*ਵਿਤਕਰੇ ਤੋਂ ਅੱਕੇ 3442, 7654 ODL ਅਧਿਆਪਕਾਂ ਨੇ ਕੀਤਾ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ*
ਚੰਡੀਗੜ੍ਹ:- 17/11/2021
ਸਕੂਲ ਸਿੱਖਿਆ ਵਿਭਾਗ ਵਿਚ ਪਿਛਲੇ 10 ਸਾਲ ਤੋਂ ਨਿਗੂਣੀ ਤਨਖਾਹ ਤੇ ਕੰਮ ਕਰ ਰਹੇ 7654 ਅਤੇ 3442 ਭਰਤੀਆਂ ਦੇ ਅਧਿਆਪਕਾਂ ਨੇ ਰੈਗੂਲਰ ਕਰਨ ਦੀ ਮੰਗ ਲੈ ਕੇ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਪੰਜਾਬ ਭਵਨ ਵਿੱਚ ਸਰਕਾਰੀ ਰਿਹਾਇਸ਼ ਦਾ ਘਿਰਾਓ ਕੀਤਾ।
ਇਹਨਾਂ ਅਧਿਆਪਕਾਂ ਨੇ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਗਟਾਇਆ ਕਿ ਇਹਨਾਂ 100 ਦੇ ਕਰੀਬ ਅਧਿਆਪਕਾਂ ਦੇ ਰੈਗੂਲਰ ਆਰਡਰ ਸਿੱਖਿਆ ਵਿਭਾਗ ਨੇ ਪਿਛਲੇ 7 ਸਾਲ ਤੋਂ ਇਹ ਕਹਿ ਕੇ ਰੋਕ ਰੱਖੇ ਹਨ ਕਿ ਇਹਨਾਂ ਦੀਆਂ ਉੱਚ ਸਿੱਖਿਆ ਦੀਆਂ ਡਿਗਰੀਆਂ ਪੰਜਾਬ ਤੋਂ ਬਾਹਰ ਦੀਆਂ ਯੂਜੀਸੀ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਤੋਂ ਡਿਸਟੈਂਸ ਮੋਡ ਰਾਹੀਂ ਹਨ। ਜਦਕਿ ਦੂਸਰੇ ਪਾਸੇ ਸਾਬਕਾ ਮੁੱਖ ਮੰਤਰੀ ਸ੍ਰ. ਬੇਅੰਤ ਸਿੰਘ ਦੇ ਪੌਤਰੇ ਗੁਰਇਕਬਾਲ ਸਿੰਘ ਦੀ ਡਿਗਰੀ ਪੈਰੀਆਰ ਯੂਨੀਵਰਸਿਟੀ ਤਾਮਿਲਨਾਡੂ ਤੋਂ ਹੋਣ ਦੇ ਬਾਵਜੂਦ ਉਸਨੂੰ ਡੀਐਸਪੀ ਭਰਤੀ ਕੀਤਾ ਗਿਆ ਹੈ।
ਇਸ ਮੌਕੇ ਡੀਟੀਐਫ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਮੀਤ ਪ੍ਰਧਾਨ ਜਸਵਿੰਦਰ ਔਜਲਾ ਅਤੇ ਜਿਲ੍ਹਾ ਮਾਨਸਾ ਦੇ ਪ੍ਰਧਾਨ ਪਰਮਿੰਦਰ ਮਾਨਸਾ, ਐੱਸ. ਐੱਲ. ਏ. ਯੂਨੀਅਨ ਦੇ ਪ੍ਰਧਾਨ ਅਮਰਦੀਪ ਸਿੰਘ ਗੁਰਾਇਆ ਨੇ ਆਪਣੇ ਸਾਥੀਆਂ ਸਮੇਤ ਧਰਨੇ ਵਿੱਚ ਸ਼ਮੂਲੀਅਤ ਕੀਤੀ। ਧਰਨਾ ਦੇ ਰਹੇ ਅਧਿਆਪਕਾਂ ਦੇ ਆਗੂਆਂ ਬਲਜਿੰਦਰ ਸਿੰਘ ਗਰੇਵਾਲ, ਜਤਿੰਦਰ ਸਿੰਘ, ਪਰਮਿੰਦਰ ਸਿੰਘ ਨੇ ਸਿੱਖਿਆ ਮੰਤਰੀ ਪਰਗਟ ਸਿੰਘ ਤੋਂ ਮੰਗ ਕੀਤੀ ਉਨ੍ਹਾਂ ਦੇ ਹੱਕ ਵਿੱਚ ਆਏ ਮਾਨਯੋਗ ਹਾਈ ਕੋਰਟ ਦੇ ਫੈਂਸਲੇ ਨੂੰ ਪਿਛਲੇ ਦੋ ਸਾਲ ਤੋਂ ਲਟਕਾਉਣ ਦੀ ਬਜਾਇ ਲਾਗੂ ਕੀਤਾ ਜਾਵੇ ਅਤੇ ਜਿੱਥੇ ਉਹ ਹੋਰ ਸਾਰੇ ਅਧਿਆਪਕਾਂ ਦੇ ਮਸਲੇ ਹੱਲ ਕਰ ਰਹੇ ਹਨ, ਇਹਨਾਂ ਬਾਕੀ ਰਹਿੰਦੇ 100 ਕੁ ਅਧਿਆਪਕਾਂ ਨੂੰ ਵੀ ਤ੍ਰਿਪੁਰਾ ਸਰਕਾਰ ਦੀ ਤਰਜ਼ ਤੇ ਪਾਲਿਸੀ ਬਣਾ ਕੇ ਰੈਗੂਲਰ ਕਰਕੇ ਇਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ। ਸਿੱਖਿਆ ਮੰਤਰੀ ਪਰਗਟ ਸਿੰਘ ਨੇ ਯੂਨੀਅਨ ਆਗੂਆਂ ਨਾਲ ਮੌਕੇ ਤੇ ਮੀਟਿੰਗ ਕਰਕੇ ਮੰਗ ਪੱਤਰ ਲਿਆ ਅਤੇ ਮੁੱਖ ਮੰਤਰੀ ਸਾਬ੍ਹ ਨਾਲ ਮੀਟਿੰਗ ਕਰਕੇ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ। ਅਧਿਆਪਕਾਂ ਵੱਲੋਂ ਐਲਾਨ ਕੀਤਾ ਗਿਆ ਜੇਕਰ ਸਰਕਾਰ ਵੱਲੋਂ ਵਾਅਦਾ ਖਿਲਾਫੀ ਕੀਤੀ ਜਾਂਦੀ ਹੈ ਤਾਂ ਅਗਲੇ ਹਫਤੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।