ਈ ਟੀ ਟੀ ਅਧਿਆਪਕਾਂ ਦੀਆਂ ਬਦਲੀਆਂ ਜਲਦੀ ਹੋਣਗੀਆਂ ਲਾਗੂ
ਪੰਜਾਬ ਨੰਬਰ ਵਨ ਦਾ ਸਿਹਰਾ ਅਧਿਆਪਕਾਂ ਦੇ ਸਿਰ-ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ
ਚੰਡੀਗੜ੍ਹ 15 ਜੂਨ ( ਹਰਦੀਪ ਸਿੰਘ ਸਿੱਧੂ ) ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਅੱਜ ਈ.ਟੀ.ਟੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਗਸੀਰ ਸਿੰਘ ਸਹੋਤਾ,ਜਨਰਲ ਸਕੱਤਰ ਹਰਦੀਪ ਸਿੰਘ ਸਿੱਧੂ ਦੀ ਅਗਵਾਈ ਵਾਲੀ ਜਥੇਬੰਦੀ ਨਾਲ
ਜੂਮ 'ਤੇ ਮੀਟਿੰਗ ਕਰਦਿਆਂ ਭਰੋਸਾ ਦਿੱਤਾ ਕਿ ਈ ਟੀ ਟੀ ਅਧਿਆਪਕਾਂ ਦੀਆਂ ਬਦਲੀਆਂ ਜਲਦੀ ਲਾਗੂ ਹੋਣਗੀਆਂ।ਨਾਲ ਹੀ ਜ਼ਿਲ੍ਹਾ ਪ੍ਰੀਸ਼ਦ ਅਧਿਆਪਕਾਂ ਦੇ ਲਟਕੇ ਸਾਰੇ ਮਸਲੇ ਜਲਦੀ ਹੱਲ ਹੋਣਗੇ। ਉਸ ਤੋ ਪਹਿਲਾਂ ਸਭਨਾਂ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਿਰ ਕੀਤੀ ਕਿ ਅਧਿਆਪਕਾਂ ਦੀ ਮਿਹਨਤ ਨਾਲ ਪੰਜਾਬ ਸੂਬਾ ਦੇਸ਼ ਭਰ ਚੋਂ ਨੰਬਰ ਵਨ ਆਇਆ ਹੈ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਵੀ ਕਿਹਾ ਕਿ ਇਹ ਪ੍ਰਾਪਤੀ ਪੰਜਾਬ ਦੇ ਅਧਿਆਪਕਾਂ ਲਈ ਬਹੁਤ ਵੱਡਾ ਮਾਣ ਹੈ,ਉਨ੍ਹਾਂ ਨੇ ਸਰਕਾਰੀ ਸਕੂਲਾਂ ਦੀ ਬੇਹਤਰੀ ਲਈ ਦਿਨ ਰਾਤ ਕੀਤਾ ਹੈ।
ਮੀਟਿੰਗ ਦੌਰਾਨ ਅਧਿਆਪਕ ਆਗੂਆਂ ਵੱਲੋਂ ਸਿੱਖਿਆ ਸਕੱਤਰ ਅੱਗੇ ਮੰਗ ਰੱਖੀ ਗਈ ਕਿ 6 ਸਾਲ ਬੀਤ ਜਾਣ ਦੇ ਬਾਵਜੂਦ ਜ਼ਿਲ੍ਹਾ ਪ੍ਰੀਸ਼ਦ/ਨਗਰ ਕੌਂਸਲ ਅਧੀਨ ਕੰਮ ਕਰ ਚੁੱਕੇ ਅਧਿਆਪਕਾਂ ਦੇ ਬਕਾਏ ਅਜੇ ਤੱਕ ਲਟਕ ਰਹੇ ਹਨ ਤਾਂ ਇਸ ਮੰਗ ਤੇ ਸਿੱਖਿਆ ਸਕੱਤਰ ਨੇ ਮੌਕੇ ਤੇ ਹੀ ਕੇਸ ਨਾਲ ਸਬੰਧਤ ਫਾਈਲ ਮੰਗਵਾ ਕੇ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਅਧਿਆਪਕਾਂ ਦੇ ਬਕਾਏ ਜਾਰੀ ਕਰਨ ਲਈ ਤੁਰੰਤ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ । ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਕਰਨ ਦੀ ਮੰਗ ਤੇ ਸਿੱਖਿਆ ਸਕੱਤਰ ਨੇ ਕਿਹਾ ਕਿ 21 ਜੂਨ ਤੋਂ ਕਾਫੀ ਬਦਲੀਆਂ ਲਾਗੂ ਕੀਤੀਆਂ ਜਾਣਗੀਆਂ ਅਤੇ ਬਾਕੀ ਬਦਲੀਆਂ ਵੀ ਕੋਰਟ ਕੇਸ ਨਿਬੇੜ ਕੇ ਜਲਦੀ ਲਾਗੂ ਹੋਣਗੀਆਂ l ਈਟੀਟੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਦੇ ਮਾਮਲੇ ਤੇ ਉਨ੍ਹਾਂ ਕਿਹਾ ਕਿ ਇਹ ਕੇਸ ਮਾਣਯੋਗ ਹਾਈ ਕੋਰਟ ਵਿੱਚ ਹੋਣ ਕਰਕੇ ਜਿਵੇਂ ਹੀ ਅਦਾਲਤ ਵੱਲੋਂ ਆਦੇਸ਼ ਜਾਰੀ ਹੁੰਦੇ ਹਨ ਤੁਰੰਤ ਤਰੱਕੀਆਂ ਹੋਣਗੀਆਂ ।
ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਕੋਰੋਨਾ ਸਮੇਂ ਦੌਰਾਨ ਜੇਕਰ ਕਿਸੇ ਅਧਿਆਪਕ ਨੂੰ ਇਕਾਂਤਵਾਸ ਹੋਣਾ ਪੈਂਦਾ ਹੈ ਤਾਂ ਉਨ੍ਹਾਂ ਲਈ ਮੈਡੀਕਲ ਛੁੱਟੀ ਦੀ ਬਜਾਏ ਇਕਾਂਤਵਾਸ ਸਪੈਸ਼ਲ ਛੁੱਟੀ ਲਾਗੂ ਕੀਤੀ ਜਾਵੇ ਤਾਂ ਇਸ ਮੰਗ ਤੇ ਸਹਿਮਤ ਹੁੰਦਿਆਂ ਸਿੱਖਿਆ ਸਕੱਤਰ ਵੱਲੋਂ ਹਾਮੀ ਭਰੀ ਗਈ ਕਿ ਜਲਦੀ ਵਿਭਾਗ ਵੱਲੋਂ ਪੱਤਰ ਜਾਰੀ ਹੋਵੇਗਾ l ਆਗੂਆਂ ਵਲੋਂ ਮੰਗ ਰੱਖੀ ਗਈ ਕਿ ਸਰਕਾਰ ਨੇ 23 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੋਇਆ ਹੈ ਪਰ ਜ਼ਿਲ੍ਹਿਆਂ ਅੰਦਰ ਸਿੱਖਿਆ ਅਧਿਕਾਰੀਆਂ ਵੱਲੋਂ ਅਧਿਆਪਕਾਂ ਨੂੰ ਵਾਰ ਵਾਰ ਸਕੂਲਾਂ ਵਿੱਚ ਜਾਣ ਦੇ ਆਦੇਸ਼ ਕੀਤੇ ਜਾਂਦੇ ਹਨ ਇਸ ਮਾਮਲੇ ਤੇ ਸਿੱਖਿਆ ਸਕੱਤਰ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਵਿਭਾਗ ਵੱਲੋਂ ਛੁੱਟੀਆਂ ਸਮੇਂ ਦੌਰਾਨ ਸਕੂਲ ਵਿੱਚ ਜਾਣ ਦੇ ਕੋਈ ਆਦੇਸ਼ ਨਹੀਂ ਹਨ l
ਇਹ ਵੀ ਪੜ੍ਹੋ: ਪੰਜਾਬ ਐਜੂਕੇਸ਼ਨਲ ਅਪਡੇਟ , ਦੇਖੋ ਹਰ ਖ਼ਬਰ ਇਥੇ
ਐਕਸ ਇੰਡੀਆ ਲੀਵ ਬਹਾਲ ਕਰਨ ਦੀ ਮੰਗ ਤੇ ਉਨ੍ਹਾਂ ਕਿਹਾ ਵਿਭਾਗ ਵੱਲੋਂ ਕੁਝ ਵੀ ਬੰਦ ਨਹੀਂ ਕੀਤਾ ਪੋਰਟਲ ਖੁੱਲ੍ਹਾ ਹੈ ਜੋ ਵੀ ਐਕਸ ਇੰਡੀਆ ਲੀਵ ਲੈਣਾ ਚਾਹੁੰਦਾ ਹੈ ਅਪਲਾਈ ਕਰੇ ਅਤੇ ਵਿਭਾਗ ਵੱਲੋਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ l ਇਸ ਮੀਟਿੰਗ ਵਿਚ ਜਥੇਬੰਦੀ ਦੇ ਮਾਲਵਾ ਜ਼ੋਨ ਪ੍ਰਧਾਨ ਰਣਜੀਤ ਸਿੰਘ ਭਲਾਈਆਣਾ, ਜਸਵੰਤ ਸੈਣੀ,ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਰਹਿਲ, ਮੀਤ ਪ੍ਰਧਾਨ ਗੁਰਮੀਤ ਢਾਬਾਂ,ਤਜਿੰਦਰ ਸਿੰਘ ਸੰਗਰੂਰ,ਕੁਲਦੀਪ ਪਟਿਆਲਵੀ,ਅਮਰਜੀਤ ਸਿੰਘ ਬਿੱਟੂ, ਸ਼ਗਨ ਸਿੰਘ ਫ਼ਾਜ਼ਿਲਕਾ,ਨਵੀਨ ਸ਼ੈਮ, ਹਰਜਿੰਦਰ ਸਿੰਘ ਮਲੇਰਕੋਟਲਾ,ਸੁਖਦੇਵ ਸਿੰਘ ਮੁਕਤਸਰ ਹਾਜ਼ਰ ਸਨ l