ਬੇਰੁਜ਼ਗਾਰ ਬੀ.ਐਡ ਟੈੱਟ ਪਾਸ ਅਧਿਆਪਕ ਯੂਨੀਅਨ ਮੀਟਿੰਗ ਹੋਈ
ਬੇਰੁਜ਼ਗਾਰਾਂ ਵੱਲੋਂ 15 ਅਗਸਤ ਨੂੰ ਪਟਿਆਲਾ ਵਿਖੇ ਮੋਤੀ ਮਹਿਲ ਦੇ ਘਿਰਾਓ ਦਾ ਐਲਾਨ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ/ਲਹਿਰਾਗਾਗਾ, 11 ਅਗਸਤ 2021: ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ, ਪੰਜਾਬ ਦੀ ਲਹਿਰਾਗਾਗਾ ਇਕਾਈ ਦੀ ਮੀਟਿੰਗ ਸਥਾਨਕ ਜੀਪੀਐੱਫ ਕੰਪਲੈਕਸ ਵਿਖੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਤਿੱਖਾ ਕਰਨ ਸਬੰਧੀ ਤਿਆਰੀਆਂ ਕੀਤੀਆਂ ਗਈਆਂ ਅਤੇ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ 15 ਅਗਸਤ ਨੂੰ ਪਟਿਆਲਾ ਵਿਖੇ ਮੋਤੀ ਮਹਿਲ ਦੇ ਘਿਰਾਓ ਦੀ ਤਿਆਰੀਆਂ ਕੀਤੀਆਂ ਗਈਆਂ। ਇਸ ਮੀਟਿੰਗ 'ਚ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਬੇਰੁਜਗਾਰੀ ਦਰ 7.3% ਹੈ। ਜੇ ਪੜ੍ਹੇ ਲਿਖਿਆਂ 'ਚ ਬੇਰੁਜ਼ਗਾਰੀ ਦੀ ਗੱਲ ਕਰੀਏ ਤਾਂ 12 ਵੀਂ ਪਾਸ ਵਿੱਚ ਬੇਰੁਜ਼ਗਾਰੀ ਦਰ 15.8%, ਡਿਪਲੌਮਾ ਪਾਸ ਵਿੱਚ 16.4%, ਗਰੈਜੁਏਟ ਪਾਸ ਵਿੱਚ 14.5% ਅਤੇ ਪੋਸਟ-ਗਰੈਜੁਏਟ ਵਿੱਚ 14.1% ਹੈ।
ਇਸ ਮੌਕੇ ਜੱਥੇਬੰਦੀ ਦੇ ਆਗੂਆਂ ਸੰਦੀਪ ਗਿੱਲ, ਅਮਨ ਸੇਖ਼ਾ, ਜਿਲ੍ਹਾ ਪ੍ਰਧਾਨ ਕੁਲਵੰਤ ਲੌਂਗੋਵਾਲ, ਗੋਰਖਾ ਸਿੰਘ ਕੋਟੜਾ ਅਤੇ ਰਣਦੀਪ ਸੰਗਤਪੁਰਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਪੰਜਾਬੀ, ਸਮਾਜਿਕ ਸਿੱਖਿਆ ਅਤੇ ਹਿੰਦੀ ਦੀਆਂ ਦੀਆਂ ਘੱਟੋ ਘੱਟ 10 ਹਜਾਰ ਅਸਾਮੀਆਂ ਅਤੇ ਹੋਰ ਸਾਰੇ ਵਿਸ਼ਿਆਂ ਦੀਆਂ 5000 ਤੋਂ ਵਧੇਰੇ ਅਸਾਮੀਆਂ ਦਾ ਇਸ਼ਤਿਹਾਰ ਤੁਰੰਤ ਜਾਰੀ ਕੀਤਾ ਜਾਵੇ। ਲੰਬੇ ਸਮੇਂ ਤੋਂ ਕੋਈ ਭਰਤੀ ਨਾ ਆਉਣ ਕਾਰਨ ਆਪਣੀ ਉਮਰ ਹੱਦ ਲੰਘਾ ਚੁੱਕੇ ਹਨ ਬੇਰੁਜ਼ਗਾਰ ਅਧਿਆਪਕਾਂ ਦੀ ਉਮਰ ਹੱਦ 37 ਤੋਂ ਵਧਾ ਕੇ 42 ਸਾਲ ਕੀਤੀ ਜਾਵੇ, ਸਮਾਜਿਕ ਸਿੱਖਿਆ ਵਿਸ਼ੇ ਦੇ ਕੰਬੀਨੇਸ਼ਨ ਵਿੱਚੋਂ ਕੱਢੇ ਗਏ ਵਿਸ਼ਿਆਂ ਜਿਵੇਂ ਰਿਲੀਜਨ ਸਟੱਡੀਜ਼ , ਡਿਫੈਂਸ ਸਟੱਡੀਜ਼, ਪਬਲਿਕ ਵਰਕ ਅਤੇ ਐਜੂਕੇਸ਼ਨ ਨੂੰ ਸ਼ਾਮਿਲ ਕੀਤਾ ਜਾਵੇ, ਹਰੇਕ ਵਿਸ਼ੇ ਦੇ ਅਧਿਆਪਕ ਤੋਂ ਸਬੰਧਤ ਵਿਸ਼ੇ ਦਾ ਹੀ ਕੰਮ ਲਿਆ ਜਾਵੇ, ਇੱਕ ਦੂਜੇ ਦਾ ਵਿਸ਼ਾ ਦੇ ਕੇ ਅਸਾਮੀਆਂ ਖ਼ਤਮ ਕਰਨ ਦੀ ਨੀਤੀ ਬੰਦ ਕੀਤੀ ਜਾਵੇ, ਮਾਸਟਰ ਕੇਡਰ ਦੇ ਪੇਪਰ ਲਈ ਘੱਟੋ-ਘੱਟ ਪਾਸ ਅੰਕ ਨਿਰਧਾਰਤ ਕੀਤੇ ਜਾਣ ਅਤੇ ਨਵੀਂ ਭਰਤੀ ਲਈ ਕੱਚੇ ਅਧਿਆਪਕਾਂ ਅਤੇ ਆਉਟਸੋਰਸਿੰਗ ਸਟਾਫ਼ ਨੂੰ ਤਜਰਬਾ ਅੰਕ ਨਾ ਦਿੱਤੇ ਜਾਣ। ਇਸ ਮੌਕੇ ਰਣਜੀਤ ਕੋਟੜਾ, ਸੁਖਪਾਲ ਖਾਨ, ਕੁਲਦੀਪ ਭੁਟਾਲ, ਮਨਜੀਤ ਲਹਿਰਾ, ਗੁਰਤੇਜ ਖਾਈ, ਗੁਰਜੀਤ ਖਾਈ ਅਤੇ ਦੀਪ ਲਹਿਰਾ ਆਦਿ ਬੇਰੁਜ਼ਗਾਰ ਅਧਿਆਪਕ ਆਗੂ ਵੀ ਹਾਜ਼ਰ ਸਨ।