ਸਿੱਧੂ ਦੇ ਕੈਂਸਰ ਹਰਾਉਣ ਦੇ ਦਾਅਵੇ 'ਤੇ 850 ਕਰੋੜ ਰੁਪਏ ਦਾ ਨੋਟਿਸ
ਨਵੀਂ ਦਿੱਲੀ, 27 ਨਵੰਬਰ 2024 : ਪੰਜਾਬ ਕਾਂਗਰੇਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੂੰ ਛੱਤੀਸਗੜ੍ਹ ਸਿਵਿਲ ਸੁਸਾਇਟੀ ਵੱਲੋਂ 850 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਸੁਸਾਇਟੀ ਨੇ ਸਿੱਧੂ ਦੇ ਇਸ ਦਾਅਵੇ 'ਤੇ ਨੋਟਿਸ ਭੇਜਿਆ ਹੈ ਕਿ ਉਨ੍ਹਾਂ ਦੀ ਪਤਨੀ ਨੇ ਸਿਰਫ ਆਪਣੀ ਖੁਰਾਕ ਅਤੇ ਜੀਵਨਸ਼ੈਲੀ ਵਿੱਚ ਬਦਲਾਅ ਕਰਕੇ ਕੈਂਸਰ ਨੂੰ ਹਰਾ ਦਿੱਤਾ ਹੈ। ਸੁਸਾਇਟੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਕੇ ਕੈਂਸਰ ਮਰੀਜ਼ਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਸੁਸਾਇਟੀ ਦੇ ਸੰਯੋਜਕ ਡਾ. ਕੁਲਦੀਪ ਸੋਲੰਕੀ ਦਾ ਕਹਿਣਾ ਹੈ ਕਿ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਆਯੁਰਵੇਦ ਇਲਾਜ ਕਰਕੇ ਕੈਂਸਰ ਦੇ ਚੌਥੇ ਸਟੇਜ ਨੂੰ 40 ਦਿਨਾਂ ਵਿੱਚ ਹਰਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਕੈਂਸਰ ਗ੍ਰਸਤ ਮਰੀਜ਼ਾਂ ਵਿੱਚ ਭਰਮ ਪੈਦਾ ਹੋ ਰਿਹਾ ਹੈ ਅਤੇ ਉਨ੍ਹਾਂ ਦਾ ਐਲੋਪੈਥੀ ਦਵਾਈਆਂ ਪ੍ਰਤੀ ਵਿਸ਼ਵਾਸ ਘਟ ਰਿਹਾ ਹੈ।
ਸੁਸਾਇਟੀ ਨੇ ਨੋਟਿਸ ਭੇਜ ਕੇ ਸੱਤ ਦਿਨਾਂ ਦੇ ਅੰਦਰ ਇਲਾਜ ਦੇ ਦਸਤਾਵੇਜ਼ ਪੇਸ਼ ਕਰਨ ਅਤੇ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਸੁਸਾਇਟੀ ਨੁਕਸਾਨ ਦੀ ਭਰਪਾਈ ਦਾ ਦਾਅਵਾ ਕਰੇਗੀ। ਸੋਲੰਕੀ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਾਰੇ ਦਸਤਾਵੇਜ਼ ਹਨ ਪਰ ਮਰੀਜ਼ ਦੀ ਗੋਪਨੀਯਤਾ ਨੂੰ ਦੇਖਦੇ ਹੋਏ ਉਹ ਇਨ੍ਹਾਂ ਨੂੰ ਜਨਤਕ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਦੀ ਪਤਨੀ ਦੱਸੇ ਕਿ ਉਨ੍ਹਾਂ ਨੇ ਜੋ ਐਲੋਪੈਥੀ ਇਲਾਜ ਕਰਵਾਇਆ ਸੀ, ਉਸਦਾ ਕੋਈ ਫਾਇਦਾ ਨਹੀਂ ਹੋਇਆ?