ਪੰਜਾਬ ਵਿੱਚ MBBS ਦੀ ਫੀਸ 'ਚ 5% ਵਾਧਾ, ਪ੍ਰਾਈਵੇਟ ਕਾਲਜਾਂ ਦੀ ਟਿਊਸ਼ਨ ਫੀਸ 58 ਲੱਖ ਤੱਕ ਪਹੁੰਚੀ
ਚੰਡੀਗੜ੍ਹ, 10 ਅਗਸਤ ( ਜਾਬਸ ਆਫ ਟੁਡੇ) ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਮੈਡੀਕਲ ਕਾਲਜਾਂ ਵਿੱਚ MBBS ਕੋਰਸ ਦੀ ਫੀਸ ਵਿੱਚ 5% ਦਾ ਵਾਧਾ ਕਰਨ ਦੀ ਸੂਚਨਾ ਜਾਰੀ ਕੀਤੀ ਗਈ ਹੈ। ਇਸ ਸਬੰਧੀ ਨੋਟੀਫਿਕੇਸ਼ਨ ਡਿਪਾਰਟਮੈਂਟ ਆਫ਼ ਮੈਡੀਕਲ ਏਜੂਕੇਸ਼ਨ ਐਂਡ ਰਿਸਰਚ, ਪੰਜਾਬ ਨੇ ਜਾਰੀ ਕੀਤੀ ਹੈ।
ਟ੍ਰਿਬਿਊਨ ਨਿਊਜ਼ ਸਰਵਿਸ ਅਨੁਸਾਰ, ਅਮ੍ਰਿਤਸਰ, ਪਟਿਆਲਾ, ਫਰੀਦਕੋਟ ਅਤੇ ਮੋਹਾਲੀ ਦੇ ਚਾਰ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਐਮਬੀਬੀਐਸ (MBBS) ਕੋਰਸ ਦੀ ਫੀਸ ਨੂੰ 9.05 ਲੱਖ ਤੋਂ ਵਧਾ ਕੇ 9.50 ਲੱਖ ਕਰ ਦਿੱਤਾ ਗਿਆ ਹੈ। ਪ੍ਰਾਈਵੇਟ ਮੈਡੀਕਲ ਕਾਲਜਾਂ ਵਿੱਚ ਮੈਨੇਜਮੈਂਟ ਕੋਟੇ ਦੀਆਂ ਸੀਟਾਂ ਲਈ ( MBBS Full ) ਪੂਰੇ ਕੋਰਸ ਦੀ ਫੀਸ ਨੂੰ 55.25 ਲੱਖ ਤੋਂ ਵਧਾ ਕੇ 58.02 ਲੱਖ ਕਰ ਦਿੱਤਾ ਗਿਆ ਹੈ। ਪ੍ਰਾਈਵੇਟ ਕਾਲਜਾਂ ਵਿੱਚ ਸਰਕਾਰੀ ਕੋਟੇ ਦੀਆਂ ਸੀਟਾਂ ਲਈ, ਫੀਸ 21.48 ਲੱਖ ਤੋਂ ਵਧਾ ਕੇ 22.54 ਲੱਖ ਕਰ ਦਿੱਤੀ ਗਈ ਹੈ।
ਹਰੇਕ ਪ੍ਰਾਈਵੇਟ ਮੈਡੀਕਲ ਕਾਲਜ ਵਿੱਚ 50% ਸੀਟਾਂ ਸਰਕਾਰੀ ਕੋਟੇ ਹੇਠ ਰਾਖਵੀਆਂ ਗਈਆਂ ਹਨ। ਬਾਕੀ 50% ਸੀਟਾਂ ਵਿੱਚੋਂ 35% ਮੈਨੇਜਮੈਂਟ ਕੋਟੇ ਲਈ ਅਤੇ 15% NRI ਕੋਟੇ ਲਈ ਰਾਖਵੀਆਂ ਗਈਆਂ ਹਨ। NRI ਕੋਟੇ ਦੀਆਂ ਸੀਟਾਂ ਲਈ ਫੀਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ, ਜੋ $1.10 ਲੱਖ ਹੀ ਰਹੇਗਾ।
ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ (BFUHS) ਵੱਲੋਂ ਇਸ ਸਾਲ 1,550 ਦਾਖਲਿਆਂ ਦੀ ਪ੍ਰਕਿਰਿਆ ਕੀਤੀ ਜਾਵੇਗੀ। ਇਹਨਾਂ ਵਿੱਚੋਂ 750 ਸੀਟਾਂ ਚਾਰ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਹੋਣਗੀਆਂ ਅਤੇ ਬਾਕੀ ਦੀਆਂ 800 ਸੀਟਾਂ ਚਾਰ ਪ੍ਰਾਈਵੇਟ ਅਤੇ ਦੋ ਘੱਟ ਗਿਣਤੀ ਸਥਿਤੀ ਵਾਲੇ ਮੈਡੀਕਲ ਸੰਸਥਾਨਾਂ ਵਿੱਚ ਹੋਣਗੀਆਂ।