ਸਮਰਾਲਾ ‘ਚ ਚੋਣ ਡਿਊਟੀ ਤੋਂ ਗੈਰਹਾਜ਼ਰ 60 ਤੋਂ ਵੱਧ ਕਰਮਚਾਰੀਆਂ ਖ਼ਿਲਾਫ਼ FIR ਦੀ ਸਿਫਾਰਸ਼
ਸਮਰਾਲਾ, 11 ਦਸੰਬਰ 2025 (, ਜਾਬਸ ਆਫ ਟੁਡੇ) ਸਮਰਾਲਾ ਦੇ ਸਬ ਡਿਵਿਜ਼ਨ ਮੈਜਿਸਟ੍ਰੇਟ ਦਫ਼ਤਰ ਵੱਲੋਂ ਚੋਣ ਡਿਊਟੀ ਤੋਂ ਬਿਨਾਂ ਇਜਾਜ਼ਤ ਗੈਰਹਾਜ਼ਰ ਰਹੇ ਸਰਕਾਰੀ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਣਕਾਰੀ ਮੁਤਾਬਕ, 11 ਦਸੰਬਰ ਨੂੰ ਹੋਈ ਰਿਹਰਸਲ ਮੀਟਿੰਗ ਵਿੱਚ 60 ਤੋਂ ਵੱਧ PRO, APRO, ਪੋਲਿੰਗ ਅਧਿਕਾਰੀ ਅਤੇ ਹੋਰ ਚੋਣ ਸਟਾਫ਼ ਹਾਜ਼ਰ ਨਹੀਂ ਸੀ।
SDM ਸਮਰਾਲਾ ਦੀ ਰਿਪੋਰਟ ਅਨੁਸਾਰ, ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਰਿਹਰਸਲ ਵਿੱਚ ਹਾਜ਼ਰੀ ਲਾਜ਼ਮੀ ਹੁੰਦੀ ਹੈ, ਪਰ ਕਈ ਕਰਮਚਾਰੀ ਬਾਰੰਬਾਰ ਹੁਕਮਾਂ ਦੇ ਬਾਵਜੂਦ ਹਾਜ਼ਰ ਨਹੀਂ ਹੋਏ, ਜਿਸ ਨਾਲ ਚੋਣ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ।
ਪੱਤਰ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਗੈਰਹਾਜ਼ਰ ਰਹੇ ਕਰਮਚਾਰੀਆਂ ਖ਼ਿਲਾਫ਼ Punjab State Election Commission Act 1994 ਦੀ ਧਾਰਾ 120 ਅਧੀਨ ਕਾਰਵਾਈ ਕੀਤੀ ਜਾਵੇ, ਕਿਉਂਕਿ ਇਹ ਚੋਣ ਡਿਊਟੀ ਦੇ ਫ਼ਰਜ਼ ਦੀ ਉਲੰਘਣਾ ਮੰਨੀ ਜਾਂਦੀ ਹੈ।
ਉਹਨਾਂ ਕਰਮਚਾਰੀਆਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ ਜਿਨ੍ਹਾਂ ਦੇ ਨਾਮ, ਮੋਬਾਈਲ ਨੰਬਰ ਅਤੇ ਅਹੁਦੇ ਦਰਜ ਹਨ। ਸੂਚੀ ਵਿੱਚ ਅਧਿਆਪਕਾਂ, ਕਲਰਕਾਂ, ਇੰਸਪੈਕਟਰਾਂ ਅਤੇ ਵੱਖ–ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਮ ਸ਼ਾਮਲ ਹਨ।
SDM ਨੇ ਸਿਫ਼ਾਰਸ਼ ਕੀਤੀ ਹੈ ਕਿ ਸਾਰੇ ਗੈਰਹਾਜ਼ਰ ਕਰਮਚਾਰੀਆਂ ਖ਼ਿਲਾਫ਼ ਤੁਰੰਤ FIR ਦਰਜ ਕਰਕੇ ਪ੍ਰਸ਼ਾਸਕੀ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਚੋਣ ਸਬੰਧੀ ਡਿਊਟੀਆਂ ਪ੍ਰਭਾਵਿਤ ਨਾ ਹੋਣ।
