Latest updates

Friday, March 12, 2021

ਆਫਲਾਈਨ ਹੀ ਹੋਣਗੀਆਂ ਸਾਲਾਨਾ ਪ੍ਰੀਖਿਆਵਾਂ, ਵਿਦਿਆਰਥੀ ਸਾਲਾਨਾ ਪ੍ਰੀਖਿਆਵਾਂ ਤੋਂ ਅਵੇਸਲੇ ਨਾ ਹੋਣ-ਜਿਲ੍ਹਾ ਸਿੱਖਿਆ ਅਧਿਕਾਰੀ

 

ਸਕੂਲਾਂ ਵਿੱਚ ਆਫਲਾਈਨ ਹੀ ਹੋਣਗੀਆਂ ਸਾਲਾਨਾ ਪ੍ਰੀਖਿਆਵਾਂ।

ਹਰਜੀਤ ਸਿੰਘ ਡੀਈਓ (ਸੈ. ਸਿੱ) ਰਾਜਿੰਦਰ ਕੌਰ ਡੀਈਓ (ਐ. ਸਿੱ) ਚਰਨਜੀਤ ਸਿੰਘ ਡਿਪਟੀ ਡੀਈਓ(ਸੈ. ਸਿੱ) ਕੁਲਦੀਪ ਸਿੰਘ(ਐ. ਸਿੱ)


ਲੁਧਿਆਣਾ ,13 ਮਾਰਚ(ਅੰਜੂ ਸੂਦ )-ਸੂਬਾ ਸਰਕਾਰ ਵੱਲੋਂ ਸਕੂਲੀ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਪ੍ਰੀਖਿਆ ਤਿਆਰੀ ਛੁੱਟੀਆਂ ਦੇ ਐਲਾਨ ਨਾਲ ਵਿਦਿਆਰਥੀਆਂ ਨੂੰ ਘਰਾਂ ਵਿੱਚ ਰਹਿਣ ਲਈ ਕਿਹਾ ਗਿਆ ਹੈ।ਪਰ ਸਮੂਹ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਕੋਵਿਡ-19 ਹਦਾਇਤਾਂ ਦੇ ਪਾਲਣ ਨਾਲ ਸਕੂਲਾਂ ਵਿੱਚ ਹੀ ਹੋਣਗੀਆਂ।ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਜੀਤ ਸਿੰਘ ਅਤੇ ਰਾਜਿੰਦਰ ਕੌਰ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਪੂਰੀ ਲਗਨ ਨਾਲ ਜਾਰੀ ਰੱਖੀ ਜਾਵੇ।ਸਿੱਖਿਆ ਅਧਿਕਾਰੀਆਂ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਪ੍ਰੀਖਿਆਵਾਂ ਨਾ ਹੋਣ ਬਾਰੇ ਖੁਦ ਦੇ ਜਾਂਂ ਬੱਚਿਆਂ ਦੇ ਮਨ੍ਹਾਂ ਵਿੱਚ ਕੋਈ ਖਿਆਲ ਨਾ ਲਿਆਂਦਾ ਜਾਵੇ, ਸਗੋਂ ਬੱਚਿਆਂ ਨੂੰ ਘਰਾਂ ਵਿੱਚ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਲਈ ਪ੍ਰੇਰਿਤ ਕੀਤਾ ਜਾਵੇ।ਸਿੱਖਿਆ ਅਧਿਕਾਰੀਆਂ ਨੇ ਕੋਰੋਨਾ ਦੇ ਵਧਦੇ ਖਤਰੇ ਦੌਰਾਨ ਮਾਪਿਆਂ ਨੂੰ ਬੱਚਿਆਂ ਦੀ ਸਿਹਤ ਦਾ ਵੀ ਖਿਆਲ ਰੱਖਣ ਦੀ ਅਪੀਲ ਕੀਤੀ।ਅਧਿਕਾਰੀਆਂ ਨੇ ਕਿਹਾ ਕਿ ਜੇਕਰ ਵਿਦਿਆਰਥੀਆਂ ਨੂੰ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਸੰਬੰਧੀ ਕਿਸੇ ਵਿਸ਼ੇ ਦੇ ਅਧਿਆਪਕ ਦੀ ਸਹਾਇਤਾ ਦੀ ਜਰੂਰਤ ਹੋਵੇ ਤਾਂ ਕੋਵਿਡ-19 ਹਦਾਇਤਾਂ ਦਾ ਪਾਲਣ ਕਰਦਿਆਂ ਉਹ ਬਿਨਾਂ ਇਕੱਠ ਕੀਤੇ ਇਕੱਲੇ ਇਕੱਲੇ ਤੌਰ 'ਤੇ ਥੋੜ੍ਹੇ ਸਮੇਂ ਲਈ ਅਧਿਆਪਕ ਕੋਲ ਸਕੂਲ ਆ ਸਕਦੇ ਹਨ।

