ਸੰਗੀਤ ਜਗਤ ਨੂੰ ਵੱਡਾ ਝਟਕਾ, ਵਿਸ਼ਵ ਪ੍ਰਸਿੱਧ ਤਬਲਾ ਵਾਦਕ ਜ਼ਾਕਿਰ ਹੁਸੈਨ ਦਾ ਦੇਹਾਂਤ
New Delhi, 16 December
ਗ੍ਰੈਮੀ ਐਵਾਰਡ ਜੇਤੂ ਵਿਸ਼ਵ ਪ੍ਰਸਿੱਧ ਭਾਰਤੀ ਤਬਲਾ ਵਾਦਕ ਜ਼ਾਕਿਰ ਹੁਸੈਨ ਦਾ ਅੱਜ ਸੰਯੁਕਤ ਰਾਜ ਅਮਰੀਕਾ ਦੇ ਸਾਂ ਫਰਾਂਸਿਸਕੋ ਵਿੱਚ ਦਿਹਾਂਤ ਹੋ ਗਿਆ। ਉਹ 73 ਸਾਲ ਦੇ ਸਨ। ਜ਼ਾਕਿਰ ਹੁਸੈਨ ਦੇ ਮੈਨੇਜਰ ਨਿਰਮਲਾ ਬਚਨੀ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਅਮਰੀਕਾ ਅਧਾਰਿਤ ਸੰਗੀਤਕਾਰ ਨੂੰ ਖ਼ੂਨ ਦੇ ਦਬਾਅ (ਬਲੱਡ ਪ੍ਰੈਸ਼ਰ) ਦੀ ਸਮੱਸਿਆ ਸੀ। ਇਸ ਤੋਂ ਪਹਿਲਾਂ ਅੱਜ ਹੁਸੈਨ ਦੇ ਦੋਸਤ ਅਤੇ ਬੰਸਰੀ ਵਾਦਕ ਰਾਕੇਸ਼ ਚੌਰਸੀਆ ਨੇ ਦੱਸਿਆ ਸੀ ਕਿ ਜ਼ਾਕਿਰ ਹੁਸੈਨ ਦਿਲ ਸਬੰਧੀ ਸਮੱਸਿਆਵਾਂ ਕਾਰਨ ਸਾਂ ਫਰਾਂਸਿਸਕੋ (ਅਮਰੀਕਾ) ਵਿੱਚ ਇੱਕ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਹਨ।
ਜ਼ਾਕਿਰ ਹੁਸੈਨ ਦਾ ਜਨਮ 9 ਮਾਰਚ 1951 ਨੂੰ ਮੁੰਬਈ ਵਿੱਚ ਹੋਇਆ ਸੀ ਅਤੇ ਉਹ ਤਬਲਾ ਵਾਦਕ ਅੱਲਾ ਰੱਖਾ ਦੇ ਸਭ ਤੋਂ ਵੱਡੇ ਪੁੱਤਰ ਸਨ। ਹੁਸੈਨ ਨੇ ਮੁੰਬਈ ਦੇ ਮਾਹਿਮ ਵਿੱਚ ਸੇਂਟ ਮਾਈਕਲ ਹਾਈ ਸਕੂਲ ਤੋਂ ਪ੍ਰਾਇਮਰੀ ਸਿੱਖਿਆ ਹਾਸਲ ਕਰਨ ਮਗਰੋਂ ਬਾਅਦ ਵਿੱਚ ਸੇਂਟ ਜੇਵੀਅਰ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ। ਜ਼ਾਕਿਰ ਹੁਸੈਨ ਦਾ ਵਿਆਹ ਕੱਥਕ ਨਰਤਕੀ ਅਤੇ ਟੀਚਰ ਅੰਟੋਨੀਆ ਮਿਨਕੋਲਾ ਨਾਲ ਹੋਇਆ ਸੀ। ਉਨ੍ਹਾਂ ਦੀਆਂ ਦੋ ਬੇਟੀਆਂ ਅਨੀਸਾ ਕੁਰੈਸ਼ੀ ਅਤੇ ਇਸਾਬੇਲਾ ਕੁਰੈਸ਼ੀ ਹਨ।
ਜ਼ਾਕਿਰ ਹੁਸੈਨ ਪ੍ਰਸਿੱਧ ਤਬਲਾ ਵਾਦਕਾਂ ਵਿੱਚ ਸ਼ੁਮਾਰ ਸਨ, ਜਿਨ੍ਹਾਂ ਨੇ ਛੇ ਦਹਾਕਿਆਂ ਦੌਰਾਨ ਕਈ ਉੱਘੇ ਕੌਮਾਂਤਰੀ ਅਤੇ ਭਾਰਤੀ ਕਲਾਕਾਰਾਂ ਨਾਲ ਕੰਮ ਕੀਤਾ। ਭਾਰਤ ਸਰਕਾਰ ਵੱਲੋਂ ਜ਼ਾਕਿਰ ਹੁਸੈਨ ਨੂੰ 1988 ਵਿੱਚ ਪਦਮਸ੍ਰੀ, 2002 ਵਿੱਚ ਪਦਮ ਭੂਸ਼ਣ ਅਤੇ 2023 ਵਿੱਚ ਪਦਮ ਵਿਭੂਸ਼ਣ ਨਾਲ ਨਿਵਾਜਿਆ ਗਿਆ ਸੀ। ਉਨ੍ਹਾਂ ਨੇ 2009 ਵਿੱਚ ਗ੍ਰੈਮੀ ਐਵਾਰਡ ਵੀ ਜਿੱਤਿਆ ਸੀ।
ਸੰਗੀਤ ਜਗਤ ਸਣੇ ਹੋਰਨਾਂ ਖੇਤਰਾਂ ਦੀਆਂ ਵੱਖ-ਵੱਖ ਸ਼ਖਸੀਅਤਾਂ ਨੇ ਜ਼ਾਕਿਰ ਹੁਸੈਨ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਦੇ ਵਿਛੋੜੇ ਨੂੰ ਕਲਾ ਅਤੇ ਸੰਗੀਤ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ।