ਪੰਜਾਬ ਸਿੱਖਿਆ ਵਿਭਾਗ ਦਾ ਮਾਸਟਰ ਕਾਡਰ ਤੋਂ ਲੈਕਚਰਾਰ ਬਣੇ ਅਧਿਆਪਕਾਂ ਲਈ ਅਹਿਮ ਐਲਾਨ
ਚੰਡੀਗੜ੍ਹ 11 ਮਾਰਚ 2025( ਜਾਬਸ ਆਫ ਟੁਡੇ): ਪੰਜਾਬ ਦੇ ਸਿੱਖਿਆ ਵਿਭਾਗ ਨੇ ਸਾਲ 2024 ਵਿੱਚ ਮਾਸਟਰ ਕਾਡਰ ਤੋਂ ਲੈਕਚਰਾਰ ਕਾਡਰ ਵਿੱਚ ਤਰੱਕੀ ਪ੍ਰਾਪਤ ਅਧਿਆਪਕਾਂ ਲਈ ਇੱਕ ਮਹੱਤਵਪੂਰਨ ਐਲਾਨ ਕੀਤਾ ਹੈ। ਡਾਇਰੈਕਟੋਰੇਟ ਆਫ਼ ਸਕੂਲ ਐਜੂਕੇਸ਼ਨ, ਪੰਜਾਬ ਵੱਲੋਂ ਜਾਰੀ ਪੱਤਰ ਵਿੱਚ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ ਸਿੱਖਿਆ) ਨੂੰ ਲੈਕਚਰਾਰ ਕਾਡਰ ਦੀ ਸੀਨੀਆਰਤਾ ਨਿਰਧਾਰਿਤ ਕਰਨ ਲਈ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ।
ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ, ਸਾਲ 2024 ਵਿੱਚ ਵੱਖ-ਵੱਖ ਵਿਸ਼ਿਆਂ ਵਿੱਚ ਮਾਸਟਰ ਕਾਡਰ ਤੋਂ ਲੈਕਚਰਾਰ ਵਜੋਂ ਤਰੱਕੀ ਪ੍ਰਾਪਤ ਅਧਿਆਪਕਾਂ ਦੀ ਸੀਨੀਆਰਤਾ ਸੂਚੀ ਤਿਆਰ ਕੀਤੀ ਜਾਣੀ ਹੈ। ਇਸ ਸਬੰਧੀ ਵਿਭਾਗ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਤਰੱਕੀ ਪ੍ਰਾਪਤ ਲੈਕਚਰਾਰਾਂ ਦੀ ਸੀਨੀਆਰਤਾ ਦੀ ਦਰਜਾਬੰਦੀ ਕਰਨ ਲਈ ਹੇਠ ਲਿਖੇ ਦਸਤਾਵੇਜ਼ 19 ਮਾਰਚ 2025 ਤੱਕ ਇਕੱਤਰ ਕਰਕੇ ਪ੍ਰਮੋਸ਼ਨ ਸੈਲ, ਡਾਇਰੈਕਟੋਰੇਟ ਆਫ਼ ਸਕੂਲ ਐਜੂਕੇਸ਼ਨ, ਪੰਜਾਬ, ਐਸ.ਏ.ਐਸ. ਨਗਰ ਵਿਖੇ ਜਮ੍ਹਾਂ ਕਰਵਾਉਣ:
- ਸੀਨੀਆਰਤਾ ਬਾਬਤ ਨਿਰਧਾਰਤ ਪ੍ਰੋਫਾਰਮਾ
- ਸਬੰਧਤ ਸਕੂਲ ਵਿੱਚ ਹਾਜ਼ਰੀ ਰਿਪੋਰਟ (ਸਕੂਲ ਦੇ ਪ੍ਰਿੰਸੀਪਲ ਵੱਲੋਂ ਤਸਦੀਕ ਕੀਤੀ ਹੋਵੇ)
- ਜੇਕਰ ਕਿਸੇ ਕਰਮਚਾਰੀ ਵੱਲੋਂ ਤਰੱਕੀ ਪ੍ਰਾਪਤ ਕਰਨ ਉਪਰੰਤ ਹਾਜ਼ਰ ਹੋਣ ਲਈ ਵਾਧੂ ਸਮਾਂ ਲਿਆ ਗਿਆ ਹੈ, ਤਾਂ ਉਸ ਸਬੰਧੀ ਦਫ਼ਤਰੀ ਹੁਕਮ
ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਸਾਲ 2024 ਵਿੱਚ ਲੈਕਚਰਾਰ ਕਾਡਰ ਵਿੱਚ ਤਰੱਕੀ ਪ੍ਰਾਪਤ ਕਰਮਚਾਰੀਆਂ ਦੇ ਨਾਮ ਉਨ੍ਹਾਂ ਦੀ ਲੈਕਚਰਾਰ ਕਾਡਰ ਵਿੱਚ ਹਾਜ਼ਰੀ ਰਿਪੋਰਟ ਪ੍ਰਾਪਤ ਹੋਣ ਤੋਂ ਬਾਅਦ ਭਵਿੱਖ ਵਿੱਚ ਆਉਣ ਵਾਲੀ ਸੋਧੀ ਡਰਾਫਟ ਸੂਚੀ ਵਿੱਚ ਸ਼ਾਮਲ ਕੀਤੇ ਜਾਣਗੇ।
ਇਸ ਐਲਾਨ ਨਾਲ ਸਾਲ 2024 ਵਿੱਚ ਤਰੱਕੀ ਪ੍ਰਾਪਤ ਲੈਕਚਰਾਰਾਂ ਨੂੰ ਆਪਣੀ ਸੀਨੀਆਰਤਾ ਸੂਚੀ ਜਲਦ ਜਾਰੀ ਹੋਣ ਦੀ ਉਮੀਦ ਹੈ। ਸਾਰੇ ਸਬੰਧਤ ਅਧਿਆਪਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਨਿਰਧਾਰਿਤ ਸਮੇਂ ਅੰਦਰ ਆਪਣੇ ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰ ਵਿਖੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣ, ਤਾਂ ਜੋ ਸੀਨੀਆਰਤਾ ਸੂਚੀ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ।