ ਅਤੇ ਕਮਲਜੀਤ ਕੌਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।