ਸਰਕਾਰੀ ਸਕੂਲਾਂ ਵਿੱਚੋਂ ਪੜ੍ਹਕੇ ਸਰਕਾਰੀ ਅਧਿਆਪਕ ਬਣਨ ਦਾ ਅਹਿਸਾਸ ਮਾਣਮੱਤਾ-ਨਵ ਨਿਯੁਕਤ ਅਧਿਆਪਕ
58 ਵਿਚੋਂ 32 ਨਵ ਨਿਯੁਕਤ ਮੈਥ ਅਧਿਆਪਕਾਂ ਨੇ ਸਰਕਾਰੀ ਸਕੂਲਾਂ ਵਿਚ ਪੜਾਈ ਕੀਤੀ ਹੋਈ।
ਸਰਕਾਰੀ ਸਕੂਲਾਂ ਵਿਚ ਪੜ ਕੇ ਇਹ ਮੁਕਾਮ ਹਾਸਿਲ ਕਰਨਾ ਸਕੂਲਾਂ ਦੇ ਸਿੱਖਿਆ ਦੇ ਮਿਆਰ ਨੂੰ ਬਿਆਨ ਕਰਦਾ ਹੈ
ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਕੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦਾ ਲਾਭ ਜਰੂਰ ਲੈਣਾ ਚਾਹੀਦਾ ਹੈ।
ਲੁਧਿਆਣਾ,20 ਮਾਰਚ(ਅੰਜੂ ਸੂਦ ) : ਸਰਕਾਰੀ ਸਕੂਲਾਂ ਵਿੱਚੋਂ ਸਿੱਖਿਆ ਪ੍ਰਾਪਤ ਕਰਕੇ ਸਰਕਾਰੀ ਅਧਿਆਪਕ ਦੀ ਨੌਕਰੀ ਪ੍ਰਾਪਤ ਕਰਨ ਦਾ ਅਹਿਸਾਸ ਆਪਣੇ ਆਪ ਵਿੱਚ ਮਾਣਮੱਤਾ ਅਹਿਸਾਸ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਮੈਰੀਟੋਰੀਅਸ ਸਕੂਲ ਵਿਖੇ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ. ਹਰਜੀਤ ਸਿੰਘ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ. ਚਰਨਜੀਤ ਸਿੰਘ ਜਲਾਜਣ ਦੀ ਅਗਵਾਈ ਹੇਠ ਚਾਰ ਰੋਜ਼ਾ ਸੈਮੀਨਾਰ ਲਗਾ ਰਹੇ ਗਣਿਤ ਤੇ ਸਾਇੰਸ ਵਿਸ਼ੇ ਦੇ ਨਵ ਨਿਯੁਕਤ ਅਧਿਆਪਕਾਂ ਨੇ ਕੀਤਾ। ਇਸ ਸੈਮੀਨਾਰ ਵਿਚ ਕੁੱਲ 58 ਨਵ ਨਿਯੁਕਤ ਮੈਥ ਅਧਿਆਪਕ ਹਿੱਸਾ ਲੈ ਰਹੇ ਹਨ ਜਿਨ੍ਹਾਂ ਵਿਚੋਂ 32 ਅਧਿਆਪਕ ਸਰਕਾਰੀ ਸਕੂਲਾਂ ਤੋਂ ਪੜ੍ਹੇ ਹੋਏ ਹਨ। ਅੰਜੂ ਸੂਦ, ਜਿਲ੍ਹਾ ਮੀਡੀਆ ਕੋਆਰਡੀਨੇਟਰ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਮਿਆਰੀ ਸਿੱਖਿਆ ਦਾ ਇਹ ਇਕ ਉਦਾਹਰਣ ਹੈ ਕਿ ਇੰਨੀ ਮੁਸ਼ਕਿਲ ਭਰਤੀ ਪ੍ਰਕਿਰਿਆ ਵਿਚ ਸਫਲ ਹੋ ਕੇ ਇੰਨੀ ਵੱਡੀ ਗਿਣਤੀ ਵਿਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆ ਨੇ ਨੌਕਰੀਆਂ ਪ੍ਰਾਪਤ ਕੀਤੀਆਂ ਹਨ। ਇਸ ਮੌਕੇ ਕਿਰਨਦੀਪ ਸਿੰਘ ਸਟੇਟ ਰਿਸੋਰਸ ਗਰੁੱਪ ਮੈਂਬਰ ਮੈਥ, ਸੰਜੀਵ ਤਨੇਜਾ ਡੀਐਮ ਮੈਥ, ਸੁਬੋਧ ਵਰਮਾ ਡੀ ਐਮ ਇੰਗਲਿਸ਼ ਨੇ ਵੀ ਨਵ ਨਿਯੁਕਤ ਅਧਿਆਪਕਾਂ ਨੂੰ ਸੰਬੋਧਨ ਕੀਤਾ। ਕਈ ਮਾਪਿਆਂ ਦੇ ਮਨ੍ਹਾਂ ਵਿੱਚ ਸਰਕਾਰੀ ਸਕੂਲਾਂ ਦੀ ਪੜ੍ਹਾਈ ਪ੍ਰਤੀ ਪਾਏ ਜਾ ਰਹੇ ਸ਼ੰਕਿਆਂ ਦੀ ਨਵਿਰਤੀ ਲਈ ਇਹਨਾਂ ਨਵ-ਨਿਯੁਕਤ ਅਧਿਆਪਕਾਂ ਦੀ ਪ੍ਰਾਪਤੀ ਕਾਫ਼ੀ ਹੈ।ਵਰਨਣਯੋਗ ਹੈ ਕਿ ਸਰਕਾਰੀ ਅਧਿਆਪਕ ਦੀ ਨੌਕਰੀ ਤੱਕ ਪਹੁੰਚਣ ਲਈ ਇਹਨਾਂ ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਦੀ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਕਰਨ ਉਪਰੰਤ ਮਾਸਟਰ ਕਾਡਰ ਦੀ ਮੁਕਾਬਲਾ ਪ੍ਰੀਖਿਆ ਪਾਸ ਕੀਤੀ ਗਈ।ਸਰਕਾਰੀ ਸਕੂਲਾਂ ਵਿੱਚੋਂ ਸਿੱਖਿਆ ਹਾਸਿਲ ਕਰਨ ਉਪਰੰਤ ਇਸ ਤਰ੍ਹਾਂ ਦੀਆਂ ਮੁਕਾਬਲਾ ਪ੍ਰੀਖਿਆਵਾਂ ਪਾਸ ਕਰਨ ਵਾਲੇ ਇਹ ਨਵ -ਨਿਯੁਕਤ ਅਧਿਆਪਕ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਪੜ੍ਹਾਉਣ ਤਕਨੀਕਾਂ ਵਿੱਚ ਆਈ ਤਬਦੀਲੀ ਦੇ ਗਵਾਹ ਹਨ।
ਸਰਕਾਰੀ ਸਕੂਲਾਂ ਵਿੱਚੋਂ ਸਿੱਖਿਆ ਹਾਸਿਲ ਕਰਕੇ ਸਰਕਾਰੀ ਗਣਿਤ ਮਾਸਟਰ ਦੀ ਨੌਕਰੀ ਪ੍ਰਾਪਤ ਕਰਨ ਵਾਲੇ ਨਵ-ਨਿਯੁਕਤ ਅਧਿਆਪਕਾਂ ਨਵਨੀਤ ਕੌਰ, ਮਨਦੀਪ ਕੌਰ, ਰਬੀਨਾ, ਸਤਪਾਲ ਕੌਰ, ਮਹਿੰਦਰ ਕੌਰ ਆਦਿ ਨੇ ਕਿਹਾ ਕਿ ਉਹ ਆਪਣੇ ਸਰਕਾਰੀ ਸਕੂਲ ਦੇ ਉਹਨਾਂ ਸਾਰੇ ਮਿਹਨਤੀ ਅਧਿਆਪਕਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਨ ਜਿਹਨਾਂ ਵੱਲੋਂ ਕਰਵਾਈ ਗਈ ਸਖ਼ਤ ਮਿਹਨਤ ਸਦਕਾ ਅਸੀਂ ਅੱਜ ਇਸ ਮੁਕਾਮ ਤੇ ਪਹੁੰਚੇ ਹਾਂ। ਸਾਨੂੰ ਸਖਤ ਮੁਕਾਬਲਾ ਪ੍ਰੀਖਿਆਵਾਂ ਪਾਸ ਕਰਨ ਉਪਰੰਤ ਸਰਕਾਰੀ ਅਧਿਆਪਕ ਦੀ ਨੌਕਰੀ ਪ੍ਰਾਪਤ ਕਰਨ ਦੇ ਸਮਰੱਥ ਬਣਾਉਣ ਵਿੱਚ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦਾ ਬਹੁਤ ਵੱਡਾ ਯੋਗਦਾਨ ਹੈ।ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਹਰ ਵਿਸ਼ੇ ਦੇ ਅਧਿਆਪਕ ਵੱਲੋਂ 'ਰੱਟੇ ਦੀ ਬਜਾਏ ਸਮਝ ਕੇ ਪੜ੍ਹਨ" ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।