ਚੰਡੀਗੜ੍ਹ: ਮੌਸਮ ਵਿਭਾਗ ਵੱਲੋਂ 16 ਅਕਤੂਬਰ ਸ਼ਾਮ
ਅਤੇ 17-18 ਅਕਤੂਬਰ ਨੂੰ ਪੰਜਾਬ 'ਚ ਭਾਰੀ ਬਾਰਿਸ਼
ਦੀ ਉਮੀਦ ਜਤਾਈ ਹੈ।17 ਅਕਤੂਬਰ ਨੂੰ ਠੰਡੀਆਂ ਤੇਜ
ਪੂਰਬੀ ਹਵਾਵਾਂ ਨਾਲ ਪੰਜਾਬ ਦੇ ਅੱਧੇ ਤੋਂ ਵੱਧ ਇਲਾਕੇ 'ਚ
ਤਕੜੇ ਗਰਜ-ਲਿਸ਼ਕ ਵਾਲੇ ਬੱਦਲ ਮੁੜ-ਮੁੜ ਬਣਦੇ
ਰਹਿਣਗੇ ਤੇ ਸੰਘਣੀ ਬੱਦਲਵਾਹੀ ਹੇਠ ਲਗਾਤਾਰ ਭਾਰੀ
ਬਾਰਿਸ਼ ਜਾਰੀ ਰਹੇਗੀ।
18 ਅਕਤੂਬਰ ਨੂੰ ਇਹ ਸਥਿਤੀ
ਸਿਰਫ਼ ਪੂਰਬੀ ਪੰਜਾਬ ਤੱਕ ਸੀਮਿਤ ਰਹੇਗੀ। ਇਸ ਦੌਰਾਨ
ਘੱਟੋ-ਘੱਟ ਪਾਰਾ 16-20°c ਤੇ ਵੱਧੋ-ਵੱਧ ਪਾਰਾ 22-
25°c ਦਰਮਿਆਨ ਰਹੇਗਾ, ਜਿਸ ਕਾਰਨ ਮੀਂਹ ਆਲੇ
ਖੇਤਰ ‘ਚ ਪੂਰੀ ਠੰਡ ਮਹਿਸੂਸ ਹੋਵੇਗੀ।
ਚੰਡੀਗੜ੍ਹ, ਮੋਹਾਲੀ, ਰੋਪੜ, ਫ਼ਤਹਿਗੜ੍ਹ ਸਾਹਿਬ,
ਪਟਿਆਲਾ, ਅੰਬਾਲਾ, ਕੁਰਛੇਤਰ, ਕਰਨਾਲ, ਕੈਥਲ,
ਯਮੁਨਾਨਗਰ, ਪੰਚਕੂਲਾ ਜਿਲ੍ਹਿਆਂ 'ਚ 17/18
ਅਕਤੂਬਰ ਨੂੰ ਭਾਰੀ ਤੋਂ ਭਾਰੀ ਬਾਰਿਸ਼ ਦੇ 80-90%
ਆਸਾਰ ਹਨ, ਇੱਥੇ ਬਹੁਤੀ ਥਾਂ 50 ਤੋਂ 150 ਮਿਲੀਮੀਟਰ
ਬਾਰਿਸ਼ ਹੋ ਸਕਦੀ ਹੈ, 2-4 ਤਹਿਸੀਲਾਂ 'ਚ ਤਕੜੇ
ਮਾਨਸੂਨੀ ਸਿਸਟਮ ਵਾਂਗੂ ਰਿਕਾਰਡਤੋੜ 200-300
ਮਿਲੀਮੀਟਰ ਮੀਂਹ ਵੀ ਪੈ ਸਕਦਾ ਹੈ।
ਸੰਗਰੂਰ, ਲੁਧਿਆਣਾ, ਨਵਾਂਸ਼ਹਿਰ, ਹੁਸ਼ਿਆਰਪੁਰ,
ਫਗਵਾੜਾ, ਜਲੰਧਰ, ਮਲੇਰਕੋਟਲਾ, ਮਾਨਸਾ, ਬਰਨਾਲਾ,
ਫ਼ਤਿਹਾਬਾਦ ਜਿਲ੍ਹਿਆਂ 'ਚ ਦਰਮਿਆਨੀ ਤੋਂ ਭਾਰੀ ਜਾਂ
ਕਿਤੇ-ਕਿਤੇ ਬਹੁਤ ਭਾਰੀ ਮੀਂਹ ਪੈ ਸਕਦਾ ਹੈ। ਇਨ੍ਹਾਂ
ਜਿਲ੍ਹਿਆਂ 'ਚ ਬਹੁਤੀ ਥਾਂ 25 ਤੋਂ 100 ਮਿਲੀਮੀਟਰ ਤੱਕ
ਬਾਰਿਸ਼ ਪੈਣ ਦੇ 60-70% ਆਸਾਰ ਹਨ।
ਗੁਰਦਾਸਪੁਰ, ਪਠਾਨਕੋਟ, ਕਪੂਰਥਲਾ, ਮੋਗਾ, ਬਠਿੰਡਾ,
ਅੰਮ੍ਰਿਤਸਰ ਤੇ ਤਰਨਤਾਰਨ ਜਿਲ੍ਹਿਆਂ 'ਚ 40-50%
ਆਸਾਰ ਹਨ। ਇਨ੍ਹਾਂ ਇਲਾਕਿਆਂ ਦੇ ਪੱਛਮੀ ਖੇਤਰਾਂ 'ਚ
ਹਲਚਲ ਪੂਰਬ ਨਾਲੋਂ ਘੱਟ ਜਾਂ ਨਾ ਬਰਾਬਰ ਰਹਿ ਸਕਦੀ
ਹੈ। ਇਸ ਤੋਂ ਇਲਾਵਾ, ਫਿਰੋਜ਼ਪੁਰ, ਮੁਕਤਸਰ ਸਾਹਿਬ,
ਫਾਜ਼ਿਲਕਾ, ਸਿਰਸਾ, ਹਨੂੰਮਾਨਗੜ੍ਹ ਤੇ ਗੰਗਾਨਗਰ
ਜਿਲ੍ਹਿਆਂ 'ਚ ਆਸਾਰ ਘੱਟ ਹਨ, ਪਰ ਫਿਰ ਵੀ 16/17
ਅਕਤੂਬਰ ਨੂੰ ਕਿਤੇ-ਕਿਤੇ ਗਰਜ-ਲਿਸ਼ਕ ਵਾਲੇ ਬੱਦਲ
ਫੁਹਾਰਾਂ ਦੇ ਸਕਦੇ ਹਨ।