ਵਿਜੀਲੈਂਸ ਵਿਭਾਗ ਵਲੋਂ ਸਿੱਖਿਆ ਵਿਭਾਗ ਦੇ ਦਫ਼ਤਰ ‘ਚ ਤਾਇਨਾਤ ਜੂਨੀਅਰ ਸਹਾਇਕ ਪਿ੍ਤਪਾਲ ਸਿੰਘ ਜਿਸ ਨੂੰ 1 ਲੱਖ ਰੁਪਏ ਰਿਸ਼ਵਤ ਸਮੇਤ ਵਿਜੀਲੈਂਸ ਵਲੋਂ ਗਿ੍ਫਤਾਰ ਕੀਤਾ ਗਿਆ ਸੀ, ਦੇ ਸਬੰਧੀ ਵਿਚ ਕਈ ਪੀੜਤ ਵਿਜੀਲੈਂਸ ਦਫ਼ਤਰ ‘ਚ ਪਿ੍ਤਪਾਲ ਸਿੰਘ ਵਲੋਂ ਕੀਤੀ ਜਾਂਦੀ ਮਨਮਾਨੀ ਬਾਰੇ ਸ਼ਿਕਾਇਤਾਂ ਲੈ ਕੇ ਪਹੁੰਚ ਰਹੇ ਹਨ| ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿ੍ਤਪਾਲ ਸਿੰਘ ਦਾ ਇਕ ਰਿਸ਼ਤੇਦਾਰ ਜਿਸ ਨੇ ਆਪਣਾ ਨਾਮ ਇਕਬਾਲ ਸਿੰਘ ਦੱਸਿਆ, ਉਹ ਵੀ ਵਿਜੀਲੈਂਸ ਦਫਤਰ ਪਹੁੰਚਿਆ ਅਤੇ ਆਪਣੇ ਨਾਲ ਕੀਤੀ ਧੋਖਾਧੜੀ ਬਾਰੇ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ|
ਉਧਰ ਇਕਬਾਲ ਸਿੰਘ ਅਤੇ ਪਿ੍ਤਪਾਲ ਸਿੰਘ ਦੇ ਪਰਿਵਾਰ ਮੈਂਬਰਾਂ ਵਿਚ ਵਿਜੀਲੈਂਸ ਦਫ਼ਤਰ ਦੇ ਬਾਹਰ ਤੂੰ ਤੂੰ ਮੈਂ ਮੈਂ ਵੀ ਹੋਈ | ਉਧਰ ਵਿਜੀਲੈਂਸ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿ੍ਤਪਾਲ ਸਿੰਘ ਵਲੋਂ ਕਾਫੀ ਜਾਇਦਾਦਾਂ ਬਣਾਈਆਂ ਗਈਆਂ ਹਨ, ਜਿਸ ਵਿਚ ਚੁੰਨੀ ਨੇੜੇ ਇਕ ਮੈਰਿਜ ਪੈਲਸ ਚਲਾਉਣ, ਖੰਨਾ ਕੋਲ ਕਈ ਏਕੜ ਜ਼ਮੀਨ ਹੋਣ ਬਾਰੇ ਖੁਲਾਸਾ ਹੋਇਆ ਹੈ| ਉਧਰ ਸਿੱਖਿਆ ਵਿਭਾਗ ਦੇ ਕੁੱਝ ਮਾਸਟਰ ਵੀ ਵਿਜੀਲੈਂਸ ਦੇ ਅਧਿਕਾਰੀ ਨੂੰ ਮਿਲੇ ਹਨ ਅਤੇ ਪਿ੍ਤਪਾਲ ਸਿੰਘ ਖਿਲਾਫ਼ ਕੁੱਝ ਦਸਤਾਵੇਜ ਸੌਂਪੇ ਹਨ|
ਵਿਜੀਲੈਂਸ ਵਲੋਂ ਇਸ ਮਾਮਲੇ ‘ਚ ਸਿੱਖਿਆ ਵਿਭਾਗ ਦੇ ਅਧਿਕਾਰੀ ਨੂੰ ਪੱਤਰ ਲਿਖ ਕੇ ਇਸ ਗੱਲ ਦੀ ਜਾਣਕਾਰੀ ਮੰਗੀ ਹੈ ਕਿ ਪਿਛਲੇ ਸਮਿਆਂ ਵਿਚ ਕਿੰਨੇ ਮਾਸਟਰ ਛੁੱਟੀ ‘ਤੇ ਹਨ ਅਤੇ ਕਿੰਨੇ ਮਾਸਟਰ ਇਸ ਸਮੇਂ ਵਿਦੇਸ਼ ਵਿਚ ਰਹਿ ਰਹੇ ਹਨ ਅਤੇ ਪੰਜਾਬ ਸਰਕਾਰ ਵਲੋਂ ਦਿੱਤੇ ਜਾਂਦੇ ਭੱਤਿਆਂ ਦਾ ਆਨੰਦ ਮਾਣ ਰਹੇ ਹਨ|
ਇਸ ਤੋਂ ਇਲਾਵਾ ਵਿਜੀਲੈਂਸ ਵਲੋਂ ਪਿ੍ਤਪਾਲ ਸਿੰਘ ਦੀ ਮੁਹਾਲੀ ਵਿਚ ਜੂਨੀਅਰ ਸਹਾਇਕ ਦੀ ਤਾਇਨਾਤੀ ਸਮੇਂ ਦਾ ਸਾਰਾ ਰਿਕਾਰਡ ਵੀ ਵਿਭਾਗ ਕੋਲੋਂ ਮੰਗਿਆ ਗਿਆ ਹੈ| ਸੂਤਰਾਂ ਤੋਂ ਇਸ ਗੱਲ ਦੀ ਵੀ ਜਾਣਕਾਰੀ ਮਿਲੀ ਹੈ ਸੋਮਵਾਰ ਅੱਜ ਇਸ ਮਾਮਲੇ ‘ਚ ਕੁੱਝ ਪੀੜਤ ਵਿਜੀਲੈਂਸ ਦਫਤਰ ਸ਼ਿਕਾਇਤਾਂ ਅਤੇ ਦਸਤਾਵੇਜ ਲੈ ਕੇ ਪਹੁੰਚ ਰਹੇ ਹਨ|
ਉਧਰ ਸਿੱਖਿਆ ਵਿਭਾਗ ਵਲੋਂ ਪਿ੍ਤਪਾਲ ਸਿੰਘ ਨੂੰ ਮੁਅੱਤਲ ਕਰਕੇ ਫਿਰੋਜਪੁਰ ਤਬਾਦਲਾ ਕਰ ਦਿੱਤਾ ਗਿਆ ਹੈ| ਇਸ ਸਬੰਧੀ ਵਿਜੀਲੈਂਸ ਦੇ ਡੀ. ਐਸ. ਪੀ. ਹਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਲਜਮ ਪਿ੍ਤਪਾਲ ਸਿੰਘ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਤੇ ਅਦਾਲਤ ਵਲੋਂ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ| ਉਨ੍ਹਾਂ ਮੰਨਿਆ ਕਿ ਇਸ ਮਾਮਲੇ ‘ਚ ਕੁੱਝ ਲੋਕ ਉਨਾਂ ਨੂੰ ਮਿਲਣ ਆਏ ਸਨ, ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ|