15 ਸਾਲਾਂ ਬਾਅਦ ਵੀ ਸੀਨੀਆਰਤਾ ਦਾ ਹੱਕ ਨਾ ਲੈ ਸਕੇ ਜ਼ਿਲ੍ਹਾ ਪ੍ਰੀਸ਼ਦ ਅਧਿਆਪਕ, ਸਮਝੋਤਾਵਾਦੀ ਆਗੂ ਸਿਆਸਤ ਦੀਆਂ ਪੋੜੀਆਂ ਚੜ੍ਹੇ
ਅਨੇਕਾਂ ਤਸੀਹੇ ਝੱਲਣ ਦੇ ਬਾਵਜੂਦ ਠੱਗੇ ਹੋਏ ਮਹਿਸੂਸ ਕਰ ਰਹੇ ਨੇ ਪੰਜਾਬ ਭਰ ਦੇ ਈ ਟੀ ਟੀ ਅਧਿਆਪਕ
ਬਠਿੰਡਾ 1 ਜੁਲਾਈ (ਪੱਤਰ ਪ੍ਰੇਰਕ ) ਜ਼ਿਲ੍ਹਾ ਪ੍ਰੀਸ਼ਦ ਤੋਂ ਸਿੱਖਿਆ ਵਿਭਾਗ ਵਿੱਚ ਸ਼ਾਮਲ ਹੋਏ ਈ ਟੀ ਟੀ ਅਧਿਆਪਕ ਅੱਜ 15 ਸਾਲ ਦੀ ਨੌਕਰੀ ਪੂਰੀ ਹੋਣ ਦੇ ਬਾਵਜੂਦ ਵੀ ਸੀਨੀਆਰਤਾ ਦਾ ਹੱਕ ਨਹੀਂ ਲੈ ਸਕੇ।
ਅਨੇਕਾਂ ਤਸੀਹੇ ਝੱਲ ਕੇ ਹੱਕੀ ਨੌਕਰੀ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਆਪਣੇ ਉਨ੍ਹਾਂ ਸਮਝੋਤਾਵਾਦੀ ਆਗੂਆਂ ਤੇ ਬੇਹੱਦ ਦੁੱਖ ਹੈ ਜੋ ਆਪਣੇ ਟੌਹਰ ਟੱਪੇ ਲਈ ਸਿਆਸਤ ਦੀਆਂ ਪੋੜੀਆਂ ਚੜ੍ਹ ਗਏ। ਪਰ ਆਪਣੇ ਕੇਡਰ ਲਈ ਇਹ ਅਸਲੀ ਹੱਕ ਨਹੀਂ ਦਵਾ ਸਕੇ।
ਈ ਟੀ ਟੀ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਜਗਸੀਰ ਸਹੋਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਥੇਬੰਦੀ ਵੱਲ੍ਹੋਂ ਸਿੱਖਿਆ ਵਿਭਾਗ ਦੀ ਵਾਪਸੀ ਲਈ ਉਸ ਔਖੇ ਵੇਲੇ ਵਿਢੀ ਜਦੋ ਸਮਝੋਤਾਵਾਦੀ ਆਗੂ ਵੀ ਹੁੱਬ ਕੇ ਕਹਿੰਦੇ ਸਨ ਕਿ ਇਹ ਸੰਵਿਧਾਨਕ ਸੋਧ ਨਹੀਂ ਹਿਲ ਸਕਦੀ,ਪਰ ਜਦੋਂ ਉਨ੍ਹਾਂ ਨੇ ਇਹ ਜੰਗ ਸਿਖਰ ਤੇ ਪਹੁੰਚਾਈ ਤਾਂ ਕੁਝ ਆਗੂ ਆਪਣੇ ਸੋੜੇ ਹਿਤਾਂ ਤੇ ਫੋਕੀ ਬੱਲੇ ਬੱਲੇ ਕਰਵਾਉਣ ਲਈ ਉਨ੍ਹਾਂ ਨੇ ਐਨ ਮੌਕੇ ਤੇ ਵੱਖਰਾ ਸੰਘਰਸ਼ ਸ਼ੁਰੂ ਕਰ ਦਿੱਤਾ ਅਤੇ ਜਦੋ ਆਖਰੀ ਸਮਝੋਤੇ ਵੇਲੇ ਦੋਨਾਂ ਧਿਰਾਂ ਨੂੰ ਬੁਲਾਇਆ ਗਿਆ ਤਾਂ ਅੱਜ ਕੱਲ ਸਿਆਸਤ ਦੀਆਂ ਪੋੜੀਆਂ ਚੜ੍ਹਨ ਵਾਲੇ ਆਗੂ ਦੀ ਧਿਰ ਵੱਲ੍ਹੋਂ ਬਿਨਾਂ ਸੀਨੀਆਰਤਾ ਲਏ ਹਾਂ ਕਰ ਦਿੱਤੀ, ਜਦੋ ਕਿ ਉਨ੍ਹਾਂ ਨੇ ਮੀਟਿੰਗ ਚ ਇਸ ਮੁੱਦੇ ਨੂੰ ਜੋਰ ਸ਼ੋਰ ਨਾਲ ਉਠਾਇਆ।
ਪਰ ਸਿਆਸਤ ਵੱਲ ਤੁਰ ਗਏ ਆਗੂ ਨੇ ਈ ਟੀ ਟੀ ਅਧਿਆਪਕਾਂ ਨੂੰ ਇਸੇ ਆਸ ਚ ਉਲਝਾਈ ਰੱਖਿਆ ਕਿ ਆਪਾਂ ਕੋਰਟ ਰਾਹੀਂ ਇਹ ਸੀਨੀਆਰਤਾ ਹਾਸਲ ਕਰ ਲਵਾਂਗੇ। ਅਧਿਆਪਕਾਂ ਤੋ ਲੱਖਾਂ ਰੁਪਏ ਵੀ ਇਕੱਠੇ ਕੀਤੇ ਗਏ, ਪਰ ਇਸ ਦੇ ਬਾਵਜੂਦ ਅਧਿਆਪਕਾਂ ਦਾ ਕੁਝ ਨਹੀਂ ਬਣ ਸਕਿਆ। ਹੁਣ ਅਧਿਆਪਕ ਕੋਸ ਰਹੇ ਨੇ ਗਲਤ ਸਮਝੋਤੇ ਨੇ ਪੰਜਾਬ ਭਰ ਦੇ ਈ ਟੀ ਟੀ ਅਧਿਆਪਕਾਂ ਦੀਆਂ ਸੱਧਰਾਂ ਤੇ ਪਾਣੀ ਫੇਰ ਦਿੱਤਾ। ਈ ਟੀ ਟੀ ਟੀਚਰਜ਼ ਯੂਨੀਅਨ ਦੇ ਪ੍ਰਧਾਨ ਜਗਸੀਰ ਸਿੰਘ ਜਿੰਨਾ ਦੀ ਅਗਵਾਈ ਚ ਹੁਣ ਜਦੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਜੰਗ ਵਿਢੀ ਹੋਈ ਹੈ,ਨੇ ਪੰਜਾਬ ਭਰ ਦੇ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਉਹ ਹੁਣ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਅੱਗੇ ਆਉਣ, ਕਦੇ ਇਹ ਨਾ ਹੋਵੇ ਸੀਨੀਆਰਤਾ ਦੇ ਵੱਡੇ ਧੋਖੇ ਬਾਅਦ ਪੁਰਾਣੀ ਪੈਨਸ਼ਨ ਵੀ ਬਹਾਲ ਨਾ ਕਰਵਾ ਸਕੀਏ।ਉਨ੍ਹਾਂ 11 ਜੁਲਾਈ ਨੂੰ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਿਰੁੱਧ ਕੀਤੀ ਜਾ ਰਹੀ ਲਲਕਾਰ ਰੈਲੀ ਵਿੱਚ ਪਰਿਵਾਰਾਂ ਸਮੇਤ ਪਹੁੰਚਣ ਦਾ ਸੱਦਾ ਦਿੱਤਾ।