ਹਰ ਵਿਸ਼ੇ ਦੀ ਪੜ੍ਹਾਈ ਪ੍ਰੈਕਟੀਕਲ ਪਹੁੰਚ ਨਾਲ ਕਰਵਾਈ ਜਾ ਰਹੀ ਹੈ।ਸਰਕਾਰੀ ਸਕੂਲਾਂ ਵਿੱਚੋਂ ਸਿੱਖਿਆ ਹਾਸਿਲ ਕਰਕੇ ਸਰਕਾਰੀ ਅਧਿਆਪਕ ਦੀ ਨੌਕਰੀ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਏ ਇਹਨਾਂ ਅਧਿਆਪਕਾਂ ਨੇ ਕਿਹਾ ਕਿ ਸਾਡੀ ਸਕੂਲ ਪੜ੍ਹਾਈ 'ਤੇ ਸਾਡੇ ਮਾਪਿਆਂ ਦਾ ਕੋਈ ਬਹੁਤਾ ਖਰਚਾ ਨਹੀਂ ਹੋਇਆ।ਬਤੌਰ ਅਧਿਆਪਕ ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਫੀਸ ਕਿਸੇ ਵੀ ਸਕੂਲ ਦਾ ਪੈਮਾਨਾ ਨਹੀਂ ਹੋ ਸਕਦੀ।ਜਰੂਰੀ ਨਹੀਂ ਕਿ ਵੱਧ ਫੀਸ ਅਦਾ ਕਰਕੇ ਹੀ ਬੱਚਾ ਵਧੀਆ ਸਿੱਖਿਆ ਹਾਸਿਲ ਕਰੇਗਾ।
ਉਨ੍ਹਾਂ ਅੱਗੇ ਕਿਹਾ ਕਿ ਅੱਜ ਪੰਜਾਬ ਦੇ ਸਰਕਾਰੀ ਸਕੂਲ ਹਰ ਖੇਤਰ ਵਿੱਚ ਅੱਗੇ ਆ ਰਹੇ ਹਨ। ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਵੀ ਸਰਕਾਰੀ ਸਕੂਲਾਂ ਦੇ ਨਤੀਜੇ ਨਿੱਜੀ ਸਕੂਲਾਂ ਤੋਂ ਲਗਾਤਾਰ ਬਿਹਤਰ ਆ ਰਹੇ ਹਨ। ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਗੁਣਾਤਮਕ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਦੀ ਸ਼ਖ਼ਸੀਅਤ ਦੇ ਵਿਕਾਸ ਲਈ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਵੀ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਕਿ ਉਹ ਜ਼ਿੰਦਗੀ ਵਿੱਚ ਕਾਮਯਾਬ ਹੋਣ ਦੇ ਨਾਲ ਨਾਲ ਚੰਗੇ ਇਨਸਾਨ ਵੀ ਬਣ ਸਕਣ। ਮੇਰੀ ਸਾਰੇ ਮਾਪਿਆਂ ਨੂੰ ਬੇਨਤੀ ਹੈ ਕਿ ਸਾਡੇ ਸਰਕਾਰੀ ਸਕੂਲਾਂ ਦੇ ਅਧਿਆਪਕ ਬਹੁਤ ਹੀ ਮਿਹਨਤੀ ਅਤੇ ਕਾਬਲ ਹਨ, ਇਸ ਲਈ ਸਾਨੂੰ ਬੱਚਿਆਂ ਦੇ ਬਿਹਤਰ ਭਵਿੱਖ ਲਈ ਉਹਨਾਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਕੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦਾ ਲਾਭ ਜਰੂਰ ਲੈਣਾ ਚਾਹੀਦਾ ਹੈ।