बुधवार, जून 02, 2021

ਜ਼ਿਲ੍ਹਾ ਰੋਜਗਾਰ ਬਿਊਰੋ ਦੀ ਮੋਬਾਇਲ ਐਪ ਨੇ ਜ਼ਿਲ੍ਹੇ ਦੀਆਂ ਲੜਕੀਆਂ ਨੂੰ ਦਿੱਲੀ ਦੇ ਅਪੋਲੋ ਹਸਪਤਾਲ ’ਚ ਦਿਵਾਇਆ ਰੋਜ਼ਗਾਰ : ਅਪਨੀਤ ਰਿਆਤ

 ਜ਼ਿਲ੍ਹਾ ਰੋਜਗਾਰ ਬਿਊਰੋ ਦੀ ਮੋਬਾਇਲ ਐਪ ਨੇ ਜ਼ਿਲ੍ਹੇ ਦੀਆਂ ਤਿੰਨ ਲੜਕੀਆਂ ਨੂੰ ਦਿੱਲੀ ਦੇ ਅਪੋਲੋ ਹਸਪਤਾਲ ’ਚ ਦਿਵਾਇਆ ਰੋਜ਼ਗਾਰ : ਅਪਨੀਤ ਰਿਆਤ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤਿੰਨਾਂ ਦਾ ਬਤੌਰ ਸਟਾਫ਼ ਨਰਸ 2.50 ਤੋਂ 3 ਲੱਖ ਰੁਪਏ ਦਾ ਸਲਾਨਾ ਪੈਕੇਜ ’ਤੇ ਹੋਈ ਚੋਣ

ਕਿਹਾ, ਜ਼ਿਲ੍ਹਾ ਰੋਜਗਾਰ ਬਿਊਰੋ ਵਲੋਂ ਨੌਜਵਾਨਾਂ ਯੋਗਤਾ ਅਨੁਸਾਰ ਕਰਵਾਈ ਜਾ ਰਹੀ ਹੈ ਪਲੇਸਮੈਂਟ

ਨੌਜਵਾਨਾਂ ਨੂੰ ਡੀ.ਬੀ.ਈ.ਈ. ਆਨਲਾਈਨ ਐਪ ਡਾਊਨਲੋਡ ਕਰਨ ਲਈ ਕੀਤਾ ਉਤਸ਼ਾਹਿਤ

ਹੁਸ਼ਿਆਰਪੁਰ, 2 ਜੂਨ: ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵਲੋਂ ਬਣਾਈ ਗਈ ਡੀ.ਬੀ.ਈ.ਈ. ਆਨਲਾਈਨ ਮੋਬਾਇਲ ਐਪ ਨੇ ਜ਼ਿਲ੍ਹੇ ਦੀਆਂ ਤਿੰਨ ਲੜਕੀਆਂ ਨੂੰ ਦਿੱਲੀ ਦੇ ਪ੍ਰਸਿੱਧ ਅਪੋਲੋ ਹਸਪਤਾਲ ਵਿੱਚ ਰੋਜ਼ਗਾਰ ਮੁਹੱਈਆ ਕਰਵਾਇਆ ਹੈ, ਐਨੇ ਵੱਡੇ ਹਸਪਤਾਲ ਵਿੱਚ ਨੌਕਰੀ ਪਾਉਣ ’ਤੇ ਇਹ ਤਿੰਨੋਂ ਲੜਕੀਆਂ ਬਹੁਤ ਉਤਸ਼ਾਹਿਤ ਹਨ ਅਤੇ ਜ਼ਿਲ੍ਹਾ ਰੋਜ਼ਗਾਰ ਬਿਊਰੋ ਦਾ ਧੰਨਵਾਦ ਕਰਦੀਆਂ ਹਨ, ਜਿਨ੍ਹਾਂ ਦੀ ਮਦਦ ਨਾਲ ਉਨ੍ਹਾਂ ਨੂੰ ਇਹ ਬੇਹਤਰੀਨ ਮੌਕਾ ਪ੍ਰਾਪਤ ਹੋਇਆ ਹੈ।