                      ਉਪ ਜਿਲ੍ਹਾ ਸਿੱਖਿਆ ਅਫ਼ਸਰ ਚਰਨਜੀਤ ਸਿੰਘ ਜਲਾਜਣ ਸੈਕੰਡਰੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਕੁਲਦੀਪ ਸਿੰਘ ਐਲੀਮੈਂਟਰੀ ਨੇ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਮੇਂ ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਮਜਬੂਤ ਰੱਖਦਿਆਂ ਸਾਰਾ ਧਿਆਨ ਪ੍ਰੀਖਿਆਵਾਂ ਦੀ ਤਿਆਰੀ ਵੱਲ ਲਗਾਉਣ ਦੀ ਜਰੂਰਤ ਹੈ।ਸਾਲਾਨਾ ਪ੍ਰੀਖਿਆਵਾਂ ਸੰਬੰਧੀ ਕਿਸੇ ਕਿਸਮ ਦਾ ਅਵੇਸਲਾਪਣ ਪ੍ਰਾਪਤੀਆਂ ਨੂੰ ਨਾਕਾਰਤਮਕ ਰੂਪ ਵਿੱਚ ਪ੍ਰਭਾਵਿਤ ਕਰ ਸਕਦਾ ਹੈ।ਸਿੱਖਿਆ ਅਧਿਕਾਰੀਆਂ ਨੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਵੀ ਆਨਲਾਈਨ ਤਰੀਕੇ ਵਿਦਿਆਰਥੀਆਂ ਦੇ ਲਗਾਤਾਰ ਸੰਪਰਕ ਵਿੱਚ ਰਹਿਣ ਦੀ ਅਪੀਲ ਕਰਦਿਆਂ ਵਿਦਿਆਰਥੀਆਂ ਦਾ ਮਨੋਬਲ ਬਣਾਈ ਰੱਖਣ ਲਈ ਕਿਹਾ। ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਪੜ੍ਹਾਈ ਸੰਬੰਧੀ ਕਿਸੇ ਵੀ ਕਿਸਮ ਦੀ ਦਿੱਕਤ ਦੂਰ ਕਰਨ ਲਈ ਉਹ ਆਪਣੇ ਅਧਿਆਪਕਾਂ ਸਮੇਤ ਕਿਸੇ ਵੀ ਪੜ੍ਹੋ ਪੰਜਾਬ ਟੀਮ ਮੈਂਬਰ ਨਾਲ ਸੰਪਰਕ ਕਰ ਸਕਦੇ ਹਨ।ਅੰਜੂ ਸੂਦ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਨੇ ਕਿਹਾ ਕਿ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਲਈ ਇਸ ਸਮੇਂ ਜਦੋਂ ਅਧਿਆਪਕਾਂ ਵੱਲੋਂ ਸਾਰਾ ਪਾਠਕ੍ਰਮ ਕਰਵਾ ਦਿੱਤਾ ਗਿਆ ਹੈ ਤਾਂ ਵਿਦਿਆਰਥੀ ਘਰ ਵਿੱਚ ਰਹਿ ਕੇ ਦੁਹਰਾਈ ਕਰਨ ਵੱਲ ਵੱਧ ਤੋਂ ਵੱਧ ਧਿਆਨ ਦੇ ਸਕਦੇ ਹਨ।

Ads