**ਪੰਜਾਬ ਸਰਕਾਰ ਵੱਲੋਂ ਏਡਿਡ ਸਕੂਲਾਂ ਦੇ ਪੈਨਸ਼ਨਰਾਂ ਲਈ ਵੱਡਾ ਐਲਾਨ**
**ਚੰਡੀਗੜ੍ਹ, 7 ਅਪ੍ਰੈਲ:** ਪੰਜਾਬ ਸਰਕਾਰ ਨੇ ਸੂਬੇ ਦੇ ਏਡਿਡ ਸਕੂਲਾਂ ਦੇ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਸੋਧੀ ਹੋਈ ਪੈਨਸ਼ਨ ਅਤੇ ਫੈਮਿਲੀ ਪੈਨਸ਼ਨ ਦਾ ਏਰੀਅਰ ਜਾਰੀ ਕਰਨ ਦੇ ਹੁਕਮ ਦਿੱਤੇ ਹਨ।
ਸਿੱਖਿਆ ਵਿਭਾਗ (ਸੈਸਿ) ਪੰਜਾਬ ਵੱਲੋਂ ਜਾਰੀ ਇੱਕ ਪੱਤਰ ਅਨੁਸਾਰ, ਇਹ ਏਰੀਅਰ 01 ਜਨਵਰੀ 2016 ਤੋਂ 30 ਜੂਨ 2021 ਤੱਕ ਦੇ ਸਮੇਂ ਲਈ ਦਿੱਤਾ ਜਾਵੇਗਾ। ਇਸ ਸਬੰਧੀ ਵਿਭਾਗ ਵੱਲੋਂ 18 ਫਰਵਰੀ 2025 ਨੂੰ ਪ੍ਰਵਾਨਗੀ ਦਿੱਤੀ ਗਈ ਸੀ।
ਪੱਤਰ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ 01 ਜੁਲਾਈ 2021 ਤੋਂ 31 ਮਾਰਚ 2024 ਤੱਕ ਦੇ ਵਧੇ ਹੋਏ ਡੀਏ/ਡੀਆਰ ਦੇ ਏਰੀਅਰ ਅਤੇ 01 ਜੁਲਾਈ 2021 ਤੋਂ 30 ਜੂਨ 2024 ਤੱਕ ਦੇ ਰਿਵਾਈਜ਼ਡ ਪੈਨਸ਼ਨ/ਫੈਮਿਲੀ ਪੈਨਸ਼ਨ ਦੇ ਏਰੀਅਰ ਸਬੰਧੀ ਫੈਸਲਾ ਬਾਅਦ ਵਿੱਚ ਲਿਆ ਜਾਵੇਗਾ।
ਇਹ ਪ੍ਰਵਾਨਗੀ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਅਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰਾਂ ਦੇ ਆਧਾਰ 'ਤੇ ਦਿੱਤੀ ਗਈ ਹੈ।
ਸਿੱਖਿਆ ਵਿਭਾਗ ਦੇ ਡਾਇਰੈਕਟਰ ਪਰਮਜੀਤ ਸਿੰਘ, ਪੀਸੀਐਸ ਨੇ ਇਸ ਸਬੰਧੀ ਹੁਕਮ ਜਾਰੀ ਕਰਦਿਆਂ ਸਮੂਹ ਜ਼ਿਲ੍ਹਾ ਖ਼ਜ਼ਾਨਾ ਅਫ਼ਸਰਾਂ, ਖ਼ਜ਼ਾਨਾ ਅਫ਼ਸਰ ਪੰਜਾਬ, ਚੰਡੀਗੜ੍ਹ ਅਤੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਸਿ/ਐਸਿ) ਪੰਜਾਬ ਨੂੰ ਸੂਚਨਾ ਅਤੇ ਅਗਲੇਰੀ ਕਾਰਵਾਈ ਲਈ ਭੇਜ ਦਿੱਤਾ ਹੈ।