ਖੇਲੋ ਇੰਡੀਆ ਯੂਥ ਗੇਮਜ ਲਈ ਪੰਜਾਬ ਦੀਆਂ ਵੱਖ-ਵੱਖ ਖੇਡਾਂ ਦੀਆਂ ਟੀਮਾਂ ਦੀ ਚੋਣ ਲਈ ਟਰਾਇਲ 30 ਅਕਤੂਬਰ ਨੂੰ
ਚੰਡੀਗੜ, 27 ਅਕਤੂਬਰ
ਖੇਲੋ ਇੰਡੀਆ ਯੂਥ ਗੇਮਜ ਲਈ ਸੂਬੇ ਦੀਆਂ ਟੀਮਾਂ ਦੀ ਚੋਣ ਲਈ ਖੇਡ ਵਿਭਾਗ ਪੰਜਾਬ ਵੱਲੋਂ ਵੱਖ-ਵੱਖ ਖੇਡਾਂ ਦੀਆਂ ਟੀਮਾਂ ਦੀ ਚੋਣ ਲਈ ਟਰਾਇਲ 30 ਅਕਤੂਬਰ 2021 ਨੂੰ ਸਵੇਰੇ 11 ਵਜੇ ਲਏ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਮੰਤਰੀ ਪਰਗਟ ਸਿੰਘ ਨੇ ਦੱਸਿਆ ਕਿ ਖੇਲੋ ਇੰਡੀਆ ਯੂਥ ਗੇਮਜ ਅੰਡਰ 18 (ਲੜਕੇ ਤੇ ਲੜਕੀਆਂ) ਹਰਿਆਣਾ ਵਿਖੇ ਅਗਲੇ ਸਾਲ 5 ਫਰਵਰੀ ਤੋਂ 14 ਫਰਵਰੀ ਤੱਕ ਕਰਵਾਈਆਂ ਜਾ ਰਹੀਆਂ ਹਨ। ਇਨਾਂ ਖੇਡਾਂ ਲਈ ਕਬੱਡੀ (ਲੜਕੇ ਤੇ ਲੜਕੀਆਂ), ਫੁੱਟਬਾਲ (ਲੜਕੇ) ਅਤੇ ਬਾਸਕਟਬਾਲ (ਲੜਕੇ ਤੇ ਲੜਕੀਆਂ) ਦੀਆਂ ਟੀਮਾਂ ਦੀ ਚੋਣ ਲਈ ਟਰਾਇਲ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਣਗੇ। ਇਸੇ ਤਰਾਂ ਹਾਕੀ (ਲੜਕੇ ਤੇ ਲੜਕੀਆਂ) ਦੇ ਟਰਾਇਲ ਜਲੰਧਰ ਵਿਖੇ ਹੋਣਗੇ। ਖੋ-ਖੋ (ਲੜਕੀਆਂ) ਦੇ ਟਰਾਇਲ ਪੋਲੋ ਗਰਾਊਂਡ ਪਟਿਆਲਾ ਅਤੇ ਹੈਂਡਬਾਲ (ਲੜਕੇ) ਦੇ ਟਰਾਇਲ ਪੀ.ਏ.ਯੂ. ਲੁਧਿਆਣਾ ਵਿਖੇ ਹੋਣਗੇ। ਸਾਰੇ ਟਰਾਇਲ 30 ਅਕਤੂਬਰ ਨੂੰ ਸਵੇਰੇ 11 ਵਜੇ ਹੋਣਗੇ।
ਖੇਡ ਮੰਤਰੀ ਨੇ ਅੱਗੇ ਦੱਸਿਆ ਕਿ ਇਨਾਂ ਟਰਾਇਲਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਜਾਂ ਖਿਡਾਰਨ ਦੀ ਜਨਮ ਮਿਤੀ 01-01-2003 ਜਾਂ ਇਸ ਤੋਂ ਬਾਅਦ ਦੀ ਹੋਣੀ ਚਾਹੀਦੀ ਹੈ। ਚਾਹਵਾਨ ਖਿਡਾਰੀ ਨਿਰਧਾਰਤ ਸਮੇਂ ਅਤੇ ਸਥਾਨ ਉਤੇ ਪਹੁੰਚ ਕੇ ਚੋਣ ਟਰਾਇਲਾਂ ਦਾ ਹਿੱਸਾ ਬਣ ਸਕਦੇ ਹਨ।