ਕੋਲਡਰਿਫ਼ ਸਿਰਪ ’ਤੇ ਪੰਜਾਬ ਸਰਕਾਰ ਵੱਲੋਂ ਪਾਬੰਦੀ, ਸਾਰੇ ਜ਼ਿਲ੍ਹਿਆਂ ਵਿੱਚ ਹੁਕਮ ਜਾਰੀ
ਚੰਡੀਗੜ੍ਹ, 7 ਅਕਤੂਬਰ 2025:( ਜਾਬਸ ਆਫ ਟੁਡੇ)
ਪੰਜਾਬ ਸਰਕਾਰ ਨੇ ਕੋਲਡਰਿਫ਼ ਸਿਰਪ ਦੀ ਵਿਕਰੀ ਅਤੇ ਇਸਦੇ ਉਪਯੋਗ ’ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਹੈ। ਇਹ ਫੈਸਲਾ ਮਧ੍ ਪ੍ਰਦੇਸ਼ ਦੇ ਛਿੰਦਵਾਰਾ ਜ਼ਿਲ੍ਹੇ ਵਿੱਚ ਬੱਚਿਆਂ ਦੀਆਂ ਮੌਤਾਂ ਨਾਲ ਜੁੜੇ ਮਾਮਲੇ ਦੇ ਬਾਅਦ ਲਿਆ ਗਿਆ ਹੈ।
ਖ਼ੁਰਾਕ ਅਤੇ ਦਵਾਈ ਪ੍ਰਸ਼ਾਸਨ (ਡਰੱਗਜ਼ ਵਿੰਗ), ਪੰਜਾਬ ਵੱਲੋਂ ਜਾਰੀ ਆਫਿਸ ਆਰਡਰ ਅਨੁਸਾਰ, ਕੋਲਡਰਿਫ਼ ਸਿਰਪ (Paracetamol, Phenylephrine Hydrochloride, Chlorpheniramine Maleate Syrup) ਨੂੰ "Not of Standard Quality" ਘੋਸ਼ਿਤ ਕੀਤਾ ਗਿਆ ਹੈ। ਇਹ ਸਿਰਪ ਮਈ 2025 ਵਿੱਚ ਬਣਾਇਆ ਗਿਆ ਸੀ ਅਤੇ ਅਪਰੈਲ 2027 ਵਿੱਚ ਇਸ ਦੀ ਮਿਆਦ ਖ਼ਤਮ ਹੋਣੀ ਸੀ। ਇਸ ਦਾ ਨਿਰਮਾਣ Sresan Pharmaceutical Manufacturer (ਤਮਿਲਨਾਡੂ) ਵੱਲੋਂ ਕੀਤਾ ਗਿਆ ਸੀ।
ਡਰੱਗ ਟੈਸਟਿੰਗ ਲੈਬ, ਮਧ੍ ਪ੍ਰਦੇਸ਼ ਦੀ ਰਿਪੋਰਟ ਅਨੁਸਾਰ, ਇਸ ਸਿਰਪ ਵਿੱਚ Diethylene Glycol (46.28% w/v) ਪਾਇਆ ਗਿਆ ਹੈ ਜੋ ਮਨੁੱਖੀ ਸਿਹਤ ਲਈ ਬਹੁਤ ਹੀ ਖ਼ਤਰਨਾਕ ਮੰਨਿਆ ਜਾਂਦਾ ਹੈ।
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਜਨਤਕ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਖੁਦਰਾ ਵਿਕਰੇਤਾ, ਡਿਸਟ੍ਰੀਬਿਊਟਰ, ਡਾਕਟਰ ਅਤੇ ਹਸਪਤਾਲ ਇਸ ਸਿਰਪ ਨੂੰ ਨਾ ਖਰੀਦਣਗੇ, ਨਾ ਵੇਚਣਗੇ ਅਤੇ ਨਾ ਹੀ ਇਸਦਾ ਉਪਯੋਗ ਕਰਨਗੇ।
ਜੇਕਰ ਰਾਜ ਵਿੱਚ ਕਿਸੇ ਵੀ ਜਗ੍ਹਾ ਇਸ ਸਿਰਪ ਦਾ ਸਟਾਕ ਮਿਲਦਾ ਹੈ, ਤਾਂ ਉਸਦੀ ਜਾਣਕਾਰੀ ਤੁਰੰਤ ਖ਼ੁਰਾਕ ਅਤੇ ਦਵਾਈ ਪ੍ਰਸ਼ਾਸਨ, ਪੰਜਾਬ ਨੂੰ ਈਮੇਲ drugscontrol.fda@punjab.gov.in ਰਾਹੀਂ ਭੇਜਣੀ ਹੋਵੇਗੀ।
ਇਹ ਹੁਕਮ ਤੁਰੰਤ ਪ੍ਰਭਾਵ ਨਾਲ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਲਾਗੂ ਕਰ ਦਿੱਤੇ ਗਏ ਹਨ।
