ਸਰਕਾਰੀ ਸਕੂਲਾਂ ਦੀ ਵਰਦੀ ਵੰਡ ਪ੍ਰਣਾਲੀ ਬਦਲੀ: ਹੁਣ ਸਿੱਖਿਆ ਵਿਭਾਗ ਖੁਦ ਕਰੇਗਾ ਪ੍ਰਬੰਧ, ਸਕੂਲਾਂ ਤੋਂ ਮੰਗੇ ਗਏ ਬੱਚਿਆਂ ਦੇ ਸਾਈਜ਼ ਅਤੇ ਵਜ਼ਨ ਦੇ ਵੇਰਵੇ
ਚੰਡੀਗੜ੍ਹ, 18 ਅਪ੍ਰੈਲ 2025( ਜਾਬਸ ਆਫ ਟੁਡੇ)ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਦੇਣ ਦੇ ਤਰੀਕੇ ਵਿੱਚ ਸਾਲ 2025-26 ਤੋਂ ਵੱਡਾ ਬਦਲਾਅ ਕੀਤਾ ਹੈ। ਪਹਿਲਾਂ ਇਹ ਜ਼ਿੰਮੇਵਾਰੀ ਸਕੂਲ ਮੈਨੇਜਮੈਂਟ ਕਮੇਟੀਆਂ (SMCs) ਕੋਲ ਸੀ, ਪਰ ਹੁਣ 'ਵਿਕਾਸ' ਪ੍ਰੋਜੈਕਟ ਤਹਿਤ ਵਰਦੀਆਂ ਦੇਣ ਦਾ ਕੰਮ ਸਿੱਧਾ ਵਿਭਾਗ ਵੱਲੋਂ ਕੀਤਾ ਜਾਵੇਗਾ।
ਇਹ ਫੈਸਲਾ ਪਿਛਲੇ ਸਮਿਆਂ ਵਿੱਚ ਵਰਦੀਆਂ ਦੀ ਗੁਣਵੱਤਾ ਅਤੇ ਵੰਡ ਪ੍ਰਬੰਧ ਨੂੰ ਲੈ ਕੇ ਸਾਹਮਣੇ ਆਈਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਲਿਆ ਗਿਆ ਹੈ।
- SIKHYA KRANTI : ਅਧਿਆਪਕਾਂ ਨੂੰ ਫਸਲਾਂ ਦੇ ਸਰਵੇ ਕਰਨ ਦੇ ਹੁਕਮ,
ਵਿਭਾਗ ਨੇ ਨਵੀਂ ਪ੍ਰਣਾਲੀ ਤਹਿਤ, ਸਾਰੇ ਸਰਕਾਰੀ ਸਕੂਲਾਂ ਨੂੰ ਪੱਤਰ ਜਾਰੀ ਕਰਕੇ ਯੋਗ ਵਿਦਿਆਰਥੀਆਂ ਦੀਆਂ ਵਰਦੀਆਂ ਦੀ ਮੰਗ ਬਾਰੇ ਵਿਸਥਾਰਤ ਜਾਣਕਾਰੀ ਤੁਰੰਤ ਭੇਜਣ ਲਈ ਕਿਹਾ ਹੈ। ਇਸ ਵਿੱਚ ਸਕੂਲਾਂ ਨੂੰ ਦਿੱਤੇ ਗਏ ਪ੍ਰੋਫਾਰਮੇ ਵਿੱਚ ਬੱਚਿਆਂ ਦੀ ਗਿਣਤੀ ਨੂੰ ਉਨ੍ਹਾਂ ਦੇ ਸਾਈਜ਼ ਅਤੇ ਵਜ਼ਨ ਅਨੁਸਾਰ ਭਰ ਕੇ ਕੰਸੋਲੀਡੇਟਿਡ ਅਤੇ ਸਕੂਲ-ਵਾਇਜ਼ ਰਿਪੋਰਟ ਬਣਾ ਕੇ ਵਿਭਾਗ ਨੂੰ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਜਾਣਕਾਰੀ ਦੇ ਆਧਾਰ 'ਤੇ ਹੀ ਵਿਭਾਗ ਵੱਲੋਂ ਵਰਦੀਆਂ ਦਾ ਪ੍ਰਬੰਧ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਇਸ ਤੋਂ ਕੁਝ ਸਮਾਂ ਪਹਿਲਾਂ, ਮਾਰਚ ਮਹੀਨੇ ਵਿੱਚ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕਰਕੇ ਵਰਦੀਆਂ ਸਵੈ-ਸਹਾਇਤਾ ਸਮੂਹਾਂ (Self-Help Groups) ਰਾਹੀਂ PSRLM ਪ੍ਰੋਜੈਕਟ ਤਹਿਤ ਦੇਣ ਦੀ ਯੋਜਨਾ ਦੱਸੀ ਗਈ ਸੀ। ਇਸ ਯੋਜਨਾ ਤਹਿਤ ਸਕੂਲਾਂ ਨੂੰ 30 ਫੀਸਦੀ ਐਡਵਾਂਸ ਰਾਸ਼ੀ ਭੇਜਣ ਦੀ ਗੱਲ ਕਹੀ ਗਈ ਸੀ ਅਤੇ ਜਲੰਧਰ ਜ਼ਿਲ੍ਹੇ ਲਈ ਵੀ ਇਸ ਕੰਮ ਲਈ 36 ਲੱਖ ਰੁਪਏ ਦੀ ਰਾਸ਼ੀ ਮਿਲਣੀ ਤੈਅ ਹੋਈ ਸੀ।
ਪਰ ਹੁਣ ਨਵੀਂ ਹਦਾਇਤਾਂ ਤਹਿਤ, ਪਿਛਲੀ ਯੋਜਨਾ ਤਹਿਤ ਸਕੂਲਾਂ ਨੂੰ ਰਾਸ਼ੀ ਭੇਜਣ ਦੀ ਬਜਾਏ, ਵਿਭਾਗ ਨੇ ਸਿੱਧਾ ਯੋਗ ਵਿਦਿਆਰਥੀਆਂ (ਜੋ ਮੁੱਖ ਤੌਰ 'ਤੇ SC, ST, OBC, BPL, EWS ਸ਼੍ਰੇਣੀਆਂ ਨਾਲ ਸਬੰਧਤ ਹਨ) ਦੇ ਨਾਮ ਅਤੇ ਸਾਈਜ਼/ਵਜ਼ਨ ਸਮੇਤ ਹੋਰ ਲੋੜੀਂਦੇ ਵੇਰਵੇ ਮੰਗਵਾ ਲਏ ਹਨ। ਇਸ ਤੋਂ ਸਪੱਸ਼ਟ ਹੈ ਕਿ ਵਿਭਾਗ ਹੁਣ ਕੇਂਦਰੀ ਪੱਧਰ 'ਤੇ ਵਰਦੀਆਂ ਦੀ ਖਰੀਦ ਕਰਕੇ ਸਿੱਧਾ ਸਕੂਲਾਂ ਨੂੰ ਭੇਜੇਗਾ। ਨਵੇਂ ਸੈਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਵਿਭਾਗ ਜਲਦੀ ਤੋਂ ਜਲਦੀ ਵਰਦੀਆਂ ਦੀ ਵੰਡ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹੈ।
