ਪੰਜਾਬ ਸਰਕਾਰ ਦਾ ਵੱਡਾ ਫੈਸਲਾ: ਤਰੱਕੀ ਪ੍ਰਾਪਤ ਮੁਲਾਜ਼ਮਾਂ ਦੀ ਘਟੀ ਹੋਈ ਤਨਖਾਹ ਦੀ ਹੋਵੇਗੀ ਭਰਪਾਈ
ਚੰਡੀਗੜ੍ਹ: ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਸੂਬੇ ਦੇ ਸਰਕਾਰੀ ਕਰਮਚਾਰੀਆਂ ਦੇ ਹਿੱਤ ਵਿੱਚ ਇੱਕ ਅਹਿਮ ਫੈਸਲਾ ਲਿਆ ਹੈ। ਸਰਕਾਰ ਨੇ ਉਨ੍ਹਾਂ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰ ਦਿੱਤਾ ਹੈ, ਜਿਨ੍ਹਾਂ ਦੀ ਛੇਵੇਂ ਤਨਖਾਹ ਕਮਿਸ਼ਨ (6th PPC) ਦੀਆਂ ਸਿਫਾਰਸ਼ਾਂ ਲਾਗੂ ਹੋਣ ਤੋਂ ਬਾਅਦ Gross Pay ਪਹਿਲਾਂ ਨਾਲੋਂ ਘੱਟ ਗਈ ਸੀ।
ਜਾਰੀ ਕੀਤੇ ਗਏ ਤਾਜ਼ਾ ਨੋਟੀਫਿਕੇਸ਼ਨ ਅਨੁਸਾਰ, ਇਹ ਫੈਸਲਾ ਖਾਸ ਤੌਰ 'ਤੇ ਉਨ੍ਹਾਂ ਦਰਜਾ ਚਾਰ (Group D) ਕਰਮਚਾਰੀਆਂ ਲਈ ਲਿਆ ਗਿਆ ਹੈ, ਜਿਨ੍ਹਾਂ ਦੀ ਤਰੱਕੀ 01.01.2016 ਤੋਂ ਬਾਅਦ ਦਰਜਾ ਤਿੰਨ (Group C) ਵਿੱਚ ਹੋਈ ਸੀ। ਦੇਖਣ ਵਿੱਚ ਆਇਆ ਸੀ ਕਿ ਨਵੇਂ ਤਨਖਾਹ ਸਕੇਲ (Revised Gross Pay) ਮੁਤਾਬਕ ਇਨ੍ਹਾਂ ਮੁਲਾਜ਼ਮਾਂ ਨੂੰ ਮਿਲ ਰਹੀ ਤਨਖਾਹ, ਪੁਰਾਣੇ ਸਕੇਲ (Unrevised Gross Pay) ਨਾਲੋਂ ਘੱਟ ਮਿਲ ਰਹੀ ਸੀ।
ਮੁੱਖ ਬਿੰਦੂ:
- ਸਰਕਾਰ ਅਜਿਹੇ ਕਰਮਚਾਰੀਆਂ ਦੀ ਪੁਰਾਣੀ (Unrevised) Gross Pay ਨੂੰ ਪ੍ਰੋਟੈਕਟ (Protect) ਕਰੇਗੀ।
- ਇਹ ਅਦਾਇਗੀ ਉਸ ਮਿਤੀ ਤੋਂ ਹੀ ਲਾਗੂ ਹੋਵੇਗੀ, ਜਿਸ ਮਿਤੀ ਤੋਂ ਕਰਮਚਾਰੀ ਨੂੰ ਘੱਟ ਤਨਖਾਹ ਮਿਲਣੀ ਸ਼ੁਰੂ ਹੋਈ ਸੀ।
- ਇਹ ਲਾਭ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਮੁਲਾਜ਼ਮ ਦੀ ਨਵੀਂ ਤਨਖਾਹ (Revised Gross Pay) ਪੁਰਾਣੀ ਤਨਖਾਹ ਤੋਂ ਵੱਧ ਨਹੀਂ ਜਾਂਦੀ।
ਵਿੱਤ ਵਿਭਾਗ ਨੇ ਸਮੂਹ ਵਿਭਾਗਾਂ ਦੇ ਮੁਖੀਆਂ, ਡਿਵੀਜ਼ਨਲ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਇਨ੍ਹਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਹੁਕਮ ਦਿੱਤੇ ਹਨ। ਇਹ ਪੱਤਰ ਅਧੀਨ ਸਕੱਤਰ, ਵਿੱਤ (ਸਰੋਜ) ਵੱਲੋਂ ਜਾਰੀ ਕੀਤਾ ਗਿਆ ਹੈ।
