ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਲਈ ਐਡਵਾਈਜ਼ਰੀ ਜਾਰੀ
ਕਪੂਰਥਲਾ, 27 ਅਗਸਤ ( ਜਾਬਸ ਆਫ ਟੁਡੇ)
ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਲਈ ਜਾਰੀ ਐਡਵਾਈਜ਼ਰੀ ਅਨੁਸਾਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹੜ੍ਹਾਂ ਦੇ ਪਾਣੀ ਵਿੱਚ ਜੇਕਰ ਜਾਣਾ ਪਵੇ ਤਾਂ ਚੰਗੀ ਤਰ੍ਹਾਂ ਪੈਰਾਂ ਵਿੱਚ ਬੂਟ ਪਾ ਕੇ ਜਾਇਆ ਜਾਵੇ।
ਉਨ੍ਹਾਂ ਕਿਹਾ ਕਿ ਖਾਣ ਸਮੇਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਪਾਣੀ ਤੇ ਸਾਬਣ ਨਾਲ ਧੋਇਆ ਜਾਵੇ ਅਤੇ ਖਾਣ-ਪੀਣ ਵਾਲੀਆਂ ਚੀਜਾਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਦੇ ਨਾਲ ਹੀ ਖਾਣਾ ਸੁਰੱਖਿਅਤ ਢੰਗ ਨਾਲ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਹੜ੍ਹਾਂ ਦੌਰਾਨ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਸਾਵਧਾਨੀਆਂ ਜਰੂਰ ਵਰਤੀਆਂ ਜਾਣ। ਉਨ੍ਹਾਂ ਕਿਹਾ ਕਿ ਪੀਣ ਲਈ ਉਬਲਿਆ ਹੋਇਆ ਪਾਣੀ ਜਾਂ ਕਲੋਰੀਨੇਟਿਡ ਪਾਣੀ ਹੀ ਵਰਤਿਆ ਜਾਵੇ।
ਉਨ੍ਹਾਂ ਕਿਹਾ ਕਿ ਜੇਕਰ ਉਬਲਿਆਂ ਪਾਣੀ ਉਪਲਬੱਧ ਨਹੀਂ ਹੈ ਤਾਂ ਕਲੋਰੀਨ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਪਾਣੀ ਇਕੱਤਰ ਕਰਨ ਲਈ ਸਾਫ਼ ਭਾਂਡਿਆਂ ਤੇ ਟੈਂਕੀਆਂ ਦੀ ਵਰਤੋਂ ਕੀਤੀ ਜਾਵੇ ਅਤੇ ਇਹਨਾਂ ਵਿਚੋਂ ਪਾਣੀ ਕੱਢਣ ਲਈ ਕੜਛੀ ਜਾਂ ਹੋਰ ਭਾਂਡੇ ਦੀ ਵਰਤੋਂ ਕੀਤੀ ਜਾਵੇ।
ਉਨ੍ਹਾਂ ਇਹ ਵੀ ਕਿਹਾ ਕਿ ਰਾਤ ਨੂੰ ਸੌਣ ਸਮੇਂ ਸਾਰਿਆਂ ਨੂੰ ਖਾਸਕਰਕੇ ਗਰਭਵੱਤੀ ਔਰਤਾਂ ਅਤੇ ਬੱਚਿਆਂ ਲਈ ਮੱਛਰਦਾਨੀਆਂ ਦੀ ਵਰਤੋਂ ਕੀਤੀ ਜਾਵੇ ਅਤੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਏ ਜਾਣ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਆਪਣੇ ਆਲੇ-ਦੁਆਲੇ ਫੋਗਿੰਗ ਅਤੇ ਸਪਰੇਅ ਆਦਿ ਨੂੰ ਕਰਨ ਨੂੰ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸੱਪ ਦੇ ਕੱਟਣ ਦੀਆਂ ਘਟਨਾਵਾਂ ਵੀ ਵੱਧ ਜਾਂਦੀਆਂ ਹਨ, ਇਸ ਲਈ ਨੰਗੇ ਪੈਰੀਂ ਖੜ੍ਹੇ ਪਾਣੀ, ਝਾੜ-ਬੂਟੀਆਂ ਵਿੱਚ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤੋਂ ਇਲਾਵਾ ਕਿਸੇ ਵੀ ਖੁੱਡ ਜਾਂ ਟੋਏ ਵਿੱਚ ਹੱਥ-ਪੈਰ ਨਾ ਮਾਰਿਆ ਜਾਵੇ ਅਤੇ ਆਪਣੇ ਆਲੇ-ਦੁਆਲੇ ਕੂੜਾ-ਕਰਕਟ ਜਮ੍ਹਾ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਮੀਂਹ ਦੇ ਪਾਣੀ ਵਿੱਚ ਭਿੱਜ ਗਏ ਹੋ ਤਾਂ ਤੁਰੰਤ ਕਪੜਿਆਂ ਨੂੰ ਬਦਲਿਆ ਜਾਵੇ ਅਤੇ ਆਪਣੀ ਚਮੜੀ ਨੂੰ ਖੁਸ਼ਕ ਰੱਖਿਆ ਜਾਵੇ।
ਉਨ੍ਹਾਂ ਕਿਹਾ ਕਿ ਸਾਫ਼ ਪਾਣੀ ਨਾਲ ਨਹਾਉਣ ਤੋਂ ਇਲਾਵਾ ਜੇਕਰ ਸਰੀਰ ’ਤੇ ਕੋਈ ਲਾਲਗੀ ਜਾਂ ਖੁਰਕ ਆਦਿ ਮਹਿਸੂਸ ਹੋਵੇ ਤਾਂ ਤੁਰੰਤ ਐਂਟੀ ਸੈਪਟਿਕ ਕਰੀਮ ਦੀ ਵਰਤੋਂ ਕੀਤੀ ਜਾਵੇ ।
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜੇਕਰ ਟੱਟੀਆਂ ਜਾਂ ਉਲਟੀਆਂ ਦੀ ਦਿੱਕਤ ਆਉਂਦੀ ਹੈ ਤਾਂ ਓ.ਆਰ.ਐਸ.ਦੀ ਵਰਤੋਂ ਕੀਤੀ ਜਾਵੇ ਅਤੇ ਸਿਹਤ ਕੇਂਦਰ ਨਾਲ ਰਾਬਤਾ ਕਾਇਮ ਕਰਕੇ ਸਹੀ ਇਲਾਜ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਲੇਰੀਆ ਅਤੇ ਡੇਂਗੂ ਬੁਖ਼ਾਰ ਤੋਂ ਬਚਾਅ ਲਈ ਹਰ ਰਾਤ ਮੱਛਰਦਾਨੀਆਂ ਦੀ ਵਰਤੋਂ ਨੂੰ ਵੀ ਯਕੀਨੀ ਬਣਾਇਆ ਜਾਵੇ।
Government of Punjab CMO Punjab #Kapurthala
