ਸਿੱਖਿਆ ਵਿਭਾਗ ਵੱਲੋਂ ਮੁੱਖ ਦਫ਼ਤਰ ਵਿਖੇ ‘ਸਮਾਰਟ ਸਕੂਲ ਪ੍ਰਾਜੈਕਟ' ਅਧੀਨ ਦੋ ਦਿਨਾਂ ਵਰਕਸ਼ਾਪ ਸਮਾਪਤ
ਸਿੱਖਿਆ ਸਕੱਤਰ ਨੇ ਸਿੱਖਿਆ ਸੁਧਾਰ ਟੀਮਾਂ ਨੂੰ ਸਕੂਲ ਸਿੱਖਿਆ ਦੇ ਵਿਕਾਸ ਲਈ ਵਿਆਪਕ ਭੂਮਿਕਾ ਨਿਭਾਉਣ ਲਈ ਕੀਤਾ ਪ੍ਰੇਰਿਤ
ਐੱਸ.ਏ.ਐੱਸ. ਨਗਰ 4 ਮਾਰਚ ( ਪ੍ਰਮੋਦ ਭਾਰਤੀ ) ਸਿੱਖਿਆ ਵਿਭਾਗ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਅਧੀਨ ‘ਸਮਾਰਟ ਸਕੂਲ ਮੁਹਿੰਮ' ਤਹਿਤ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਲਈ ਉਪਰਾਲੇ ਨਿਰੰਤਰ ਜਾਰੀ ਹਨ। ਇਸ ਮੁਹਿੰਮ ਤਹਿਤ ਵਿਭਾਗ ਵੱਲੋਂ ਮੁੱਖ ਦਫ਼ਤਰ ਵਿਖੇ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਸਿਖਲਾਈ ਵਰਕਸ਼ਾਪ ਵਿੱਚ ਜ਼ਿਲ੍ਹਾ ਸਿੱਖਿਆ ਸੁਧਾਰ ਟੀਮਾਂ, ਡੀ.ਐੱਸ.ਐੱਮਜ਼ ਅਤੇ ਏ.ਸੀਜ਼ ਨੇ ਭਾਗ ਲਿਆ।
ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਵਰਕਸ਼ਾਪ ਵਿੱਚ ਭਾਗ ਲੈਣ ਆਏ ਅਧਿਕਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਵਧਾਉਣ ਅਤੇ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਉਹਨਾਂ ਦਾ ਵਿਸ਼ੇਸ਼ ਰੋਲ ਹੈ। ਉਹਨਾਂ ਕਿਹਾ ਕਿ ਸਕੂਲਾਂ ਵਿੱਚ ਮੌਜੂਦਾ ਸੁਵਿਧਾਵਾਂ ਨੂੰ ਮਿਆਰੀ ਰੂਪ ਵਿੱਚ ਹੋਰ ਬਿਹਤਰ ਬਣਾਉਣ ਲਈ ਮਿਸ਼ਨ ਬਣਾ ਕੇ ਅੱਗੇ ਵਧਣ ਦੀ ਲੋੜ ਹੈ। ਉਹਨਾਂ ਇਹ ਵੀ ਕਿਹਾ ਕਿ ਸਿੱਖਿਆ ਸੁਧਾਰ ਟੀਮਾਂ ਵੱਲੋਂ ਸਕੂਲ ਸਿੱਖਿਆ ਦੇ ਗੁਣਾਤਮਕ ਵਿਕਾਸ, ਮਿਸ਼ਨ ਸ਼ਤ-ਪ੍ਰਤੀਸ਼ਤ, ਸਮਾਰਟ ਸਕੂਲ ਮੁਹਿੰਮ, ਪੰਜਾਬ ਐਜੂਕੇਅਰ ਐਪ ਦੀ ਵਰਤੋਂ, ਇੰਗਲਿਸ਼ ਬੂਸਟਰ ਕਲੱਬਾਂ, ਬਡੀ ਗਰੁੱਪਾਂ, ਸੋਹਣਾ ਫ਼ਰਨੀਚਰ, ਰੰਗਦਾਰ ਤੇ ਗਿਆਨ ਭਰਪੂਰ ਇਮਾਰਤਾਂ, ਮਿਆਰੀ ਖੇਡ ਮੈਦਾਨ, ਵਿਦਿਆਰਥੀਆਂ ਦੇ ਲਈ ਡਾਈਨਿੰਗ ਹਾਲ, ਸੋਹਣੇ ਅਤੇ ਆਕਰਸ਼ਕ ਮੁੱਖ ਗੇਟ ਦੇ ਨਿਰਮਾਣ, ਫਿਟਨੈੱਸ ਪਾਰਕ ਅਤੇ ਵੱਖ-ਵੱਖ ਵਿੱਦਿਅਕ ਪਾਰਕ ਬਣਾਉਣ ਲਈ ਵਿਸ਼ੇਸ਼ ਅਗਵਾਈ ਕੀਤੀ ਜਾਵੇ। ਇਸ ਲਈ ਅਧਿਆਪਕਾਂ, ਸਕੂਲ ਮੁਖੀਆਂ ਅਤੇ ਸਕੂਲ ਮੈਨੇਜਮੈਂਟ ਕਮੇਟੀਆਂ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਕਰਨ ਦੀ ਲੋੜ ਹੈ। ਉਹਨਾਂ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਅਧਿਆਪਕਾਂ ਦੁਆਰਾ ਕੀਤੀ ਜਾ ਰਹੀ ਮਿਹਨਤ ਨੂੰ ਵੀ ਸਰਾਹਿਆ।
