ਸਿੱਖਿਆ ਵਿਭਾਗ ਵੱਲੋਂ ਸਕੂਲ ਪ੍ਰਿੰਸੀਪਲਾਂ, ਸਕੂਲ ਮੁਖੀਆਂ ਅਤੇ ਲੈਕਚਰਾਰਾਂ ਲਈ ਈ-ਲਰਨਿੰਗ ਕੋਰਸ ਸ਼ੁਰੂ

 


- ਈ-ਲਰਨਿੰਗ ਕੋਰਸ ਸਕੂਲ ਪ੍ਰਬੰਧਨ ’ਚ ਸੁਧਾਰ ਲਈ ਮਹੱਤਵਪੂਰਨ ਯੋਗਦਾਨ ਪਾਵੇਗਾ - ਕ੍ਰਿਸ਼ਨ ਕੁਮਾਰ

ਐਸ.ਏ.ਐਸ. ਨਗਰ 1 ਅਗਸਤ 2021 - ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ, ਸਕੂਲ ਮੁਖੀਆਂ ਅਤੇ ਲੈਕਚਰਾਰਾਂ ਨੂੰ ਸਕੂਲ ਪ੍ਰਬੰਧਨ ਬਾਰੇ ਸਿਖਲਾਈ ਦੇਣ ਲਈ ਕੋਰਸ ਅੱਜ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਸਕੂਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਇਹ ਕੋਰਸ ਸਕੂਲ ਪ੍ਰਬੰਧਨ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗਾ ਅਤੇ ਇਸ ਨਾਲ ਸਕੂਲ ਪ੍ਰਿੰਸੀਪਲਾਂ, ਸਕੂਲ ਮੁਖੀਆਂ ਅਤੇ ਲੈਕਚਰਾਰਾਂ ਦੇ ਗਿਆਨ ਵਿੱਚ ਵਾਧਾ ਹੋਣ ਦੇ ਨਾਲ-ਨਾਲ ਉਹਨਾਂ ਦੇ ਪ੍ਰਬੰਧਕੀ ਹੁਨਰਾਂ ਵਿੱਚ ਨਿਖ਼ਾਰ ਹੋਵੇਗਾ।

 ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਸਕੂਲ ਸਿੱਖਿਆ ਦੇ ਖੇਤਰ ਵਿੱਚ ਵੱਡੇ ਸੁਧਾਰ ਲਿਆਂਦੇ ਹਨ, ਜਿਸ ਦੇ ਨਤੀਜੇ ਵਜੋਂ ਪੰਜਾਬ ਨੇ ਸਿੱਖਿਆ ਦੇ ਖੇਤਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉਨਾਂ ਕਿਹਾ ਕਿ ਸਿੱਖਿਆ ਵਿੱਚ ਪਹਿਲਾ ਸਥਾਨ ਬਰਕਰਾਰ ਰੱਖਣ ਲਈ ਅਜੇ ਬਹੁਤ ਕੁੱਝ ਕਰਨ ਦੀ ਜ਼ਰੂਰਤ ਹੈ, ਜਿਸ ਦੇ ਵਾਸਤੇ ਉਨ੍ਹਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ਨੂੰ ਅਜਿਹੇ ਕੋਰਸਾਂ ਤੋਂ ਫ਼ਾਇਦਾ ਉਠਾਉਣ ਅਤੇ ਸਿੱਖਿਆ ਦੇ ਖ਼ੇਤਰ ਵਿੱਚ ਹੋਰ ਸੁਧਾਰ ਲਿਆਉਣ ਦੀ ਅਪੀਲ ਕੀਤੀ।

ਪੰਜਾਬ ਸਕੂਲ ਸਿੱਖਿਆ ਵਿਭਾਗ ਨਾਲ ਭਾਈਵਾਲੀ ਰਾਹੀਂ ਭਾਰਤੀ ਇੰਸਟੀਚਿਟ ਆਫ਼ ਪਬਲਿਕ ਪਾਲਿਸੀ ਅਤੇ ਇੰਡੀਅਨ ਸਕੂਲ ਆਫ਼ ਬਿਜ਼ਨਸ ਦੁਆਰਾ ਪ੍ਰਿੰਸੀਪਲਾਂ, ਸਕੂਲ ਮੁਖੀਆਂ ਅਤੇ ਲੈਕਚਰਾਰਾਂ ਨੂੰ ਸਿਖਲਾਈ ਦੇਣ ਵਾਸਤੇ ਇਹ ਕੋਰਸ ਸ਼ੁਰੂ ਕੀਤਾ ਗਿਆ ਹੈ। ਇਸ ਵਾਸਤੇ ਲੀਡਰਸ਼ਿਪ ਅਤੇ ਪ੍ਰੇਰਨਾਦਾਇਕ ਈ-ਲਰਨਿੰਗ ਮਡਿਊਲ ਤਿਆਰ ਕੀਤੇ ਗਏ ਹਨ। ਇਸ ਸਿਖਲਾਈ ਲਈ ਪਹਿਲੇ ਬੈਚ ਵਿੱਚ 500 ਤੋਂ ਵੱਧ ਸਿੱਖਿਆ ਮਾਹਿਰ ਹਿੱਸਾ ਲੈ ਰਹੇ ਹਨ। ‘‘ਪ੍ਰਭਾਵੀ ਸਕੂਲ ਪ੍ਰਬੰਧਨ ਲਈ ਲੀਡਰਸ਼ਿਪ ਅਤੇ ਪ੍ਰੇਰਣਾ’’ ਵਿਸ਼ੇ ਦੇ ਅਧੀਨ ਇਸ ਕੋਰਸ ਵਿੱਚ 12 ਮਡਿਊਲ ਸ਼ਾਮਲ ਕੀਤੇ ਗਏ ਹਨ। ਇਹ ਕੋਰਸ ਅਧਿਕਾਰਤ ਤੌਰ ’ਤੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ 16 ਜੁਲਾਈ ਨੂੰ ਇੱਕ ਵਰਚੁਅਲ ਈਵੈਂਟ ਰਾਹੀਂ ਸ਼ੁਰੂ ਕੀਤਾ ਸੀ।

