ਮੋਹਾਲੀ, 13 ਅਕਤੂਬਰ,
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2021-22 ਲਈ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਸਮੇਤ ਓਪਨ ਸਕੂਲ ਲਈ ਟਰਮ-1 ਅਤੇ ਟਰਮ-2 ਦੀਆਂ ਪਰੀਖਿਆ ਫ਼ੀਸਾਂ ਅਤੇ ਪਰੀਖਿਆ ਫ਼ਾਰਮ ਪ੍ਰਾਪਤ ਕਰਨ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।
ਕੰਟਰੋਲਰ ਪਰੀਖਿਆਵਾਂ ਜੇ.ਆਰ.ਮਹਿਰੋਕ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਦਸਵੀਂ ਸ਼੍ਰੇਣੀ ਲਈ ਸੰਸਥਾਵਾਂ ਨੂੰ ਪ੍ਰਤੀ ਪਰੀਖਿਆਰਥੀ 800 ਰੁਪਏ ਪਰੀਖਿਆ ਫ਼ੀਸ ਦੇ ਨਾਲ 100 ਰੁਪਏ ਪ੍ਰਤੀ ਪ੍ਰਯੋਗੀ ਵਿਸ਼ਾ ਅਤੇ 350 ਰੁਪਏ ਪ੍ਰਤੀ ਵਾਧੂ ਵਿਸ਼ਾ ਫ਼ੀਸ ਭਰਨੀ ਹੋਵੇਗੀ। ਇਸੇ ਤਰ੍ਹਾਂ ਬਾਰ੍ਹਵੀਂ ਸ਼੍ਰੇਣੀ ਲਈ ਪ੍ਰਤੀ ਪਰੀਖਿਆਰਥੀ 1200 ਰੁਪਏ ਪਰੀਖਿਆ ਫ਼ੀਸ, 150 ਰੁਪਏ ਪ੍ਰਤੀ ਪ੍ਰਯੋਗੀ ਵਿਸ਼ਾ ਅਤੇ 350 ਰੁਪਏ ਪ੍ਰਤੀ ਵਾਧੂ ਵਿਸ਼ਾ ਫ਼ੀਸ ਨਿਰਧਾਰਤ ਕੀਤੀ ਗਈ ਹੈ। ਸੰਸਥਾਵਾਂ ਬਿਨਾਂ ਕਿਸੇ ਲੇਟ ਫ਼ੀਸ ਦੇ 29 ਅਕਤੂਬਰ 2021 ਤੱਕ ਬੈਂਕ ਚਲਾਣ ਜੈਨਰੇਟ ਕਰਕੇ 08 ਨਵੰਬਰ 2021 ਤੱਕ ਚਲਾਨ ਰਾਹੀਂ ਬੈਂਕ ਵਿੱਚ ਫ਼ੀਸ ਜਮ੍ਹਾਂ ਕਰਵਾ ਸਕਣਗੀਆਂ। ਪ੍ਰਤੀ ਪਰੀਖਿਆਰਥੀ 500 ਰੁਪਏ ਲੇਟ ਫ਼ੀਸ ਨਾਲ 08 ਨਵੰਬਰ 2021 ਤੱਕ ਬੈਂਕ ਚਲਾਨ ਜੈਨਰੇਟ ਕੀਤੇ ਜਾ ਸਕਣਗੇ ਅਤੇ 15 ਨਵੰਬਰ 2021 ਤੱਕ ਚਲਾਨ ਰਾਹੀਂ ਬੈਂਕ ਵਿੱਚ ਫ਼ੀਸ ਜਮ੍ਹਾਂ ਕਰਵਾਈਆਂ ਜਾ ਸਕਣਗੀਆਂ। ਪ੍ਰਤੀ ਪਰੀਖਿਆਰਥੀ 1000 ਰੁਪਏ ਲੇਟ ਫ਼ੀਸ ਨਾਲ 15 ਨਵੰਬਰ 2021 ਤੱਕ ਬੈਂਕ ਚਲਾਨ ਜੈਨਰੇਟ ਕਰਕੇ 22 ਨਵੰਬਰ 2021 ਤੱਕ ਚਲਾਨ ਰਾਹੀਂ ਬੈਂਕ ਵਿੱਚ ਫ਼ੀਸ ਜਮ੍ਹਾਂ ਕਰਵਾਈ ਜਾ ਸਕਦੀ ਹੈ। ਅੰਤ ਵਿੱਚ ਪ੍ਰਤੀ ਪਰੀਖਿਆਰਥੀ 2000 ਰੁਪਏ ਲੇਟ ਫ਼ੀਸ ਨਾਲ 22 ਨਵੰਬਰ 2021 ਤੱਕ ਬੈਂਕ ਚਲਾਨ ਜੈਨਰੇਟ ਕਰਕੇ 29 ਨਵੰਬਰ 2021 ਤੱਕ ਚਲਾਨ ਰਾਹੀਂ ਬੈਂਕ ਵਿੱਚ ਫ਼ੀਸ ਜਮ੍ਹਾਂ ਕਰਵਾਈ ਜਾ ਸਕੇਗੀ।
ਕੰਟਰੋਲਰ ਪਰੀਖਿਆਵਾਂ ਅਨੁਸਾਰ ਪਰੀਖਿਆ ਫ਼ੀਸ ਕੇਵਲ ਬੈਂਕ ਚਲਾਨ ਰਾਹੀਂ ਹੀ ਜਮ੍ਹਾਂ ਕਰਵਾਈ ਜਾ ਸਕੇਗੀ। ਬੈਂਕ ਚਲਾਨ ਤੇ ਦਰਜ ਵੈਲਿਡ ਮਿਤੀ ਤੱਕ ਹੀ ਪਰੀਖਿਆ ਫ਼ੀਸ ਭਰਨੀ ਲਾਜ਼ਮੀ ਹੈ। ਵੈਲਿਡ ਮਿਤੀ ਲੰਘ ਜਾਣ ’ਤੇ ਲੇਟ ਫ਼ੀਸ ਨਾਲ ਚਲਾਨ ਦੁਬਾਰਾ ਜੈਨਰੇਟ ਕਰਨਾ ਹੋਵੇਗਾ। ਓਪਨ ਸਕੂਲ ਪ੍ਰਣਾਲੀ ਅਧੀਨ ਪਰੀਖਿਆ ਦੇਣ ਵਾਲੇ ਪਰੀਖਿਆਰਥੀਆਂ ਦੀ ਪਰੀਖਿਆ ਫ਼ੀਸ ਦਾਖਲਾ ਫ਼ੀਸ ਦੇ ਨਾਲ ਹੀ ਲਈ ਜਾਂਦੀ ਹੈ ਇਸ ਲਈ ਵੱਖਰੇ ਤੌਰ ਤੇ ਕੋਈ ਪਰੀਖਿਆ ਫ਼ੀਸ ਨਹੀਂ ਲਈ ਜਾਵੇਗੀ ਅਤੇ ਇਸ ਪ੍ਰਣਾਲੀ ਤਹਿਤ ਜਿਹੜੇ ਪਰੀਖਿਆਰਥੀ ਹੁਣ ਦਾਖਲਾ ਭਰਨਗੇ, ਉਹਨਾਂ ਲਈ ਪਰੀਖਿਆ ਫ਼ੀਸਾਂ ਦਾ ਸ਼ਡਿਊਲ ਉਕਤ ਵਾਲਾ ਹੀ ਰਹੇਗਾ। ਸੰਸਥਾਵਾਂ ਲਈ ਓਪਨ ਸਕੂਲ ਪ੍ਰਣਾਲੀ ਦੇ ਪਰੀਖਿਆ ਫ਼ਾਰਮ ਖ਼ੇਤਰੀ ਦਫ਼ਤਰ/ਮੁੱਖ ਦਫ਼ਤਰ ਵਿਖੇ ਜਮ੍ਹਾਂ ਕਰਵਾਉਣੇ ਲਾਜ਼ਮੀ ਹੋਣਗੇ। ਕੰਟਰੋਲਰ ਪਰੀਖਿਆਵਾਂ ਨੇ ਸੰਸਥਾ ਮੁਖੀਆਂ ਦੀ ਸੂਚਨਾ ਹਿਤ ਦੱਸਿਆ ਕਿ ਸਿੱਖਿਆ ਬੋਰਡ ਵੱਲੋਂ ਟਰਮ-1 ਅਤੇ ਟਰਮ-2 ਲਈ ਪਰੀਖਿਆ ਫ਼ੀਸ ਇਕੱਠੀ ਹੀ ਲਈ ਜਾ ਰਹੀ ਹੈ। ਦੂਜੀ ਟਰਮ ਲਈ ਕੋਈ ਪਰੀਖਿਆ ਫ਼ੀਸ ਨਹੀਂ ਲਈ ਜਾਵੇਗੀ।
ਪਰੀਖਿਆਵਾਂ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕੰਟਰੋਲਰ ਪਰੀਖਿਆਵਾਂ ਨੇ ਕਿਹਾ ਕਿ ਜਿਹੜੇ ਪਰੀਖਿਆਰਥੀ ਪਰੀਖਿਆ ਪਾਸ ਕਰਨ ਉਪਰੰਤ ਸਰਟੀਫ਼ਿਕੇਟ ਦੀ ਹਾਰਡ ਕਾਪੀ ਲੈਣਾ ਚਾਹੁੰਦੇ ਹਨ, ਉਹ ਇਸ ਸਬੰਧੀ ਪਰੀਖਿਆ ਫ਼ਾਰਮ ਵਿੱਚ ਮੌਜੂਦ ਆਪਸ਼ਨ ਟਿੱਕ ਕਰਨਗੇ ਅਤੇ ਹਾਰਡ ਕਾਪੀ ਲਈ 100 ਰੁਪਏ ਪ੍ਰਤੀ ਪਰੀਖਿਆਰਥੀ ਫ਼ੀਸ ਵਸੂਲ ਕੀਤੀ ਜਾਵੇਗੀ। ਸੰਸਥਾਵਾਂ ਵੱਲੋਂ ਪਰੀਖਿਆਰਥੀਆਂ ਦੀ ਰਜਿਸਟ੍ਰੇਸ਼ਨ ਕਰਦੇ ਸਮੇਂ ਜੋ ਮੀਡੀਅਮ ਦਰਜ ਕੀਤਾ ਗਿਆ ਹੈ, ਕੇਵਲ ਉਸੇ ਮੀਡੀਅਮ ਦੇ ਹੀ ਸਾਰੇ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਪਰੀਖਿਆ ਕੇਂਦਰ ਵਿੱਚ ਭੇਜੇ ਜਾਣਗੇ।
PSEB 1ST TERM EXAM : ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਲਈ ਸਿਲੇਬਸ ਅਤੇ ਪੇਪਰ ਪੈਟਰਨ ਜਾਰੀ, ਡਾਊਨਲੋਡ ਕਰੋ