-- ਸਰਵੇਖਣ ਦੇ ਨਾਂ ਹੇਠ ਅਧਿਆਪਕਾਂ ਨੂੰ ਖੱਜਲ-ਖੁਆਰ ਕਰਨਾ ਬੰਦ ਕਰੇ ਵਿਭਾਗ
: ਡੀਟੀਐਫ--
ਸਸਪੈਂਡ ਕੀਤੇ ਅਧਿਆਪਕ ਦੀ ਤੁਰੰਤ ਬਹਾਲੀ ਦੀ ਕੀਤੀ ਗਈ ਮੰਗ ।
ਰਾਜਪੁਰਾ, 09 ਨਵੰਬਰ ( ) ਡੈਮੋਕਰੇਟਿਕ ਟੀਚਰਜ਼ ਫਰੰਟ (ਡੀਟੀਐਫ) ਵੱਲੋਂ ਸਿੱਖਿਆ ਵਿਭਾਗ ਦੁਆਰਾ ਪਿਛਲੇ ਦਿਨੀ ਰਾਜਪੁਰਾ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮਾਣਕਪੁਰ ਦੇ ਅਧਿਆਪਕ ਨੂੰ ਸਸਪੈਂਡ ਕਰਨ ਦਾ ਵਿਰੋਧ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਰੱਖੜਾ, ਸਕੱਤਰ ਜਸਪਾਲ ਸਿੰਘ ਚੌਧਰੀ, ਖਜਾਨਚੀ ਰਾਜਿੰਦਰ ਸਿੰਘ ਸਮਾਣਾ ਅਤੇ 6635 ਅਧਿਆਪਕ ਯੂਨੀਅਨ ਦੇ ਪ੍ਰਧਾਨ ਜਰਨੈਲ ਸਿੰਘ ਨਾਗਰਾ ਵੱਲੋਂ ਦੱਸਿਆ ਗਿਆ ਕਿ ਉਕਤ ਅਧਿਆਪਕ 15 ਦਿਨ ਦੀ ਮੈਡੀਕਲ ਛੁੱਟੀ ਤੇ ਰਿਹਾ ਹੈ ਅਤੇ ਉਸਨੇ ਸੈਂਟਰ ਪੱਧਰ ਦੀਆਂ ਖੇਡਾਂ ਵਿੱਚ ਵੀ ਡਿਊਟੀ ਨਿਭਾਈ ਹੈ। ਇਸ ਤੋਂ ਇਲਾਵਾ ਗੈਰ ਵਿਦਿਅਕ ਡਿਊਟੀ ਦੇ ਤਹਿਤ ਪੰਚਾਇਤੀ ਚੋਣਾਂ ਕਰਵਾਉਣਾ ਅਤੇ ਬਤੌਰ ਬੀਐਲਓ ਦਾ ਕੰਮ ਕਰਨਾ ਵੀ ਸ਼ਾਮਿਲ ਹੈ।
ਸੁਖਦੇਵ ਸਿੰਘ ਘੱਗਰ ਸਰਾਏ, ਵਿਕਰਮਜੀਤ ਸਿੰਘ ਅਲੂਣਾ ਅਤੇ ਕਪੂਰ ਸਿੰਘ ਅਧਿਆਪਕ ਆਗੂਆਂ ਨੇ ਵਿਭਾਗ ਦੀ ਇਸ ਕਾਰਵਾਈ ਦਾ ਤਿੱਖੇ ਸ਼ਬਦਾਂ ਵਿੱਚ ਵਿਰੋਧ ਕਰਦੇ ਹੋਏ ਕਿਹਾ ਕਿ ਸਰਕਾਰ ਅਤੇ ਇਸ ਦੀ ਉੱਚ ਅਫਸਰਸ਼ਾਹੀ ਨੇ ਸਾਰਾ ਜ਼ੋਰ ਇੱਕ ਸਰਵੇਖਣ ਦੀ ਤਿਆਰੀ ਤੇ ਲਗਾਇਆ ਹੋਇਆ ਹੈ ਤਾਂ ਜੋ ਪੰਜਾਬ ਦੀ ਸਿੱਖਿਆ ਦੇ ਪੱਧਰ ਨੂੰ ਅੰਕੜਿਆਂ ਦੇ ਵਿੱਚ ਬਾਕੀ ਰਾਜਾਂ ਨਾਲੋਂ ਵਧੀਆ ਵਿਖਾਇਆ ਜਾ ਸਕੇ । ਉਹਨਾਂ ਦੱਸਿਆ ਕਿ ਪਹਿਲਾਂ ਜੁਲਾਈ ਤੱਕ ਚੱਲੇ ਮਿਸ਼ਨ ਸਮਰੱਥ ਅਤੇ ਹੁਣ ਕੰਪੀਟੈਂਸੀ ਇਨਹੈਂਸਮੈਂਟ ਪ੍ਰੋਗਰਾਮ ਦੇ ਤਹਿਤ ਚੱਲ ਰਹੇ ਟੈਸਟਾਂ ਦੇ ਪੱਧਰ ਵਿੱਚ ਜਮੀਨ ਅਸਮਾਨ ਦਾ ਫਰਕ ਹੈ। ਵਿਭਾਗ ਦੁਆਰਾ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਭੰਬਲਭੂਸੇ ਵਿੱਚ ਪਾ ਕੇ ਤੈਅਸ਼ੁਦਾ ਸਿਲੇਬਸ ਕਰਵਾਉਣ ਤੋਂ ਵੀ ਅਸਮਰੱਥ ਕੀਤਾ ਹੋਇਆ ਹੈ ਜਿਸ ਕਾਰਨ ਵਿਦਿਆਰਥੀ ਬੁਨਿਆਦੀ ਸਿੱਖਿਆ ਤੋਂ ਵੀ ਵਾਂਝੇ ਹੋ ਰਹੇ ਹਨ। ਉਨਾਂ ਕਿਹਾ ਕਿ ਕੈਪਟਨ ਸਰਕਾਰ ਵਾਂਗ ਇਹ ਸਰਕਾਰ ਵੀ ਕਾਗਜ਼ਾਂ ਦੇ ਵਿੱਚ ਹੀ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਨੰਬਰ ਇੱਕ ਸੂਬਾ ਸਾਬਿਤ ਕਰਨ ਤੇ ਤੁਲੀ ਹੋਈ ਹੈ ਜਦੋਂ ਕਿ ਜ਼ਮੀਨੀ ਹਾਲਾਤ ਕੁਝ ਹੋਰ ਬਿਆਨ ਕਰ ਰਹੇ ਹਨ।
ਉਹਨਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਕਤ ਅਧਿਆਪਕ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਬਹਾਲ ਕੀਤਾ ਜਾਵੇ ਨਹੀਂ ਤਾਂ ਜਥੇਬੰਦੀ ਵੱਡਾ ਸੰਘਰਸ਼ ਉਲੀਕਣ ਲਈ ਮਜਬੂਰ ਹੋਵੇਗੀ।