ਲੁਧਿਆਣਾ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਅਚਨਚੇਤੀ ਮੌਤ
ਲੁਧਿਆਣਾ 11 ਜਨਵਰੀ 2025 (ਜਾਬਸ ਆਫ ਟੁਡੇ) ਪੰਜਾਬ ਦੇ ਲੁਧਿਆਣਾ ਦੇ ਹਲਕਾ ਵੈਸਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਅਚਨਚੇਤੀ ਮੌਤ ਹੋ ਗਈ ਹੈ। ਇਹ ਘਟਨਾ ਰਾਤ ਕਰੀਬ 12 ਵਜੇ ਦੇ ਕਰੀਬ ਵਾਪਰੀ।
ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੋਗੀ ਆਪਣੇ ਘਰ ਵਿੱਚ ਆਪਣੀ ਲਾਇਸੰਸੀ ਪਿਸਤੌਲ ਸਾਫ਼ ਕਰ ਰਹੇ ਸਨ, ਜਿਸ ਦੌਰਾਨ ਅਚਨਚੇਤ ਗੋਲੀ ਚੱਲ ਗਈ। ਗੋਲੀ ਸਿੱਧੀ ਸਿਰ ਵਿੱਚ ਲੱਗੀ। ਦਸਿਆ ਜਾ ਰਿਹਾ ਹੈ ਕਿ ਗੋਲੀ ਸਿਰ ਦੇ ਆਰ ਪਾਰ ਹੋ ਗਈ।
ਉਨ੍ਹਾਂ ਨੂੰ ਤੁਰੰਤ ਪੁਲਿਸ ਕਰਮਚਾਰੀਆਂ ਅਤੇ ਪਰਿਵਾਰ ਦੇ ਮੈਂਬਰਾਂ ਵੱਲੋਂ ਦਇਆਨੰਦ ਮੈਡੀਕਲ ਕਾਲਜ (ਡੀਐਮਸੀ) ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਪੁਲਿਸ ਕਮਿਸ਼ਨਰ ਕੁਲਦੀਪ ਚਹਿਲ ਅਸਪਤਾਲ ਪੁੱਜੇ। ਬਾਅਦ ਵਿੱਚ ਅਧਿਕਾਰੀ ਗੋਗੀ ਦੇ ਘਰ ਵੀ ਪੁੱਜੇ।
ਮੀਡੀਆ ਰਿਪੋਰਟਾਂ ਅਨੁਸਾਰ ਏਡੀਸੀਪੀ ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਪਿਸਤੌਲ 25 ਬੋਰ ਦੀ ਸੀ। ਉਨ੍ਹਾਂ ਕਿਹਾ ਕਿ ਵਿਧਾਇਕ ਦੀ ਮੌਤ ਕਿਹੜੀਆਂ ਹਾਲਤਾਂ ਵਿੱਚ ਹੋਈ, ਇਸ ਬਾਰੇ ਕਹਿਣਾ ਠੀਕ ਨਹੀਂ ਹੋਵੇਗਾ। ਪੋਸਟਮਾਰਟਮ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।