ਸਕੂਲਾਂ ਤੋਂ ਬਾਅਦ ਹੁਣ ਕ੍ਰਿਸ਼ਨ ਕੁਮਾਰ ਦੀ ਕਾਲਜਾਂ ਚ ਹਲਚਲ
ਵਰ੍ਹਿਆਂ ਤੋਂ ਨਿਗੂਣੀਆਂ ਤਨਖਾਹਾਂ ਲੈ ਰਹੇ ਪ੍ਰੋਫੈਸਰਾਂ ਨੂੰ ਨਵੇ ਉਚੇਰੀ ਸਿੱਖਿਆ ਸਕੱਤਰ ਤੋਂ ਵੱਡੀਆਂ ਆਸਾਂ
ਚੰਡੀਗੜ੍ਹ 8 ਅਕਤੂਬਰ (ਹਰਦੀਪ ਸਿੰਘ ਸਿੱਧੂ) ਸਕੂਲ ਸਿੱਖਿਆ ਵਿਭਾਗ ਤੋਂ ਬਾਅਦ ਹੁਣ ਪੰਜਾਬ ਦੇ ਚਰਚਿਤ ਆਈ ਏ ਐੱਸ ਅਧਿਕਾਰੀ ਕ੍ਰਿਸ਼ਨ ਕੁਮਾਰ ਨੇ ਉਚੇਰੀ ਸਿੱਖਿਆ ਸਕੱਤਰ ਵਜੋਂ ਅਹੁਦਾ ਸੰਭਾਲਿਆ ਹੈ,ਸਕੂਲਾਂ ਵਾਂਗ ਹੁਣ ਕਾਲਜਾਂ ਚ ਵੀ ਹਲਚਲ ਸ਼ੁਰੂ ਹੋ ਗਈ ਹੈ। ਹੁਣ ਸਰਕਾਰੀ ਸਕੂਲਾਂ ਤੋਂ ਬਾਅਦ ਕਾਲਜਾਂ ਦਾ ਵੀ ਮੂੰਹ ਮੁਹਾਂਦਰਾਂ ਬਦਲੇਗਾ,ਹੁਣ ਕਾਲਜਾਂ ਵਿੱਚ ਕਾਲਜ ਲੱਗਣ ਦੀ ਘੰਟੀ ਵੱਜੇਗੀ,ਠੀਕ ਸਮੇਂ 'ਤੇ ਕਾਲਜ ਲੱਗੇਗਾ,ਠੀਕ ਸਮੇਂ 'ਤੇ ਛੁੱਟੀ ਦੀ ਘੰਟੀ ਖੜਕੇ ਗਈ, ਪ੍ਰੋਫੈਸਰ ਠੀਕ ਸਮੇਂ 'ਤੇ ਕਾਲਜ ਆਉਣਗੇ ,ਠੀਕ ਸਮੇਂ 'ਤੇ ਵਾਪਸ ਜਾਣਗੇ, ਹੁਣ ਕਾਲਜਾਂ ਚ ਪਹਿਲਾ ਵਰਗੇ ਨਜ਼ਾਰੇ ਨਹੀ ਹੋਣਗੇ, ਕਿ ਕਦੋ ਮਰਜ਼ੀ ਪ੍ਰੋਫੈਸਰ ਸਾਹਿਬ ਆ ਗਏ ਜਾਂ ਚਲੇ ਗਏ, ਹੁਣ ਕਾਲਜਾਂ ਦਾ ਮਹੌਲ ਬਦਲੇਗਾ, ਵਿਦਿਆਰਥੀ ਵੀ ਹੋਲੀ ਹੋਲੀ ਸਮੇਂ ਸਿਰ ਆਉਣਗੇ, ਕਾਲਜਾਂ ਚ ਪ੍ਰੋਫੈਸਰਾਂ ਦੀਆਂ ਹੱਕੀ ਮੰਗਾਂ ਮਸਲੇ ਵੀ ਹੱਲ ਹੋਣ ਦੇ ਅਸਾਰ ਬਣੇ ਨੇ,ਮਾਪੇ ਖੁਸ਼ ਨੇ ਕਿ ਉਨ੍ਹਾਂ ਦੇ ਕਾਲਜੀਏਟ ਬੱਚਿਆਂ ਦਾ ਭਵਿੱਖ ਸੁਨਹਿਰੀ ਹੋਵੇਗਾ।
ਲੰਬੇ ਸਮੇਂ ਤੋ ਰੈਗੂਲਰ ਭਰਤੀ ਨਾ ਹੋਣ ਕਾਰਨ ਕਈ ਤਰ੍ਹਾਂ ਦੀਆਂ ਆਰਜੀ ਭਰਤੀਆਂ ਚ ਉਲਝੇ ਉੱਚ ਯੋਗਤਾ ਪ੍ਰਾਪਤ ਪ੍ਰੋਫੈਸਰ ਨਵੇਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਹਰ ਬਾਤ ਮੰਨਣ ਨੂੰ ਤਿਆਰ ਨੇ,ਪਰ ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਿਆ ਸਕੱਤਰ ਉਨ੍ਹਾਂ ਦੀ ਬੇੜੀ ਵੀ ਪਾਰ ਲਾ ਦੇਵੇ, ਪ੍ਰੋਫੈਸਰ ਸਾਹਿਬਾਨਾਂ ਦਾ ਕਹਿਣਾ ਹੈ ਕਿ ਅਸੀਂ ਬਹੁਤ ਸਾਰੇ ਅਧਿਆਪਕਾਂ ਤੋਂ ਸੁਣਿਆ ਹੈ ਕਿ ਉਹ ਹੱਕੀ ਮਸਲਿਆਂ ਦੇ ਨਬੇੜੇ ਲਈ ਭੋਰਾ ਭਰ ਵੀ ਦੇਰੀ ਨੀ ਕਰਦੇ, ਪ੍ਰੋਫੈਸਰ ਸਾਹਿਬਾਨਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਭਵਿੱਖ ਦੀ ਚਿੰਤਾ ਮੁਕ ਜਾਵੇ, ਤਾਂ ਫਿਰ ਉਹ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਵੀ ਕੋਈ ਕਸਰ ਨਹੀਂ ਛੱਡਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਕ੍ਰਿਸ਼ਨ ਕੁਮਾਰ ਉਨ੍ਹਾਂ ਦੇ ਭਵਿੱਖ ਲਈ ਵੀ ਵਰਦਾਨ ਸਾਬਤ ਹੋਣਗੇ। ਉਚੇਰੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਤਾਜਾ ਹੁਕਮਾਂ ਨੇ ਕਾਲਜਾਂ ਚ ਹਲਚਲ ਪੈਦਾ ਕਰ ਦਿੱਤੀ ਹੈ,ਇਨ੍ਹਾਂ ਹੁਕਮਾਂ ਤਹਿਤ ਕਾਲਜ ਸਵੇਰੇ 9 ਵਜੇ ਲੱਗਣਗੇ, ਅਤੇ 3 ਵਜੇ ਜਾਂ ਜੋ ਸਮਾਂ ਛੁੱਟੀ ਦਾ ਹੋਵੇਗਾ, ਉਸ ਮੁਤਾਬਿਕ ਛੁੱਟੀ ਹੋਵੇਗੀ। ਗੈਸਟ ਫੈਕਲਟੀ ਕਾਲਜ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਪ੍ਰੋ ,ਰਵਿੰਦਰ ਸਿੰਘ,ਪ੍ਰੋ ਕੁਲਦੀਪ ਚੌਹਾਨ ਦਾ ਕਹਿਣਾ ਹੈ ਕਿ ਇਹ ਚੰਗੀ ਗੱਲ ਹੈ ਕਿ ਪੰਜਾਬ ਦੇ ਕਾਲਜਾਂ ਚ ਇਕ ਚੰਗਾ ਮਹੌਲ ਬਣੇਗਾ, ਉਹ ਹਰ ਤਰ੍ਹਾਂ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਸਮਰਪਿਤ ਹਨ,ਪਰ ਉਨ੍ਹਾਂ ਦਾ ਭਵਿੱਖ ਵੀ ਜੇਕਰ ਸਵਾਰ ਦਿੱਤਾ ਜਾਵੇ,ਜੇਕਰ ਉਨ੍ਹਾਂ ਦੇ ਆਪਣੇ ਬੱਚਿਆ ਦਾ ਭਵਿੱਖ ਹਨ ਡਾਵਾਂਡੋਲ ਹੋ ਗਿਆ ਤਾਂ ਉਹ ਹੋਰਨਾਂ ਲਈ ਕਿਵੇਂ ਹੌਸਲਾ ਜਟਾਉਣਗੇ। ਜਿਸ ਕਰਕੇ ਉਨ੍ਹਾਂ ਦੀਆਂ ਹੱਕੀ ਮੰਗਾਂ ਲਈ ਵੀ ਸਰਕਾਰ ਨੂੰ ਗੰਭੀਰਤਾ ਨਾਲ ਸੋਚਣਾ ਪਵੇਗਾ।