3582 ਅਧਿਆਪਕਾਂ ਵੱਲੋਂ ਸਿਧਾਂਤਕ ਹਾਜ਼ਰੀ ਦੀ ਮਿਤੀ ਤੋਂ ਤਨਖ਼ਾਹ ਸਮੇਤ ਸਾਰੇ ਲਾਭ ਅਤੇ ਬਦਲੀਆਂ ਕਰਨ ਦੀ ਮੰਗ
ਸੰਗਰੂਰ, 22 ਜੂਨ (): 3582 ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਲਜੀਤ ਸਫ਼ੀਪੁਰ ਅਤੇ ਜਨਰਲ ਸਕੱਤਰ ਸੁਖਵਿੰਦਰ ਗਿਰ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸਤੰਬਰ 2017 ਵਿੱਚ 3582 ਮਾਸਟਰ ਕੇਡਰ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ। ਇਨ੍ਹਾਂ ਅਸਾਮੀਆਂ ਲਈ ਕਾਉਂਸਲਿੰਗ ਕਰਕੇ ਵਿਭਾਗ ਦੇ ਹੁਕਮਾਂ ਅਨੁਸਾਰ ਚੁਣੇ ਗਏ ਇਨ੍ਹਾਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਡਾਇਰੈਕਟੋਰੇਟ ਮੁਹਾਲੀ ਵਿਖੇ ਮਿਤੀ 16 ਜੁਲਾਈ 2018 ਨੂੰ ਸਿਧਾਂਤਕ ਤੌਰ ਤੇ ਹਾਜ਼ਰ ਕਰਵਾ ਕੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਟ੍ਰੇਨਿੰਗ ਲਗਾਈ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸਟੇਸ਼ਨ ਅਲਾਟ ਕਰਕੇ ਉਨ੍ਹਾਂ ਦੀ ਨਿਯੁਕਤੀ ਵਾਲੇ ਸਕੂਲਾਂ ਵਿੱਚ ਹਾਜ਼ਰ ਕਰਵਾਇਆ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਸਿਖਲਾਈ ਅਤੇ ਸਟੇਸ਼ਨ ਅਲਾਟ ਕਰਨ ਉਪਰੰਤ ਅਧਿਆਪਕਾਂ ਦੀ ਨਿਯੁਕਤੀ ਮਿਤੀ 26 ਜੁਲਾਈ 2018 ਤੋਂ ਮਿੱਥੀ ਮੰਨੀ ਗਈ ਜਦੋਂ ਕਿ ਉਹ ਤਾਂ 16 ਜੁਲਾਈ 2018 ਤੋਂ ਹੀ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਹਾਜ਼ਰ ਹੋ ਕੇ ਸਿਖਲਾਈ ਆਦਿ ਲੈ ਰਹੇ ਸਨ।
ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਹੁਣ ਨਵੀਂ ਨਿਯੁਕਤ ਵਾਲੇ 3704 ਅਧਿਆਪਕਾਂ ਦੀ ਭਰਤੀ ਲਈ ਉਨ੍ਹਾਂ ਦੀ ਸਿਧਾਂਤਕ ਹਾਜ਼ਰੀ ਦੇ ਸਮੇਂ ਤੋਂ ਹੀ ਤਨਖ਼ਾਹ ਅਤੇ ਹੋਰ ਸਾਰੇ ਲਾਭ ਦੇਣ ਲਈ ਵਿਸ਼ੇਸ਼ ਪੱਤਰ ਜਾਰੀ ਕਰਕੇ ਹੁਕਮ ਦਿੱਤੇ ਗਏ ਹਨ, ਪ੍ਰਤੂੰ 3582 ਅਧਿਆਪਕਾਂ ਨਾਲ ਅਜਿਹਾ ਨਹੀਂ ਹੋਇਆ ਸੀ ਜਦੋਂ ਕਿ ਸਿੱਖਿਆ ਵਿਭਾਗ ਦੁਆਰਾ 3704 ਅਧਿਆਪਕਾਂ ਵਾਂਗ ਹੀ 3582 ਅਧਿਆਪਕਾਂ ਦੀ ਵੀ ਸਿਧਾਂਤਕ ਹਾਜ਼ਰੀ ਕਰਵਾ ਕੇ ਹੀ ਵਿਭਾਗੀ ਟ੍ਰੇਨਿੰਗ ਲਗਾਈ ਸੀ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਵੀ 3582 ਅਧਿਆਪਕਾਂ ਦੀਆਂ ਇਨ੍ਹਾਂ ਜਾਇਜ਼ ਮੰਗਾਂ ਦੀ ਪ੍ਰੋੜਤਾ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 3582 ਅਧਿਆਪਕਾਂ ਨੂੰ ਵੀ ਉਨ੍ਹਾਂ ਦੀ ਸਿਧਾਂਤਕ ਹਾਜ਼ਰੀ ਦੀ ਮਿਤੀ ਤੋਂ ਹੀ ਤਨਖ਼ਾਹ ਸਮੇਤ ਹੋਰ ਸਾਰੇ ਲਾਭ ਦਿੱਤੇ ਜਾਣ ਤੇ ਆਪਣੇ ਘਰਾਂ ਤੋਂ ਸੈਂਕੜੇ ਕਿਲੋਮੀਟਰ ਦੂਰ ਬੈਠੇ 3582 ਨਾਨ-ਬਾਰਡਰ ਅਤੇ 6060 ਬਾਰਡਰ, ਨਾਨ-ਬਾਰਡਰ ਅਧਿਆਪਕਾਂ ਦੀਆਂ ਬਦਲੀਆਂ ਬਿਨਾਂ ਕਿਸੇ ਦੇਰੀ ਨਾਲ ਤੁਰੰਤ ਕੀਤੀਆਂ ਜਾਣ।