ਸੱਚੀ ਸਿੱਖਿਆ ਉਹ ਹੈ ਜੋ ਸਮਾਜ ਅਤੇ ਮਾਨਵਤਾ ਦੀ ਸੇਵਾ ਸਿਖਾਉਂਦੀ ਹੋਵੇ : ਰਾਜਪਾਲ ਗੁਲਾਬ ਚੰਦ ਕਟਾਰੀਆ
ਪੰਜਾਬ ਦੇ ਰਾਜਪਾਲ ਨੇ ਰਿਆਤ-ਬਾਹਰਾ ਐਜੂਕੇਸ਼ਨ ਸਿਟੀ ’ਚ ਕਨਵੋਕੇਸ਼ਨ ਸਮਾਗਮ ’ਚ ਕੀਤੀ ਸ਼ਿਰਕਤ
ਸਿੱਖਿਆ, ਸੰਸਕਾਰ ਅਤੇ ਰੋਜ਼ਗਾਰ ਦੇ ਮਹੱਤਵ ’ਤੇ ਦਿੱਤਾ ਜ਼ੋਰ
ਹੁਸ਼ਿਆਰਪੁਰ, 18 ਦਸੰਬਰ : ਰਿਆਤ ਬਾਹਰਾ ਐਜੂਕੇਸ਼ਨ ਸਿਟੀ ਵਿਖੇ ਕਰਵਾਏ ਗਏ ਕਨਵੋਕੇਸ਼ਨ ਸਮਾਗਮ ਵਿਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਿੱਖਿਆ, ਸੰਸਕਾਰ ਅਤੇ ਰੋਜ਼ਗਾਰ ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੱਚੀ ਸਿੱਖਿਆ ਉਹ ਹੈ ਜੋ ਸਮਾਜ ਅਤੇ ਮਾਨਵਤਾ ਦੀ ਸੇਵਾ ਸਿਖਾਉਂਦੀ ਹੋਵੇ। ਪ੍ਰੋਗਰਾਮ ਦੌਰਾਨ ਰਾਜਪਾਲ ਨੇ ਅੰਡਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਅਤੇ ਉਨ੍ਹਾਂ ਦੇ ਉਜਵੱਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਆਪਣੇ ਸੰਬੋਧਨ ਵਿਚ ਰਾਜਪਾਲ ਨੇ ਕਿਹਾ ਕਿ ਜੋ ਕੁਝ ਵੀ ਸਾਡੇ ਸਮਾਜ ਤੋਂ ਪ੍ਰਾਪਤ ਹੁੰਦਾ ਹੈ, ਉਸ ਨੂੰ ਵਾਪਸ ਕਰਨਾ ਸਾਡਾ ਕਰਤੱਵ ਹੈ ਅਤੇ ਇਸ ਵਿਚ ਸਭ ਤੋਂ ਵੱਡਾ ਆਨੰਦ ਲੁਕਿਆ ਹੋਇਆ ਹੈ। ਉਨ੍ਹਾਂ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਿੱਖਿਆ ਸਭ ਤੋਂ ਵੱਡਾ ਹਥਿਆਰ ਹੈ। ਨਵੀਂ ਸਿੱਖਿਆ ਨੀਤੀ-2020 ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਨੀਤੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਕੌਸ਼ਲ ਵਿਕਾਸ ਨੂੰ ਪ੍ਰਾਥਮਿਕਤਾ ਦਿੰਦੀ ਹੈ। ਰਾਜਪਾਲ ਨੇ ਸ਼ੋਧ ਕਾਰਜਾਂ (ਰਿਸਰਚ) ’ਤੇ ਯੂਨੀਵਰਸਿਟੀਆਂ ਵਿਚ ਵੱਧ ਫੋਕਸ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਪੰਜਾਬ ਵਿਚ ਖੇਡਾਂ ਦੇ ਵਿਕਾਸ ਅਤੇ ਨਸ਼ੇ ’ਤੇ ਰੋਕ ਲਗਾਉਣ ਲਈ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਗੱਲ ਵੀ ਕਹੀ।
ਰਿਆਤ-ਬਾਹਰ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਸਮਾਰੋਹ ਵਿਚ ਆਏ ਸਾਰੇ ਮਹਿਮਾਨ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਸਮਾਰੋਹ ਵਿਦਿਆਰਥੀਆਂ ਦੀ ਮਿਹਨਤ ਅਤੇ ਸਮਰਪਣ ਦਾ ਪ੍ਰਤੀਕ ਹੈ। । ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਿੱਖਿਆ ਰਾਹੀਂ ਸਮਾਜ ਦੀ ਸੇਵਾ ਕਰਨਾ ਸਭ ਤੋਂ ਵੱਡਾ ਯੋਗਦਾਨ ਹੈ।
ਕੈਂਪਸ ਡਾਇਰੈਕਟਰ ਡਾ. ਚੰਦਰ ਮੋਹਨ ਨੇ ਦੱਸਿਆ ਕਿ ਸਮਾਰੋਹ ਵਿਚ ਕੁੱਲ 438 ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਗਈਆਂ। ਇਸ ਵਿਚ 374 ਅੰਡਰ ਗਰੈਜੂਏਟ ਅਤੇ 64 ਪੋਸਟ ਗਰੈਜੂਏਟ ਵਿਦਿਆਰਥੀ ਸ਼ਾਮਲ ਸਨ ਜਿਸ ਵਿਚ ਫਾਰਮੇਸੀ ਦੇ 76, ਇੰਜਨੀਅਰਿੰਗ ਦੇ 109, ਨਰਸਿੰਗ ਦੇ 38, ਬੀ.ਐਡ ਦੇ 65, ਲਾਅ ਦੇ 15 ਅਤੇ ਮੈਨੇਜਮੈਂਟ ਦੇ 123 ਵਿਦਿਆਰਥੀ ਸ਼ਾਮਲ ਸਨ।
ਸਮਾਰੋਹ ਵਿਚ ਵਿਧਾਇਕ ਚੱਬੇਵਾਲ ਡਾ. ਇਸ਼ਾਂਕ ਕੁਮਾਰ, ਸਾਬਕਾ ਸੰਸਦ ਅਵਿਨਾਸ਼ ਰਾਏ ਖੰਨਾ, ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐਸ.ਐਸ.ਪੀ. ਸੁਰੇਂਦਰ ਲਾਂਬਾ, ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਵਾਈਸ ਚਾਂਸਲਰ ਡਾ. ਰਾਜੀਵ ਸੂਦ, ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਸੁਸ਼ੀਲ ਮਿੱਤਲ, ਐਸ.ਡੀ.ਐਮ. ਸੰਜੀਵ ਕੁਮਾਰ ਸ਼ਰਮਾ, ਸਿਵਲ ਸਰਜਨ ਡਾ. ਪਵਨ ਕੁਮਾਰ, ਰਿਆਤ ਬਾਹਰਾ ਗਰੁੱਪ ਦੇ ਵਾਈਸ ਚੇਅਰਮੈਨ ਗੁਰਿੰਦਰ ਸਿੰਘ ਬਾਹਰਾ, ਸਾਹਿਲਾ ਭਾਮਰਾ, ਪ੍ਰੀਤ ਟਰੈਕਟਰਜ਼ ਦੇ ਐਮ.ਡੀ. ਸੁਖਵਿੰਦਰ ਸਿੰਘ ਸ਼ਾਮਲ ਸਨ।
Government of Punjab