ਵੀਰਵਾਰ, 8 ਜਨਵਰੀ 2026
ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ: ਸੰਜੀਵ ਅਰੋੜਾ ਬਣੇ ਤੀਜੇ ਸਭ ਤੋਂ ਤਾਕਤਵਰ ਮੰਤਰੀ, ਲੋਕਲ ਬਾਡੀਜ਼ ਵਿਭਾਗ ਦੀ ਮਿਲੀ ਜ਼ਿੰਮੇਵਾਰੀ
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਵੀਰਵਾਰ ਨੂੰ ਮੰਤਰੀਆਂ ਦੇ ਵਿਭਾਗਾਂ ਵਿੱਚ ਅਹਿਮ ਫੇਰਬਦਲ ਕੀਤਾ ਗਿਆ ਹੈ। ਇਸ ਤਹਿਤ ਡਾ. ਰਵਜੋਤ ਸਿੰਘ ਕੋਲੋਂ ਲੋਕਲ ਬਾਡੀਜ਼ ਵਿਭਾਗ ਵਾਪਸ ਲੈ ਲਿਆ ਗਿਆ ਹੈ ਅਤੇ ਹੁਣ ਉਨ੍ਹਾਂ ਨੂੰ ਐਨ.ਆਰ.ਆਈ. (NRI) ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜ਼ਿਕਰਯੋਗ ਹੈ ਕਿ ਇਹ ਵਿਭਾਗ ਪਹਿਲਾਂ ਸੰਜੀਵ ਅਰੋੜਾ ਕੋਲ ਸੀ।
ਇਸ ਫੇਰਬਦਲ ਵਿੱਚ ਸੰਜੀਵ ਅਰੋੜਾ ਦਾ ਕੱਦ ਕਾਫੀ ਵਧ ਗਿਆ ਹੈ। ਉਨ੍ਹਾਂ ਨੂੰ ਹੁਣ ਲੋਕਲ ਬਾਡੀਜ਼ ਵਿਭਾਗ ਸੌਂਪਿਆ ਗਿਆ ਹੈ, ਜਿਸ ਨਾਲ ਉਹ ਕੈਬਨਿਟ ਦੇ ਤੀਜੇ ਸਭ ਤੋਂ ਸ਼ਕਤੀਸ਼ਾਲੀ ਮੰਤਰੀ ਬਣ ਗਏ ਹਨ।
ਸੂਤਰਾਂ ਅਨੁਸਾਰ, ਇਹ ਬਦਲਾਅ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਕੀਤਾ ਗਿਆ ਹੈ। ਸਰਕਾਰ ਸ਼ਹਿਰੀ ਖੇਤਰਾਂ ਵਿੱਚ ਪਾਰਟੀ ਦੀ ਪਕੜ ਮਜ਼ਬੂਤ ਕਰਨਾ ਚਾਹੁੰਦੀ ਹੈ। ਸੰਜੀਵ ਅਰੋੜਾ ਖੁਦ ਸ਼ਹਿਰੀ ਪਿਛੋਕੜ ਨਾਲ ਸਬੰਧ ਰੱਖਦੇ ਹਨ ਅਤੇ ਸ਼ਹਿਰੀ ਮੁੱਦਿਆਂ ਦੀ ਡੂੰਘੀ ਸਮਝ ਰੱਖਦੇ ਹਨ, ਜਿਸ ਕਾਰਨ ਉਨ੍ਹਾਂ 'ਤੇ ਇਹ ਭਰੋਸਾ ਜਤਾਇਆ ਗਿਆ ਹੈ।
ਸੰਜੀਵ ਅਰੋੜਾ ਦੀ ਇਸ ਤਰੱਕੀ ਦਾ ਇੱਕ ਵੱਡਾ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਦੇ ਹਾਲ ਹੀ ਦੇ ਜਪਾਨ ਅਤੇ ਉੱਤਰੀ ਕੋਰੀਆ ਦੇ ਦੌਰੇ ਦੌਰਾਨ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ। ਇਸ ਦੌਰੇ ਦੌਰਾਨ ਕਈ ਮਹੱਤਵਪੂਰਨ ਵਪਾਰਕ ਸਮਝੌਤੇ ਸਿਰੇ ਚੜ੍ਹੇ ਹਨ, ਜਿਸ ਕਾਰਨ ਸਰਕਾਰ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਕਾਫੀ ਖੁਸ਼ ਹੈ।
