Latest updates

Thursday, March 4, 2021

ਅਧਿਆਪਕਾਂ ਦੀ ਸਮਰੱਥਾ ਅਤੇ ਯੋਗਤਾ ਨਾਲ ਸਕੂਲਾਂ ਵਿੱਚ ਗੁਣਾਤਮਿਕ ਅਤੇ ਗਿਣਾਤਮਿਕ ਸੁਧਾਰਾਂ ਦੀ ਲਹਿਰ – ਸਿੱਖਿਆ ਸਕੱਤਰ

 ਅਧਿਆਪਕਾਂ ਦੀ ਸਮਰੱਥਾ ਅਤੇ ਯੋਗਤਾ ਨਾਲ ਸਕੂਲਾਂ ਵਿੱਚ ਗੁਣਾਤਮਿਕ ਅਤੇ ਗਿਣਾਤਮਿਕ ਸੁਧਾਰਾਂ ਦੀ ਲਹਿਰ – ਸਿੱਖਿਆ ਸਕੱਤਰ

ਸੈਂਟਰ ਹੈੱਡ ਟੀਚਰਾਂ ਦੀ ਦੋ ਦਿਨਾਂ ਸਿਖਲਾਈ ਦਾ ਤੀਜਾ ਗੇੜ ਸਮਾਪਤ

ਐੱਸ.ਏ.ਐੱਸ. ਨਗਰ 4 ਮਾਰਚ ( ਪ੍ਰਮੋਦ ਭਾਰਤੀ)
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਵਿੱਚ ਸਰਕਾਰੀ ਪ੍ਰਾਇਮਰੀ ਸਕੂਲਾਂ ਅੰਦਰ ਵਿਦਿਆਰਥੀਆਂ ਨੂੰ ਮਿਆਰੀ ਅਤੇ ਗੁਣਾਤਮਿਕ ਸਿੱਖਿਆ ਦੇਣ ਲਈ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਸਿੱਖਣ-ਸਿਖਾਉਣ ਵਿਧੀਆਂ, ਸਕੂਲ ਪ੍ਰਬੰਧਨ ਅਤੇ ਸਮਾਰਟ ਤਕਨਾਲੋਜੀ ਦੀ ਵਰਤੋਂ ਦੀ ਸਿਖਲਾਈ ਦੇਣ ਲਈ ਸੈਂਟਰ ਹੈੱਡ ਟੀਚਰਾਂ ਦੀ ਦੋ ਦਿਨਾਂ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦਾ ਤੀਜਾ ਗੇੜ ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ ਵਿਖੇ ਸਮਾਪਤ ਹੋ ਗਿਆ ਹੈ। ਸੈਂਟਰ ਹੈੱਡ ਟੀਚਰਾਂ ਨੂੰ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਸਮਰੱਥਾ ਅਤੇ ਯੋਗਤਾ ਨਾਲ ਸਕੂਲਾਂ ਵਿੱਚ ਗੁਣਾਤਮਿਕ ਸਿੱਖਿਆ ਅਤੇ ਗਿਣਾਤਮਿਕ ਸੁਧਾਰਾਂ ਦੀ ਲਹਿਰ ਨੂੰ ਬਹੁਤ ਜਿਆਦਾ ਹੁਲਾਰਾ ਮਿਲਿਆ ਹੈ। ਸਕੂਲਾਂ ਵਿੱਚ ਸੈਂਟਰ ਹੈੱਡ ਟੀਚਰ ਅਧਿਆਪਕਾਂ ਦੇ ਗ੍ਰੀਵੀਐਂਸਜ਼ ਖੁਦ ਹੱਲ ਕਰਵਾਉਣ ਲਈ ਕਾਰਵਾਈ ਕਰਨ। ਇਹਨਾਂ ਕਾਰਜਾਂ ਲਈ ਕਿਸੇ ਕਿਸਮ ਦੀ ਸਿਫ਼ਾਰਿਸ਼ ਦੀ ਲੋੜ ਨਹੀਂ ਹੈ। ਸਮੂਹ ਸਕੂਲ ਮੁਖੀਆਂ ਨੇ ਹੁਣ ਪੰਜਾਬ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਲਈ ਵਿਦਿਆਰਥੀਆਂ ਨੂੰ ਤਿਆਰ ਕਰਨਾ ਹੈ ਇਸ ਲਈ ਸਮੂਹ ਸੈਂਟਰ ਹੈੱਡ ਟੀਚਰ ਆਪਣੇ ਆਪਣੇ ਸੈਂਟਰ ਦੇ ਹਰੇਕ ਬੱਚੇ ਦੇ ਸਿੱਖਣ ਪੱਧਰਾਂ ਅਤੇ ਸਿੱਖਣ ਪਰਿਣਾਮਾਂ ਦੀ ਪ੍ਰਾਪਤੀ ਲਈ ਉਚੇਚੇ ਯਤਨ ਕਰ ਰਹੇ ਹਨ। ਸਕੂਲਾਂ ਵਿੱਚ ਦਾਖਲਿਆਂ ਨੂੰ ਵਧਾਉਣ ਲਈ ਮਾਪਿਆਂ ਨੂੰ ਸਕੂਲਾਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦੇਣਾ ਸੈਂਟਰ ਹੈੱਡ ਟੀਚਰ ਲਈ ਬਹੁਤ ਸੌਖਾ ਹੁੰਦਾ ਹੈ। ਸਕੂਲਾਂ ਵਿੱਚ ਹੋ ਰਹੇ ਵਧੀਆ ਕੰਮਾਂ ਦਾ ਪ੍ਰਚਾਰ ਕਰਨ ਲਈ ਸਕੂਲ ਮੁਖੀ ਅਤੇ ਅਧਿਆਪਕ ਵੱਧ ਤੋਂ ਵੱਧ ਉਪਰਾਲੇ ਕਰਨ।  