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਚੁਣੇ ਹੋਏ ਉਮੀਦਵਾਰਾਂ ਨੂੰ ਅਪੋਲੋ ਹਸਪਤਾਲ ਵਲੋਂ ਭੇਜੇ ਗਏ ਨਿਯੁਕਤੀ ਪੱਤਰ ਸੌਂਪਦੇ ਹੋਏ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਦੱਸਿਆ ਕਿ ਡੀ.ਬੀ.ਈ.ਈ. ਆਨਲਾਈਨ ਮੋਬਾਇਲ ਐਪ ਰਾਹੀਂ ਅਪੋਲੋ ਹਸਪਤਾਲ ਦਿੱਲੀ ਵਿੱਚ ਸਟਾਫ ਨਰਸ ਦੀ ਭਰਤੀ ਲਈ 23 ਬਿਨੈ ਪੱਤਰ ਪ੍ਰਾਪਤ ਹੋਏ ਜਿਨ੍ਹਾਂ ਵਿੱਚੋਂ 9 ਨੂੰ ਸ਼ਾਰਟਲਿਸਟ ਕਰਕੇ ਉਨ੍ਹਾਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਇੰਟਰਵਿਊ ਕਰਵਾਈ ਗਈ ਅਤੇ 3 ਉਮੀਦਵਾਰਾਂ ਨੂੰ ਬਤੌਰ ਸਟਾਫ਼ ਨਰਸ 2.50 ਲੱਖ ਤੋਂ 3 ਲੱਖ ਰੁਪਏ ਦੇ ਸਲਾਨਾ ਪੈਕੇਜ ’ਤੇ ਨਿਯੁਕਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਿਊਰੋ ਵਲੋਂ ਨੌਜਵਾਨਾਂ ਨੂੰ ਉਨ੍ਹਾਂ ਦੀ ਪੜਾਈ ਅਤੇ ਯੋਗਤਾ ਅਨੁਸਾਰ ਸਬੰਧਤ ਸੰਸਥਾਵਾਂ ਵਿੱਚ ਉਨ੍ਹਾਂ ਦੀ ਪਲੇਸਮੈਂਟ ਕਰਵਾਈ ਜਾਂਦੀ ਹੈ।

ਅਪਨੀਤ ਰਿਆਤ ਨੇ ਇਸ ਦੌਰਾਨ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਡੀ.ਬੀ.ਈ.ਈ. ਆਨਲਾਈਨ ਮੋਬਾਇਲ ਐਪ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰਕੇ ਆਪਣੀ ਮਨਚਾਹੀ ਨੌਕਰੀ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੋਜਗਾਰ ਅਫ਼ਸਰ ਗੁਰਮੇਲ ਸਿੰਘ, ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ ਅਤੇ ਕੈਰੀਅਰ ਕੌਂਸਲਰ ਅਦਿਤਿਆ ਰਾਣਾ ਅਤੇ ਸਮੂਹ ਜ਼ਿਲ੍ਹਾ ਰੋਜ਼ਗਾਰ ਬਿਊਰੋ ਦੀ ਮਿਹਨਤੀ ਟੀਮ ਹਮੇਸ਼ਾਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਵਧੀਆ ਕੰਪਨੀਆਂ ਵਿੱਚ ਵੱਧ ਪੈਕੇਜ ਵਾਲੇ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਰਹਿੰਦੀ ਹੈ, ਜਿਸ ਲਈ ਉਹ ਸ਼ਲਾਘਾ ਦੇ ਪਾਤਰ ਹਨ।  