ਇਸ ਸਿਖਲਾਈ ਵਰਕਸ਼ਾਪ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਮਾਰਟ ਸਕੂਲ ਪ੍ਰਾਜੈਕਟ ਅਧੀਨ ਚੱਲ ਰਹੇ ਕੰਮਾਂ ਦਾ ਰਿਵਿਊ ਕੀਤਾ ਗਿਆ ਅਤੇ ਸਕੂਲਾਂ ਦੀਆਂ ਬੈਸਟ ਪ੍ਰੈਕਟਿਸਜ਼ ਸ਼ੇਅਰ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਵਿਭਾਗ ਵੱਲੋਂ ਅਧਿਆਪਕਾਂ ਅਤੇ ਸਮਾਜ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਬਦਲਿਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਸਮਾਰਟ ਸਕੂਲ ਪੈਰਾਮੀਟਰ ਸਟੇਜ -2 ਅਨੁਸਾਰ ਲੱਗਭੱਗ 10,000 ਸਰਕਾਰੀ ਸਕੂਲ ਸਮਾਰਟ ਸਕੂਲਾਂ ਵਿੱਚ ਤਬਦੀਲ ਹੋ ਚੁੱਕੇ ਹਨ। ਇਹਨਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕਾਂ ਦੀ ਸਹਾਇਤਾ ਨਾਲ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ।
ਇੱਥੇ ਇਹ ਜ਼ਿਕਰਯੋਗ ਹੈ ਕਿ ਅਧਿਆਪਕਾਂ ਦੀ ਸਖ਼ਤ ਮਿਹਨਤ ਸਦਕਾ ਸਰਕਾਰੀ ਸਕੂਲ ਸਮਾਰਟ ਤਾਂ ਬਣੇ ਹੀ ਹਨ ਬਲਕਿ ਇਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕਾਂ ਅਨੁਸਾਰ ਮਿਆਰੀ ਸਿੱਖਿਆ ਵੀ ਪ੍ਰਦਾਨ ਕੀਤੀ ਜਾ ਰਹੀ ਹੈ।
ਇਸ ਮੌਕੇ ਸ਼ਲਿੰਦਰ ਸਿੰਘ ਸਹਾਇਕ ਡਾਇਰੈਕਟਰ। ਸਿੱਖਿਆ ਵਿਭਾਗ ਨੇ ਕਿਹਾ ਕਿ ਸਿੱਖਿਆ ਵਿਭਾਗ ਦੀ ਸਮੁੱਚੀ ਸਮਾਰਟ ਸਕੂਲ ਟੀਮ ਵੱਲੋਂ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਅਧਿਆਪਕਾਂ ਦੀ ਸਹਾਇਤਾ ਲਈ ਸ਼ਾਲਾਘਾਯੋਗ ਯਤਨ ਕੀਤੇ ਜਾ ਰਹੇ ਹਨ। ਉਹਨਾਂ ਬਾਕੀ ਸਰਕਾਰੀ ਸਕੂਲਾਂ ਨੂੰ ਵੀ ਸਮਾਰਟ ਬਣਾਉਣ ਲਈ ਚੱਲ ਰਹੇ ਕੰਮਾਂ ਨੂੰ ਜਲਦੀ ਨੇਪਰੇ ਚਾੜ੍ਹਨ ਲਈ ਪ੍ਰੇਰਿਤ ਕੀਤਾ। ਇਸ ਸਿਖਲਾਈ ਵਰਕਸ਼ਾਪ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਭਾਰਦਵਾਜ ਮੈਂਬਰ ਸਟੇਟ ਸਮਾਰਟ ਸਕੂਲ ਟੀਮ ਨੇ ਸਮੂਹ ਸਮਾਰਟ ਸਕੂਲ ਟੀਮ ਦੀ ਹੌਸਲਾ ਅਫਜ਼ਾਈ ਕੀਤੀ।
ਸਾਰੇ ਡੀ.ਐੱਸ.ਐੱਮ ਅਤੇ ਏ.ਸੀਜ਼ ਨੇ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਸਥਿਤ ਸਮਾਰਟ ਸਕੂਲਾਂ ਬਾਰੇ ਪੀ.ਪੀ.ਟੀ ਰਾਹੀਂ ਪ੍ਰੈਜੈਂਟੇਸ਼ਨ ਦਿੱਤੀ।
ਇਸ ਮੌਕੇ ਸ਼੍ਰੀਮਤੀ ਸੁਰੇਖਾ ਠਾਕੁਰ ਏ.ਐੱਸ.ਪੀ.ਡੀ., ਸੰਜੀਵ ਭੂਸ਼ਣ ਸਟੇਟ ਰਿਸੋਰਸ ਪਰਸਨ, ਪ੍ਰਮੋਦ ਭਾਰਤੀ ਸਪੋਕਸਪਰਸਨ ਸਿੱਖਿਆ ਵਿਭਾਗ, ਸਟੇਟ ਸਮਾਰਟ ਸਕੂਲ ਟੀਮ ਮੈਂਬਰ ਅਮਰਜੀਤ ਸਿੰਘ, ਲਵਜੀਤ ਸਿੰਘ, ਕੁਲਦੀਪ ਸਿੰਘ ਅਤੇ ਜਗਜੀਤ ਸਿੰਘ ਨੇ ਸਿੱਖਿਆ ਸੁਧਾਰ ਮੁਹਿੰਮ ਦੇ ਵੱਖ-ਵੱਖ ਪੱਖਾਂ ਬਾਰੇ ਚਾਨਣਾ ਪਾਇਆ।