ਇਸ ਸਿਖਲਾਈ ਵਰਕਸ਼ਾਪ ਦੌਰਾਨ ਡੀਪੀਆਈ ਐਲੀਮੈਂਟਰੀ ਸਿੱਖਿਆ ਪੰਜਾਬ ਲਲਿਤ ਕਿਸ਼ੋਰ ਘਈ ਅਤੇ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਜਗਤਾਰ ਸਿੰਘ ਕੁਲੜੀਆਂ ਨੇ ਉਚੇਚੇ ਤੌਰ 'ਤੇ ਵਿਜ਼ਟ ਕੀਤੀ ਅਤੇ ਸੈਂਟਰ ਹੈੱਡ ਟੀਚਰਾਂ ਨੂੰ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਹਿੱਤ ਉਪਰਾਲੇ ਕਰਨ 'ਤੇ ਜ਼ੋਰ ਦੇਣ ਲਈ ਕਿਹਾ।

ਸਿਖਲਾਈ ਵਰਕਸ਼ਾਪ ਦੌਰਾਨ ਸਟੇਟ ਰਿਸੋਰਸ ਪਰਸਨਾਂ ਨੇ ਸਮੂਹ ਭਾਗ ਲੈਣ ਵਾਲੇ ਸੈਂਟਰ ਹੈੱਡ ਟੀਚਰਾਂ ਨੂੰ ਵੱਖ-ਵੱਖ ਵਿਸ਼ਿਆਂ ਨੂੰ ਪੜ੍ਹਾਉਣ, ਮੌਜੂਦਾ ਸਮੇਂ ਅਨੁਸਾਰ ਪਾਠਕ੍ਰਮ ਨੂੰ ਕਰਵਾਉਣ ਲਈ ਵਰਤੀਆਂ ਜਾਣ ਵਾਲੀ ਸਮਾਰਟ ਤਕਨੀਕਾਂ, ਸਿੱਖਣ-ਸਿਖਾਉਣ ਲਈ ਵਰਤੀ ਜਾਣ ਵਾਲੀ ਟੀ.ਐੱਲ.ਐੱਮ. ਦੀ ਤਿਆਰੀ, ਜਮਾਤਾਂ ਦੇ ਕਮਰਿਆਂ ਦੇ ਅੰਦਰ ਅਤੇ ਬਾਹਰ ਬਾਲਾ ਵਰਕ ਬਾਰੇ ਜਾਣਕਾਰੀ, ਸਕੂਲਾਂ ਵਿੱਚ ਜਮਾਤ ਅਨੁਸਾਰ ਸਿੱਖਣ ਪਰਿਣਾਮਾਂ ਦੀ ਪ੍ਰਾਪਤੀ ਲਈ ਕੁਇਜ਼ 'ਤੇ ਆਧਾਰਿਤ ਸਲਾਇਡਾਂ ਦੀ ਵੱਧ ਤੋਂ ਵੱਧ ਵਰਤੋਂ, ਸਕੂਲਾਂ ਵਿੱਚ ਸ਼ੁਰੂ ਹੋਏ ਨੈਤਿਕ ਸਿੱਖਿਆ ਸਬੰਧੀ ਨਵੇਂ ਵਿਸ਼ੇ ਸਵਾਗਤ ਜ਼ਿੰਦਗੀ ਦੀ ਮਹੱਤਤਾ, ਬੱਚਿਆਂ ਦੀ ਵੱਖ-ਵੱਖ ਭਾਸ਼ਾਵਾਂ ਨੂੰ ਸਿੱਖਣ ਲਈ ਰੁਚੀ ਨੂੰ ਪ੍ਰਫੁੱਲਤ ਕਰਨ ਹਿੱਤ ਇੰਗਲਿਸ਼ ਬੂਸਟਰ ਕਲੱਬਾਂ ਦੇ ਸੁਚਾਰੂ ਡੰਗ ਨਾਲ ਸੰਚਾਲਨ ਸਬੰਧੀ ਸਿਖਲਾਈ ਦਿੱਤੀ ਗਈ। ਇਸ ਮੌਕੇ ਵਿਦਿਆਰਥੀਆਂ ਨੂੰ ਸਾਹਿਤਕ ਗਤਿਵਿਧੀਆਂ ਨਾਲ ਜੋੜਣ ਲਈ ਰੀਡਿੰਗ ਕਾਰਨਰ ਵਿੱਚ ਬਾਲ ਮੈਗਜ਼ੀਨਾਂ ਤਿਆਰ ਕਰਨਾ ਅਤੇ ਪੜ੍ਹਣ ਦੀ ਰੁਚੀ ਵਿਕਸਿਤ ਕਰਨਾ, ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਣ ਲਈ ਖੇਡ ਨੀਤੀ ਤਹਿਤ ਵੱਖ ਵੱਖ ਖੇਡਾਂ ਦੀ ਜਾਣਕਾਰੀ ਦੇਣਾ, ਸਕੂਲਾਂ ਵਿੱਚ ਸਮਾਰਟ ਕਲਾਸਰੂਮਾਂ ਵਿੱਚ ਸਮਾਰਟ ਤਕਨੀਕ ਦੀ ਵਰਤੋਂ ਕਰਕੇ ਵਿਭਾਗ ਦੁਆਰਾ ਤਿਆਰ ਕੀਤੇ ਗਏ ਪੰਜਾਬ ਐਜੂਕੇਅਰ ਐਪ ਦੀ ਵਰਤੋਂ ਬੱਚਿਆਂ ਅਤੇ ਮਾਪਿਆਂ ਨੂੰ ਸਿਖਾਉਣਾ ਆਦਿ ਬਾਰੇ ਵੀ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਗਈ।

Ads