 ਭਾਰਤੀ ਇੰਸਟੀਚਿਊਟ ਨੇ ਅੱਜ ਪਹਿਲੇ ਬੈਚ ਲਈ ਆਨਲਾਈਨ ਸੈਸ਼ਨ ਦਾ ਆਯੋਜਨ ਕੀਤਾ। ਇਸ ਕੋਰਸ ਦੀ ਸ਼ੁਰੂਆਤ ਤੋਂ ਪਹਿਲਾਂ ਤਕਨੀਕੀ ਸੂਖਮਤਾਵਾਂ ਬਾਰੇ ਜਾਣੂ ਕਰਵਾਇਆ ਗਿਆ ਤਾਂ ਜੋ ਇੱਕ ਮਹੀਨੇ ਦੇ ਇਸ ਕੋਰਸ ਦੌਰਾਨ ਨਿਰਵਿਘਨ ਅਨੁਭਵ ਯਕੀਨੀ ਬਣਾਇਆ ਜਾ ਸਕੇ। ਇੰਡੀਅਨ ਸਕੂਲ ਆਫ ਬਿਜ਼ਨਸ ਅਤੇ ਭਾਰਤੀ ਇੰਸਟੀਚਿਟ ਆਫ ਪਬਲਿਕ ਪਾਲਿਸੀ ਦੇ ਕੋਰਸ ਕੋਆਰਡੀਨੇਟਰ ਡਾ: ਆਰੂਸੀ ਜੈਨ ਨੇ ਕਿਹਾ ਕਿ ਅਗਲੇ ਬੈਚਾਂ ਵਿੱਚ ਹਰੇਕ ਮਹੀਨੇ ਕੋਰਸ ਵਿੱਚ ਹਿੱਸਾ ਲੈਣ ਵਾਲਿਆਂ ਦੀ ਗਿਣਤੀ ਵਧ ਕੇ 2,000 ਹੋ ਜਾਵੇਗੀ। ਪਹਿਲੇ ਪੜਾਅ ਵਿੱਚ ਸੂਬੇ ਦੇ ਸਕੂਲ ਸਿੱਖਿਆ ਵਿਭਾਗ ਦੇ 10,000 ਤੋਂ ਵੱਧ ਪ੍ਰਿੰਸੀਪਲਾਂ, ਮੁਖੀਆਂ ਅਤੇ ਅਧਿਆਪਕਾਂ ਦੀ ਪਹੁੰਚ ਲਈ ਲਰਨਿੰਗ ਮੈਨੇਜਮੈਂਟ ਸਿਸਟਮ ਉਪਲਬਧ ਕਰਵਾਇਆ ਜਾਵੇਗਾ।

 ਇਸ ਕੋਰਸ ਦਾ ਉਦੇਸ਼ ਪ੍ਰਿੰਸੀਪਲਾਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਵਿੱਚ ਪ੍ਰਭਾਵਸ਼ਾਲੀ ਵਿੱਦਿਅਕ ਅਤੇ ਅਨੁਕੂਲ ਲੀਡਰਸ਼ਿਪ ਦੇ ਗੁਣ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਪ੍ਰੇਰਕ ਤੇ ਸੰਚਾਰਕ ਵਜੋਂ ਉਨਾਂ ਦੀ ਮਹੱਤਵਪੂਰਣ ਭੂਮਿਕਾ ਤੋਂ ਜਾਣੂ ਕਰਵਾਉਣਾ ਹੈ। ਇਸ ਦੌਰਾਨ ਟੀਮ ਨਿਰਮਾਣ, ਸਮੂਹ ਗਤੀਸ਼ੀਲਤਾ ਅਤੇ ਪ੍ਰਬੰਧਨ ਪਰਿਵਰਤਨ ਲਈ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ। ਹਰੇਕ ਦੀ ਸਖਸ਼ੀਅਤ ਦੀ ਮਜ਼ਬੂਤੀ ਅਤੇ ਕਮਜ਼ੋਰੀਆਂ ਨੂੰ ਦਰਸਾਉਂਦੇ ਹੋਏ ਪਰਸਪਰ ਸੰਬੰਧਾਂ ਅਤੇ ਭਾਵਨਾਤਮਕ ਬੁੱਧੀ ਵਿੱਚ ਸੁਧਾਰ ਲਿਆਂਦਾ ਜਾਵੇਗਾ। ਇਹ ਕੋਰਸ ਵੱਖ ਵੱਖ ਖੇਤਰਾਂ ਦੇ ਮਾਹਿਰਾਂ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਵਿੱਚ 30 ਘੰਟਿਆਂ ਦੀ ਸਮੱਗਰੀ ਸ਼ਾਮਲ ਹੈ, ਜਿਸ ਵਿੱਚ 12 ਘੰਟਿਆਂ ਦੇ ਵੀਡਿਓਜ਼, ਪੜ੍ਹਨ ਵਾਲੀ ਸਮੱਗਰੀ, ਪੇਸ਼ਕਾਰੀਆਂ ਅਤੇ ਮੁਲਾਂਕਣ ਸ਼ਾਮਲ ਹਨ।

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends