ਲੁਧਿਆਣਾ ਵਿੱਚ ਸਕੂਲਾਂ ਅਤੇ ਹੁੱਕਾ ਬਾਰਾਂ ਵਿੱਚ ਨਾਬਾਲਗਾਂ ਵੱਲੋਂ ਨਸ਼ੀਲੇ ਪਦਾਰਥਾਂ ਦੀ ਵਰਤੋਂ ‘ਤੇ ਸਖ਼ਤ ਪਾਬੰਦੀ
ਲੁਧਿਆਣਾ:
ਕਮਿਸ਼ਨਰੇਟ ਲੁਧਿਆਣਾ ਦੇ ਅਧੀਨ ਆਉਂਦੇ ਵੱਖ-ਵੱਖ ਇਲਾਕਿਆਂ ਵਿੱਚ ਸਕੂਲਾਂ ਅਤੇ ਹੁੱਕਾ ਬਾਰਾਂ ਅੰਦਰ ਨਾਬਾਲਗ ਬੱਚਿਆਂ ਅਤੇ ਨੌਜਵਾਨਾਂ ਵੱਲੋਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਕਦਮ ਚੁੱਕੇ ਗਏ ਹਨ।
ਜਾਣਕਾਰੀ ਮੁਤਾਬਕ ਕੁਝ ਸਕੂਲਾਂ ਵਿੱਚ ਪੜ੍ਹ ਰਹੇ ਛੋਟੀ ਉਮਰ ਦੇ ਵਿਦਿਆਰਥੀ ਆਮ ਦੁਕਾਨਾਂ ਤੋਂ ਇਲੈਕਟ੍ਰਾਨਿਕ ਸਿਗਰਟ (ਵੇਪ) ਖਰੀਦ ਕੇ ਸਕੂਲਾਂ ਅੰਦਰ ਚੋਰੀ-ਛੁਪੇ ਵਰਤ ਰਹੇ ਹਨ। ਇਸ ਤੋਂ ਇਲਾਵਾ, ਕਈ ਹੁੱਕਾ ਬਾਰਾਂ ਵਿੱਚ ਨਾਬਾਲਗ ਬੱਚਿਆਂ ਅਤੇ ਨੌਜਵਾਨਾਂ ਨੂੰ ਤੰਬਾਕੂ, ਸ਼ਰਾਬ, ਸਿਗਰਟ ਅਤੇ ਮਨੁੱਖੀ ਸਿਹਤ ਲਈ ਹਾਨੀਕਾਰਕ ਕੈਮੀਕਲਾਂ ਦੀ ਵਰਤੋਂ ਕਰਵਾਈ ਜਾ ਰਹੀ ਹੈ, ਜਿਸ ਨਾਲ ਉਨ੍ਹਾਂ ਦੀ ਸਿਹਤ ‘ਤੇ ਗੰਭੀਰ ਮਾੜਾ ਪ੍ਰਭਾਵ ਪੈ ਰਿਹਾ ਹੈ।
ਇਨ੍ਹਾਂ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਭੁਪਿੰਦਰ ਸਿੰਘ, ਡਿਪਟੀ ਕਮਿਸ਼ਨਰ ਪੁਲਿਸ, ਸ਼ਹਿਰੀ-ਕਮ-ਸਥਾਨਕ, ਲੁਧਿਆਣਾ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅਹਿਮ ਹੁਕਮ ਜਾਰੀ ਕੀਤੇ ਗਏ ਹਨ।
ਜਾਰੀ ਹੁਕਮਾਂ ਅਨੁਸਾਰ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਪੂਰੇ ਇਲਾਕੇ ਵਿੱਚ ਸਾਰੇ ਸਕੂਲਾਂ ਅੰਦਰ ਨਾਬਾਲਗ ਬੱਚਿਆਂ ਵੱਲੋਂ ਇਲੈਕਟ੍ਰਾਨਿਕ ਸਿਗਰਟ (ਵੇਪ) ਦੀ ਵਰਤੋਂ, ਗੈਰ-ਕਾਨੂੰਨੀ ਹੁੱਕਾ ਬਾਰ ਚਲਾਉਣ, ਹੁੱਕਾ ਬਾਰਾਂ ਵਿੱਚ ਤੰਬਾਕੂ, ਸ਼ਰਾਬ, ਸਿਗਰਟ, ਕੈਮੀਕਲ ਅਤੇ ਇਲੈਕਟ੍ਰਾਨਿਕ ਸਿਗਰਟ ਦੀ ਵਰਤੋਂ ਅਤੇ ਲੋਕਲ ਮਾਰਕੀਟ ਵਿੱਚ ਇਲੈਕਟ੍ਰਾਨਿਕ ਸਿਗਰਟ ਦੀ ਵਿਕਰੀ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ।
ਹੁਕਮਾਂ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਜੇ ਕਿਸੇ ਸਕੂਲ ਜਾਂ ਹੁੱਕਾ ਬਾਰ ਵਿੱਚ ਨਾਬਾਲਗ ਬੱਚਾ ਜਾਂ ਨੌਜਵਾਨ ਤੰਬਾਕੂ, ਸ਼ਰਾਬ, ਸਿਗਰਟ, ਕੈਮੀਕਲ ਜਾਂ ਇਲੈਕਟ੍ਰਾਨਿਕ ਸਿਗਰਟ ਦੀ ਵਰਤੋਂ ਕਰਦਾ ਹੋਇਆ ਪਾਇਆ ਗਿਆ ਤਾਂ ਹੁੱਕਾ ਬਾਰ ਦੇ ਮਾਲਕ ਜਾਂ ਸਟਾਫ, ਸਕੂਲ ਦੇ ਮਾਲਕ ਜਾਂ ਸਟਾਫ ਅਤੇ ਬੱਚੇ ਦੇ ਮਾਤਾ-ਪਿਤਾ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਹੁਕਮ ਲਾਗੂ ਹੋਣ ਦੀ ਮਿਤੀ ਤੋਂ ਦੋ ਮਹੀਨੇ ਲਈ ਪ੍ਰਭਾਵੀ ਰਹੇਗਾ। ਇਸ ਸਬੰਧੀ ਆਮ ਲੋਕਾਂ ਨੂੰ ਜਾਣਕਾਰੀ ਦੇਣ ਲਈ ਜ਼ਿਲ੍ਹਾ ਲੋਕ ਸੰਪਰਕ ਵਿਭਾਗ, ਲੁਧਿਆਣਾ ਵੱਲੋਂ ਸਰਕਾਰੀ ਵਾਹਨਾਂ ਰਾਹੀਂ ਪ੍ਰਚਾਰ ਕੀਤਾ ਜਾਵੇਗਾ।
ਇਹ ਹੁਕਮ ਆਮ ਪਬਲਿਕ ਦੇ ਹਿਤ ਵਿੱਚ ਜਾਰੀ ਕੀਤਾ ਗਿਆ ਹੈ।
