ਮੁੱਖ ਮੰਤਰੀ ਵੱਲੋਂ 21 ਜੂਨ ਤੋਂ ਸਕੂਲਾਂ ਅਤੇ ਕਾਲਜਾਂ ਦੇ 18-45 ਉਮਰ ਵਰਗ ਦੇ ਅਧਿਆਪਕਾਂ, ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਦੇ ਟੀਕਾਕਰਨ ਦੇ ਆਦੇਸ਼
ਚੰਡੀਗੜ੍ਹ, 15 ਜੂਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਸਿਹਤ ਅਧਿਕਾਰੀਆਂ ਨੂੰ 21 ਜੂਨ ਤੋਂ ਸਮੂਹ ਸਕੂਲਾਂ ਅਤੇ ਕਾਲਜਾਂ ਦੇ 18-45 ਉਮਰ ਵਰਗ ਦੇ ਅਧਿਆਪਕਾਂ, ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਦਾ ਟੀਕਾਕਰਨ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਸੂਬੇ ਵਿਚਲੀਆਂ ਵਿਦਿਅਕ ਸੰਸਥਾਵਾਂ ਨੂੰ ਸੁਰੱਖਿਅਤ ਢੰਗ ਨਾਲ ਖੋਲ੍ਹਿਆ ਜਾ ਸਕੇ।
ਮੁੱਖ ਮੰਤਰੀ ਨੇ ਵਿਭਾਗ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਸਾਰੇ ਸਹਿ-ਰੋਗਾਂ ਵਾਲੇ ਅਤੇ ਦਿਵਿਆਂਗ ਵਿਅਕਤੀਆਂ ਅਤੇ ਸਰਕਾਰੀ ਕਰਮਚਾਰੀਆਂ ਦਾ ਪਹਿਲ ਦੇ ਆਧਾਰ 'ਤੇ ਟੀਕਾਕਰਨ ਕੀਤਾ ਜਾਵੇ। ਉਨ੍ਹਾਂ ਨੇ ਕੋਵਿਡ ਸਮੀਖਿਆ ਮੀਟਿੰਗ ਵਿਚ ਕਿਹਾ ਕਿ ਪ੍ਰਾਹੁਣਚਾਰੀ ਉਦਯੋਗ, ਪਾਰਲਰ ਅਤੇ ਦੁਕਾਨਾਂ, ਰੈਸਟੋਰੈਂਟ, ਜਿੰਮ ਸਮੇਤ ਸਰਵਿਸ ਆਉਟਲੈਟਾਂ ਆਦਿ ਦੇ ਸਟਾਫ਼ ਨੂੰ ਵੀ ਜਲਦੀ ਟੀਕਾ ਲਗਾਇਆ ਜਾਵੇ।
ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਅਧਿਆਪਕਾਂ ਨੂੰ ਦਿੱਤੀ 21 ਦਿਨਾਂ ਦੀ ਕੋਆਰਨਟਾਈਨ ਲੀਵ
ਮੁੱਖ ਮੰਤਰੀ ਨੇ ਕਿਹਾ ਕਿ ਨਿਆਂਇਕ ਅਧਿਕਾਰੀਆਂ ਅਤੇ ਵਕੀਲਾਂ ਨੂੰ ਵੀ ਟੀਕਾਕਰਨ ਲਈ ਪਹਿਲ ਦਿੱਤੀ ਜਾਵੇ ਤਾਂ ਜੋ ਆਮ ਅਦਾਲਤੀ ਕੰਮਕਾਜ ਸੁਰੱਖਿਅਤ ਢੰਗ ਨਾਲ ਮੁੜ ਤੋਂ ਸੁਰੂ ਹੋ ਸਕੇ। ਉਨ੍ਹਾਂ ਸਿਹਤ ਵਿਭਾਗ ਨੂੰ ਟੀਕਾਕਰਨ ਲਈ ਬੱਚੇ ਨੂੰ ਦੁੱਧ ਪਿਆਉਣ ਵਾਲੀਆਂ ਮਾਵਾਂ, ਜਿਨ੍ਹਾਂ ਨੂੰ ਟੀਕਾਕਰਨ ਲਈ ਯੋਗ ਦਰਸਾਇਆ ਗਿਆ ਹੈ, ਤੱਕ ਸਰਗਰਮੀ ਨਾਲ ਪਹੁੰਚ ਕਰਨ ਲਈ ਕਿਹਾ। ਟੀਕਾਕਰਨ ਕਰਵਾਉਣ ਵਿੱਚ ਮਰਦਾਂ ਅਤੇ ਔਰਤਾਂ ਦਰਮਿਆਨ ਪਾੜੇ 'ਤੇ ਚਿੰਤਾ ਜ਼ਾਹਰ ਕਰਦਿਆਂ ਸਿਹਤ ਮਾਹਿਰਾਂ ਨੂੰ ਕਾਰਨਾਂ ਦੀ ਪਛਾਣ ਕਰਨ ਅਤੇ ਸਥਿਤੀ ਨੂੰ ਸੁਧਾਰਨ ਦੇ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਆਦੇਸ਼ ਦਿੱਤੇ ਕਿ ਜਿਨ੍ਹਾਂ ਸ਼ਹਿਰਾਂ/ਕਸਬਿਆਂ/ਦਿਹਾਤੀ ਖੇਤਰਾਂ ਵਿੱਚ ਪਾਜ਼ੇਟਿਵਟੀ/ਮੌਤ ਦਰ ਜ਼ਿਆਦਾ ਪਾਈ ਗਈ ਹੈ ਉੱਥੇ ਵਾਰਡ-ਵਾਰ ਅਤੇ ਪਿੰਡ-ਵਾਰ ਮੁਹਿੰਮਾਂ ਚਲਾਈਆਂ ਜਾਣ ਤਾਂ ਜੋ ਇਨ੍ਹਾਂ ਖੇਤਰਾਂ ਵਿੱਚ ਟੀਕਾਕਰਨ ਨੂੰ ਤਰਜੀਹ ਦਿੱਤੀ ਜਾ ਸਕੇ।
ਇਹ ਦੱਸਦਿਆਂ ਕਿ ਪੰਜਾਬ ਦੇਸ਼ ਦਾ ਸ਼ਾਇਦ ਇਕਲੌਤਾ ਸੂਬਾ ਹੈ ਜਿਸ ਨੇ 18-45 ਉਮਰ ਵਰਗ ਲਈ ਇੱਕ ਟੀਕਾਕਰਨ ਰਣਨੀਤੀ ਬਣਾਈ ਹੈ ਜਿਸ ਵਿੱਚ ਗਰੀਬਾਂ ਅਤੇ ਲੋੜਵੰਦਾਂ ਨੂੰ ਪਹਿਲ ਦਿੱਤੀ ਗਈ ਹੈ, ਮੁੱਖ ਮੰਤਰੀ ਨੇ ਖੁਸ਼ੀ ਜ਼ਾਹਰ ਕੀਤੀ ਕਿ ਸੂਬਾ ਸਰਕਾਰ ਵੱਲੋਂ ਕਰੀਬ 1 ਲੱਖ ਸਹਿ-ਰੋਗਾਂ ਵਾਲੇ ਨੌਜਵਾਨਾਂ, 3.5 ਲੱਖ ਨੌਜਵਾਨ ਉਸਾਰੀ ਕਾਮਿਆਂ ਅਤੇ ਹੋਰ ਕਾਮਿਆਂ ਦਾ ਮੁਫਤ ਟੀਕਾਕਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਹਤ ਸੰਭਾਲ ਕਰਮਚਾਰੀਆਂ ਦੇ 70,000 ਤੋਂ ਵੱਧ ਨੌਜਵਾਨ ਪਰਿਵਾਰਕ ਮੈਂਬਰਾਂ ਨੂੰ ਟੀਕਾਕਰਨ ਲਈ ਪਹਿਲ ਦਿੱਤੀ ਗਈ ਹੈ ਜਦੋਂ ਕਿ ਰੇਹੜੀ-ਫੜ੍ਹੀ ਵਾਲਿਆਂ, ਬੱਸ ਡਰਾਈਵਰਾਂ, ਦੁਕਾਨਦਾਰਾਂ ਅਤੇ ਹੋਰ ਲੋੜਵੰਦ ਸ਼੍ਰੇਣੀਆਂ ਨੂੰ ਸੂਬਾ ਸਰਕਾਰ ਵੱਲੋਂ ਟੀਕਾ ਲਗਾਇਆ ਜਾ ਰਿਹਾ ਹੈ।
ਸਿਹਤ ਸਕੱਤਰ ਹੁਸਨ ਲਾਲ ਨੇ ਖੁਲਾਸਾ ਕੀਤਾ ਕਿ ਸੂਬੇ ਨੂੰ 18-45 ਉਮਰ ਵਰਗ ਲਈ ਹੁਣ ਤੱਕ ਕੋਵੀਸ਼ੀਲਡ ਦੀਆਂ 5,86,000 ਖੁਰਾਕਾਂ ਪ੍ਰਾਪਤ ਹੋਈਆਂ ਹਨ ਜਿਸ ਵਿਚੋਂ 5,30,610 ਦੀ ਵਰਤੋਂ ਕੀਤੀ ਜਾ ਚੁੱਕੀ ਹੈ ਅਤੇ ਸੂਬੇ ਕੋਲ 55,390 ਖੁਰਾਕਾਂ ਦਾ ਸਟਾਕ ਪਿਆ ਹੈ। ਇਸ ਦੇ ਨਾਲ ਹੀ ਕੋਵੈਕਸੀਨ ਦੀਆਂ 150850 ਖੁਰਾਕਾਂ ਪ੍ਰਾਪਤ ਹੋਈਆਂ ਹਨ ਅਤੇ 66040 ਦੀ ਵਰਤੋਂ ਕੀਤੀ ਗਈ ਹੈ।