ਅਪੋਲੋ ਹਸਪਤਾਲ ਦਿੱਲੀ ਵਿੱਚ ਬਤੌਰ ਸਟਾਫ਼ ਨਰਸ ਚੁਣੀ ਗਈ ਆਰਤੀ ਕੁਮਾਰੀ ਨੇ ਦੱਸਿਆ ਕਿ ਉਸ ਦਾ ਰਿਸ਼ਤਾ ਦਿੱਲੀ ਵਿੱਚ ਹੋ ਚੁੱਕਾ ਸੀ ਅਤੇ ਉਸ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਵਿਆਹ ਤੋਂ ਬਾਅਦ ਦਿੱਲੀ ਜਾ ਕੇ ਰੋਜ਼ਗਾਰ ਲੱਭਣਾ ਪਵੇਗਾ, ਪਰੰਤੂ ਰੋਜ਼ਗਾਰ ਬਿਊਰੋ ਦੀ ਮੋਬਾਇਲ ਐਪ ਰਾਹੀਂ ਵਿਆਹ ਤੋਂ ਪਹਿਲਾਂ ਹੀ ਦੇਸ਼ ਦੇ ਨਾਮੀ ਹਸਪਤਾਲ ਵਿੱਚ ਨੌਕਰੀ ਪ੍ਰਾਪਤ ਹੋ ਗਈ ਅਤੇ ਉਸ ਦੀ ਆਪਣੇ ਭਵਿੱਖ ਸਬੰਧੀ ਸਾਰੀਆਂ ਚਿੰਤਾਵਾਂ ਦੂਰ ਹੋ ਗਈਆਂ। ਸਰਗਮ ਭਾਮਰਾ ਜਿਸ ਨੇ ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਨਰਸਿੰਗ ਤੋਂ ਹਾਲ ਹੀ ਵਿੱਚ ਆਪਣੀ ਨਰਸਿੰਗ ਦੀ ਪੜਾਈ ਪੂਰੀ ਕੀਤੀ ਹੈ, ਨੇ ਦੱਸਿਆ ਕਿ ਬਤੌਰ ਫਰੈਸ਼ਰ ਅਪੋਲੋ ਹਸਪਤਾਲ ਵਰਗੇ ਵੱਡੇ ਹਸਪਤਾਲ ਵਿੱਚ ਨੌਕਰੀ ਹਾਸਲ ਕਰਕੇ ਉਹ ਅਤੇ ਉਸ ਦੇ ਪਰਿਵਾਰ ਵਾਲੇ ਬਹੁਤ ਖੁਸ਼ ਹਨ। ਉਸ ਨੇ ਕਦੇ ਸੋਚਿਆ ਨਹੀਂ ਸੀ ਕਿ ਇਹ ਮੋਬਾਇਲ ਐਪ ਰਾਹੀਂ ਘਰ ਬੈਠੇ ਹੀ ਉਸ ਨੂੰ ਐਨੀ ਵਧੀਆ ਨੌਕਰੀ ਮਿਲ ਸਕੇਗੀ। ਦਲਜੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਦਿੱਲੀ ਵਿੱਚ ਹੋ ਚੁੱਕਾ ਹੈ ਅਤੇ ਉਸ ਨੇ ਡੀ.ਬੀ.ਈ.ਈ. ਮੋਬਾਇਲ ਐਪ ਡਾਊਨਲੋਡ ਕੀਤਾ ਸੀ ਅਤੇ ਇਸ ਰਾਹੀਂ ਉਸ ਦੀ ਵੀ ਅਪੋਲੋ ਹਸਪਤਾਲ ਵਿੱਚ ਨਿਯੁਕਤੀ ਹੋਈ ਹੈ, ਜਿਸ ਲਈ ਉਹ ਜ਼ਿਲ੍ਹਾ ਰੋਜ਼ਗਾਰ ਬਿਊਰੋ ਦਾ ਧੰਨਵਾਦ ਪ੍ਰਗਟ ਕਰਦੀ ਹੈ ਜਿਸ ਨੇ ਹਜ਼ਾਰਾਂ ਨੌਜਵਾਨਾਂ ਨੂੰ ਆਨਲਾਈਨ ਪਲੇਟਫਾਰਮ ਨਾਲ ਜੋੜਦੇ ਹੋਏ ਰੋਜ਼ਗਾਰ ਪ੍ਰਦਾਨ ਕੀਤਾ ਹੈ।

Today's Highlight

ਵੱਧ ਰਹੀ ਤਪਸ਼ ਅਤੇ ਲੂ ਤੋਂ ਬਚਣ ਲਈ ਸਿਵਲ ਸਰਜਨ ਵੱਲੋਂ ਹਦਾਇਤਾਂ ਜਾਰੀ, ਪੜ੍ਹੋ

  ਵੱਧ ਰਹੀ ਤਪਸ਼, ਲੂ ਤੋਂ ਬਚੋਂ - ਸਿਵਲ ਸਰਜਨ ਕਿੱਧਰੇ ਵੀ ਬਾਹਰ ਜਾਣ ਤੋਂ ਪਹਿਲਾਂ ਪਾਣੀ ਪੀਓ ਅੰਮ੍ਰਿਤਸਰ 10 ਜੂਨ : ਵੱਧ ਰਹੀ ਤਪਸ਼ ਅਤੇ ਲੂ ਤੋਂ ਬਚਣ ਲਈ ਸਿਵਲ ਸਰਜਨ ਦਫ਼...