ਭਿ੍ਰਸ਼ਟਾਚਾਰ ਦੇ ਖ਼ਾਤਮੇ ਲਈ ਮਿਲ ਕੇ ਹੰਭਲਾ ਮਾਰਨ ਦੀ ਲੋੜ-ਦਲਜਿੰਦਰ ਸਿੰਘ ਢਿੱਲੋਂ
*ਕਿਹਾ, ਰਿਸ਼ਵਤ ਦੀ ਮੰਗ ਕਰਨ ਵਾਲਿਆਂ ਦੀ ਸੂਚਨਾ ਫੌਰਨ ਵਿਜੀਲੈਂਸ ਵਿਭਾਗ ਨੂੰ ਦਿੱਤੀ ਜਾਵੇ
*ਰਿਸ਼ਵਤ ਲੈਣਾ ਤੇ ਰਿਸ਼ਵਤ ਦੇਣਾ ਦੋਵੇਂ ਜ਼ੁਰਮ-ਜਸਬੀਰ ਸਿੰਘ
*ਵਿਜੀਲੈਂਸ ਬਿਊਰੋ ਵੱਲੋਂ ਭਿ੍ਰਸ਼ਟਾਚਾਰ ਖਿਲਾਫ਼ ਜ਼ਿਲਾ ਪੱਧਰੀ ਜਾਗਰੂਕਤਾ ਸੈਮੀਨਾਰ
ਨਵਾਂਸ਼ਹਿਰ, 29 ਅਕਤੂਬਰ :
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸੂਬੇ ਵਿਚੋਂ ਭਿ੍ਰਸ਼ਟਾਚਾਰ ਦੇ ਖਾਤਮੇ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਇਹ ਮੁਹਿੰਮ ਤਾਂ ਹੀ ਕਾਮਯਾਬ ਹੋ ਸਕਦੀ ਹੈ ਜੇਕਰ ਸਮਾਜ ਦੇ ਸਾਰੇ ਵਰਗ ਮਿਲ ਕੇ ਹੰਭਲਾ ਮਾਰਨ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਐਸ. ਐਸ. ਪੀ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਸ. ਦਲਜਿੰਦਰ ਸਿੰਘ ਢਿੱਲੋਂ ਨੇ ਵਿਜੀਲੈਂਸ ਜਾਗਰੂਕਤਾ ਹਫ਼ਤੇ ਤਹਿਤ ਵਿਜੀਲੈਂਸ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਾਂਝੇ ਤੌਰ ’ਤੇ ਭਿ੍ਰਸ਼ਟਾਚਾਰ ਖਿਲਾਫ਼ ਕਰਵਾਏ ਜ਼ਿਲਾ ਪੱਧਰੀ ਜਾਗਰੂਕਤਾ ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਕੀਤਾ। ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਡੀ. ਐਸ. ਪੀ ਵਿਜੀਲੈਂਸ ਸ਼ਹੀਦ ਭਗਤ ਸਿੰਘ ਨਗਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਐਸ. ਪੀ (ਸਥਾਨਕ) ਮਨਵਿੰਦਰ ਬੀਰ ਸਿੰਘ ਤੋਂ ਇਲਾਵਾ ਹੋਰਨਾਂ ਸਿਵਲ ਤੇ ਪੁਲਿਸ ਅਧਿਕਾਰੀਆਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਵਿਜੀਲੈਂਸ ਜਾਗਰੂਕਤਾ ਹਫ਼ਤਾ ਲੋਹ ਪੁਰਸ਼ ਵੱਲਭ ਭਾਈ ਪਟੇਲ ਦੇ ਜਨਮ ਦਿਹਾੜੇ ਨੂੰ ਮੁੱਖ ਰੱਖ ਕੇ ਮਨਾਇਆ ਜਾਂਦਾ ਹੈ। ਭਿ੍ਰਸ਼ਟਾਚਾਰ ਬਾਰੇ ਗੱਲ ਕਰਦਿਆਂ ਉਨਾਂ ਕਿਹਾ ਕਿ ਸਮਾਜ ਦੇ ਹਰ ਵਰਗ ਖਾਸ ਕਰਕੇ ਨੌਜਵਾਨ ਵਰਗ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਬੁਰਾਈ ਨੂੰ ਜੜ ਤੋਂ ਖ਼ਤਮ ਕਰਨ ਲਈ ਅੱਗੇ ਆਉਣ। ਉਨਾਂ ਕਿਹਾ ਕਿ ਨੋਰੋਏ ਸਿਹਤਮੰਤ ਤੇ ਭਿ੍ਰਸ਼ਟਾਚਾਰ ਮੁਕਤ ਸਮਾਜ ਦੀ ਸਿਰਜਣਾ ਲਈ ਸਾਨੂੰ ਆਪਣੀ ਜਿੰਮੇਵਾਰੀ ਸਮਝਦਿਆਂ ਕ੍ਰਾਂਤੀਕਾਰੀ ਬਣਨਾ ਪੈਣਾ ਹੈ। ਉਨਾਂ ਕਿਹਾ ਕਿ ਇਸ ਦੇ ਖ਼ਾਤਮੇ ਲਈ ਸਾਰੇ ਸਬੰਧਤ ਪੱਖਾਂ, ਜਿਵੇਂ ਕਿ ਸਰਕਾਰ, ਨਾਗਰਿਕਾਂ ਅਤੇ ਨਿੱਜੀ ਖੇਤਰ ਨੂੰ ਇਕੱਠਿਆਂ ਮਿਲ ਕੇ ਕੰਮ ਕਰਨ ਦੀ ਲੋੜ ਹੈ। ਉਨਾਂ ਵਿਜੀਲੈਂਸ ਬਿਊਰੋ ਪੰਜਾਬ ਦੇ ਕਾਰਜਾਂ, ਜਿੰਮੇਵਾਰੀਆਂ, ਕਾਨੂੰਨੀ ਪੱਖਾਂ ਅਤੇ ਇਸ ਦੀ ਕਾਰਜਸ਼ੈਲੀ ਬਾਰੇ ਵਿਸਥਾਰ ਨਾਲ ਚਾਨਣਾ ਪਾਉਂਦਿਆਂ ਦੱਸਿਆ ਕਿ ਜੇਕਰ ਕਿਸੇ ਵੀ ਮਹਿਕਮੇ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਸਰਕਾਰੀ ਕੰਮ ਕਰਨ ਬਦਲ ਕਿਸੇ ਵੀ ਕਿਸਮ ਦੀ ਰਿਸ਼ਵਤ (ਗਿਫਟ ਜਾਂ ਪੈਸੇ) ਦੀ ਮੰਗ ਕਰਦਾ ਹੈ ਤਾਂ ਡੀ. ਐਸ. ਪੀ ਵਿਜੀਲੈਂਸ ਸ਼ਹੀਦ ਭਗਤ ਸਿੰਘ ਨਗਰ ਸੁਖਵਿੰਦਰ ਸਿੰਘ ਨੂੰ ਸੂਚਿਤ ਕੀਤਾ ਜਾ ਸਕਦਾ ਹੈ ਜਾਂ ਵਿਭਾਗ ਦੇ ਟੋਲ ਫਰੀ ਨੰਬਰ 1800-1800-1000 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵਿਭਾਗ ਦੀ ਈਮੇਲ ਆਈ. ਡੀ ੨0.. ’ਤੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਉਨਾਂ ਕਿਹਾ ਕਿ ਜੇਕਰ ਅਸੀਂ ਰਿਸ਼ਵਤ ਦੀ ਬਿਮਾਰੀ ਨੂੰ ਖ਼ਤਮ ਕਰਨਾ ਹੈ ਤਾਂ ਸਾਨੂੰ ਆਪ ਅੱਗੇ ਆਉਣਾ ਪਵੇਗਾ ਅਤੇ ਆਪਣੇ ਜ਼ਮੀਰ ਨੂੰ ਜਗਾਉਣਾ ਪਵੇਗਾ।
ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ ਨੇ ਇਸ ਮੌਕੇ ਭਿ੍ਰਸ਼ਟਾਚਾਰ ਖਿਲਾਫ਼ ਡਟਣ ਦਾ ਸੱਦਾ ਦਿੰਦਿਆਂ ਕਿਹਾ ਕਿ ਰਿਸ਼ਵਤ ਲੈਣਾ ਅਤੇ ਰਿਸ਼ਵਤ ਦੇਣਾ ਦੋਵੇਂ ਜ਼ੁਰਮ ਹਨ ਅਤੇ ਸਾਨੂੰ ਇਸ ਦੇ ਖ਼ਾਤਮੇ ਲਈ ਆਪਣੇ ਆਪ ਤੋਂ ਹੀ ਪਹਿਲ ਕਰਨੀ ਹੋਵੇਗੀ। ਉਨਾਂ ਵਿਜੀਲੈਂਸ ਵੱਲੋਂ ਭਿ੍ਰਸ਼ਟਾਚਾਰ ਖਿਲਾਫ਼ ਵਿੱਢੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮੁਹਿੰਮ ਦੀ ਕਾਮਯਾਬੀ ਲਈ ਜਨਤਾ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ।
ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਪਹੰੁਚੇ ਬੁੱਧੀਜੀਵੀ ਤੇ ਲੇਖਕ ਇੰਦਰਜੀਤ ਸਿੰਘ ਨੇ ਭਿ੍ਰਸ਼ਟਾਚਾਰ ਦੇ ਕਾਰਨਾਂ ਅਤੇ ਇਸ ਦੇ ਖ਼ਾਤਮੇ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਬੱਚਿਆਂ ਨੂੰ ਸ਼ੁਰੂ ਤੋਂ ਹੀ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨ ਦਾ ਸੱਦਾ ਦਿੱਤਾ। ਉਨਾਂ ਦੱਸਿਆ ਕਿ ਭਿ੍ਰਸ਼ਟਾਚਾਰ ਸਾਡੀ ਜ਼ਿੰਦਗੀ ਵਿਚ ਕੀਤੀਆਂ ਛੋਟੀਆਂ-ਛੋਟੀਆਂ ਗ਼ਲਤੀਆਂ ਤੋਂ ਸ਼ੁਰੂ ਹੁੰਦਾ ਹੈ, ਇਸ ਲਈ ਉਦੋਂ ਹੀ ਇਸ ਨੂੰ ਰੋਕਣਾ ਚਾਹੀਦਾ ਹੇ।
ਇਸ ਮੌਕੇ ਸਕੂਲ ਦੀ ਦਸਵੀਂ ਦੀ ਵਿਦਿਆਰਥਣ ਅਮਰਜੀਤ ਕੌਰ ਨੇ ਵੀ ਭਿ੍ਰਸ਼ਟਾਚਾਰ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਸਕੂਲ ਦੇ ਬੱਚਿਆਂ ਵੱਲੋਂ ਸ਼ਬਦ ਗਾਇਨ ਨਾਲ ਸਮਾਗਮ ਦੀ ਆਰੰਭਤਾ ਹੋਈ ਅਤੇ ਰਾਸ਼ਟਰੀ ਗਾਣ ਨਾਲ ਸਮਾਗਮ ਸਫਲਤਾ ਪੂਰਵਕ ਨੇਪਰੇ ਚੜਿਆ। ਇਸ ਤੋਂ ਪਹਿਲਾਂ ਸਕੂਲ ਪਹੁੰਚਣ ’ਤੇ ਪਿ੍ਰੰਸੀਪਲ ਡਾ. ਦਰਸ਼ਨ ਸਿੰਘ ਵੱਲੋਂ ਸਮੂਹ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਟੇਜ ਸੰਚਾਲਨ ਦੀ ਜਿੰਮੇਵਾਰੀ ਜ਼ਿਲਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ ਵੱਲੋਂ ਨਿਭਾਈ ਗਈ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਕੈਪਸ਼ਨਾਂ :
ਵਿਜੀਲੈਂਸ ਜਾਗਰੂਕਤਾ ਸਬੰਧੀ ਜ਼ਿਲਾ ਪੱਧਰੀ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਐਸ. ਐਸ. ਪੀ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਦਲਜਿੰਦਰ ਸਿੰਘ ਢਿੱਲੋਂ |