ਸਕੂਲ ਦਰਸ਼ਨ ਪ੍ਰੋਗਰਾਮ ਵਿੱਚ ਲੁਧਿਆਣਾ ਜਿਲ੍ਹੇ ਦੀ ਰਹੀ ਬੱਲੇ ਬੱਲੇ।
ਸਮੂਹ 533 ਸਕੂਲਾਂ ਵਿਚ ਮਾਪਿਆਂ ਦਾ ਮਿਲਿਆ ਭਰਵਾਂ ਹੁੰਗਾਰਾ।
ਕਾਫੀ ਮਾਪਿਆਂ ਨੇ ਆਪਣੇ ਬੱਚਿਆਂ ਦਾ ਮੌਕੇ ਤੇ ਹੀ ਕਰਾਇਆ ਦਾਖਲਾ।
ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਨਵੇਂ ਸੈਸ਼ਨ 2021-22 ਲਈ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ। ਸਿੱਖਿਆ ਵਿਭਾਗ ਵੱਲੋਂ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸਨ ਕੁਮਾਰ ਆਈ.ਏ.ਐੱਸ. ਦੀ ਦੇਖ-ਰੇਖ ਵਿੱਚ ਨਵੇਂ ਦਾਖ਼ਲਿਆਂ ਲਈ ਜਾਰੀ ਦਾਖ਼ਲਾ ਮੁਹਿੰਮ 'ਈਚ ਵਨ ਬਰਿੰਗ ਵਨ' ਤਹਿਤ ਅਧਿਆਪਕਾਂ, ਸਕੂਲ ਮੁਖੀਆਂ, ਸਕੂਲ ਮੈਨੇਜਮੈਂਟ ਕਮੇਟੀਆਂ, ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਸੈਕੰਡਰੀ ਅਤੇ ਐਲੀਮੈਂਟਰੀ ਅਤੇ ਮੁੱਖ ਦਫ਼ਤਰ ਦੇ ਉੱਚ-ਅਧਿਕਾਰੀਆਂ ਵੱਲੋਂ ਤਨਦੇਹੀ ਨਾਲ ਕਾਰਜ ਕੀਤਾ ਜਾ ਰਿਹਾ ਹੈ
ਅੱਜ " ਸਕੂਲ ਦਰਸ਼ਨ " ਪ੍ਰੋਗਰਾਮ ਤਹਿਤ ਲੁਧਿਆਣਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਜੀਤ ਸਿੰਘ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਚਰਨਜੀਤ ਸਿੰਘ ਜਲਾਜਣ ਦੀ ਅਗਵਾਈ ਵਿੱਚ ਲੁਧਿਆਣਾ ਜਿਲ੍ਹੇ ਦੇ 533 ਸਕੂਲਾਂ ਵਿਚ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖ਼ਲਿਆਂ ਨੂੰ ਵਧਾਉਣ ਲਈ ਮਾਪਿਆਂ ਨੂੰ ਸਕੂਲਾਂ ਵਿਚ ਬੁਲਾ ਕੇ ਸਕੂਲ ਵਿਚ ਮੌਜੂਦ ਸਹੁਲਤਾਂ ਦੇ ਦਰਸ਼ਨ ਕਰਵਾਏ ਗਏ। ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦੀਆਂ ਦਿਖ ਪ੍ਰਦਰਸ਼ਿਤ ਕੀਤੀ ਗਈ, ਸਕੂਲਾਂ ਦੇ ਸਮਾਰਟ ਕਲਾਸਰੂਮਾਂ, ਸਮਾਰਟ ਤਕਨਾਲੋਜੀ ਦੀ ਵਰਤੋਂ ਨਾਲ ਕਰਵਾਈ ਜਾਣ ਵਾਲੀ ਪੜ੍ਹਾਈ, ਖੇਡ ਮੈਦਾਨ, ਝੁੱਲੇ ਆਦਿ ਮਾਪਿਆਂ ਨੂੰ ਵਿਖਾਏ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰੀ ਸਕੂਲ ਸਮੇਂ ਦੇ ਹਾਣੀ ਬਣ ਚੁੱਕੇ ਹਨ| ਅੱਜ ਸਰਕਾਰੀ ਵਿੱਚ ਸਮਾਰਟ ਕਲਾਸ ਰੂਮ,ਈ-ਕੰਟੇਂਟ ਨਾਲ ਪੜ੍ਹਾਈ,ਬਾਲਾ ਵਰਕ ਵਰਗੀਆਂ ਸਹੂਲਤਾਂ ਨੇ ਜਿਸ ਕਾਰਣ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਵੀ ਸਰਕਾਰੀ ਸਕੂਲਾਂ ਵੱਲ ਖਿੱਚੇ ਜਾ ਰਹੇ ਹਨ| ਜਿਸ ਕਾਰਨ ਹਰ ਦਿਨ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਵੱਧ ਰਿਹਾ ਹੈ| ਮਾਪਿਆਂ ਦਾ ਰੁਝਾਨ ਸਰਕਾਰੀ ਸਕੂਲਾਂ ਵੱਲ ਹੀ ਹੈ| ਅੱਜ ਵੀ ਜਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦਾ ਦਾਖ਼ਲਾ ਹੋਇਆ, ਜਿਨ੍ਹਾਂ ਵਿਚ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਵੀ ਸ਼ਾਮਲ ਹਨ।
ਜਿਲ੍ਹਾ ਮੀਡੀਆ ਕੋਆਰਡੀਨੇਟਰ ਅੰਜੂ ਸੂਦ ਨੇ ਕਿਹਾ ਕਿ ਸਕੂਲਾਂ ਵਿੱਚ ਸਕੂਲ ਦਰਸ਼ਨ ਪ੍ਰੋਗਰਾਮ ਦੌਰਾਨ ਵਿਭਾਗ ਦੀਆਂ ਵੱਖ ਵੱਖ ਗਤੀਵਿਧੀਆਂ ਜਿਵੇਂ ਕਿ ਸਮਾਰਟ ਕਲਾਸਰੂਮ,ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ ,ਵਜ਼ੀਫੇ ਸਰਕਾਰ ਵਲੋਂ ਪ੍ਰਾਪਤ ਅਤਿ ਆਧੁਨਿਕ ਸਹੂਲਤਾਂ ਪ੍ਰਤੀ ਮਾਪਿਆਂ ਨੂੰ ਜਾਗਰੂਕ ਕੀਤਾ ਗਿਆ। ਮਾਪਿਆਂ ਨੇ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਸਰਕਾਰੀ ਸਕੂਲਾਂ ਬਾਖ਼ੂਬੀ ਪ੍ਰਸ਼ੰਸਾ ਕੀਤੀ। ਸਕੂਲਾਂ ਦੀ ਸੋਹਣੀ ਦਿੱਖ ਦੇਖ ਕੇ ਮਾਪੇ ਹੱਕੇ ਬੱਕੇ ਰਹਿ ਗਏ। ਅੱਜ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਮੂਹ ਸਕੂਲ ਮੁਖੀਆਂ, ਅਧਿਆਪਕਾਂ, ਸਮੂਹ ਬੀ. ਐੱਨ. ਓ, ਡੀ.ਐੱਮ, ਬੀ. ਐੱਮ ਅਤੇ ਸਕੂਲਾਂ ਦੇ ਮੀਡੀਆ ਕੋਆਰਡੀਨੇਟਰਾਂ ਨੇ ਅਣਥੱਕ ਮਿਹਨਤ ਕੀਤੀ।