ਜੰਤਰ ਮੰਤਰ ਤੋਂ ਓਲੰਪਿਕ ਦੇ ਫਾਈਨਲ ਤੱਕ ਇਤਿਹਾਸ ਰਚਣ ਵਾਲੀ ਵਿਨੇਸ਼ ਫੌਗਾਟ ਗੋਲਡ ਮੈਡਲ ਜਿੱਤਣ ਤੋਂ ਪਹਿਲਾਂ ਹੋਈ ਸਾਜ਼ਿਸ਼ ਦਾ ਸ਼ਿਕਾਰ - ਜੀ ਟੀ ਯੂ

 *ਜੰਤਰ ਮੰਤਰ ਤੋਂ ਓਲੰਪਿਕ ਦੇ ਫਾਈਨਲ ਤੱਕ ਇਤਿਹਾਸ ਰਚਣ ਵਾਲੀ ਵਿਨੇਸ਼ ਫੌਗਾਟ ਗੋਲਡ ਮੈਡਲ ਜਿੱਤਣ ਤੋਂ ਪਹਿਲਾਂ ਹੋਈ ਸਾਜ਼ਿਸ਼ ਦਾ ਸ਼ਿਕਾਰ - ਜੀ ਟੀ ਯੂ*


ਚੰਡੀਗੜ੍ਹ / ਮੋਹਾਲੀ (8 August 2024 ) ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ, ਸੁਰਜੀਤ ਸਿੰਘ ਮੋਹਾਲੀ ਅਤੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕੋਆਰਡੀਨੇਟਰ ਕੁਲਦੀਪ ਸਿੰਘ ਦੌੜਕਾ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਿਨੇਸ਼ ਫੌਗਾਟ ਵਲੋਂ ਜਾਪਾਨ ਦੀ ਲਗਾਤਾਰ 82 ਅੰਤਰ ਰਾਸ਼ਟਰੀ ਮੈਚ ਜਿੱਤਣ ਵਾਲੀ ਅਤੇ 4 ਵਾਰ ਗੋਲਡ ਮੈਡਲ ਜਿੱਤਣ ਵਾਲੀ ਨੰਬਰ ਵਨ ਖਿਡਾਰਨ ਯੂਈ ਸੁਸਾਕੀ ਨੂੰ ਪਹਿਲੇ ਹੀ ਮੈਚ ਵਿੱਚ ਹਰਾਉਣ, ਕੁਆਰਟਰ ਫਾਈਨਲ ਅਤੇ ਸੈਮੀ ਫਾਈਨਲ ਮੈਚਾਂ ਤੱਕ ਸੱਤ ਘੰਟੇ ਵਿੱਚ ਤਿੰਨ ਮੈਚ ਜਿੱਤਣ ਵਾਲੀ ਖਿਡਾਰਨ ਦੇ ਅਨੋਖੇ ਪ੍ਰਦਰਸ਼ਨ ਨੇ ਖੇਡ ਪ੍ਰੇਮੀਆਂ, ਇਨਸਾਫ ਪਸੰਦ ਲੋਕਾਂ ਸਮੇਤ ਪੂਰੇ ਦੇਸ਼ ਦੇ ਲੋਕਾਂ ਦਾ ਸਿਰ ਮਾਣ ਨਾਲ ਉੱਚਾ ਕੀਤਾ। ਪਰ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਦੇ ਕਿਸੇ ਵੀ ਮੰਤਰੀ ਵੱਲੋਂ ਵਧਾਈ ਸੰਦੇਸ਼ ਜਾਂ ਬਿਆਨ ਨਹੀਂ ਦਿੱਤਾ ਗਿਆ।  



        ਵਿਨੇਸ਼ ਫੌਗਾਟ ਵਲੋਂ ਚਾਰ ਵਾਰ ਦੀ ਵਰਲਡ ਚੈਂਪੀਅਨ ਨੂੰ ਹਰਾਉਣ ਸਮੇਂ ਹੀ ਵਿਨੇਸ਼ ਫੌਗਾਟ, ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਵਲੋਂ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਵਲੋਂ ਸਰੀਰਕ ਸੋਸ਼ਣ ਵਿਰੁੱਧ ਜੰਤਰ ਮੰਤਰ ਤੇ ਲੜੇ ਗਏ ਸੰਘਰਸ਼ ਦੀਆਂ ਖਬਰਾਂ ਵੀ ਸੋਸ਼ਲ ਮੀਡੀਆ ਤੇ ਮੁੜ ਉਜਾਗਰ ਹੋਣ ਲੱਗੀਆਂ। ਜਿਸ ਨਾਲ ਮੋਦੀ ਸਰਕਾਰ ਦੀ ਪੂਰੇ ਦੇਸ਼ ਵਿੱਚ ਮੁੜ ਕਿਰਕਰੀ ਹੋਣ ਲੱਗੀ।

       ਵਿਨੇਸ਼ ਫੌਗਾਟ ਨੇ 12 ਅਪ੍ਰੈਲ ਨੂੰ ਖੇਡ ਸੰਸਥਾਵਾਂ ਅਤੇ ਸਰਕਾਰ ਵੱਲੋਂ ਅੰਤਰਰਾਸ਼ਟਰੀ ਟੂਰਨਾਮੈਂਟਾਂ ਦੀ ਤਿਆਰੀ ਅਤੇ ਸਹਿਯੋਗ ਕਰਨ ਦੀ ਬਜਾਏ ਵਾਰ-ਵਾਰ ਅੜਿਕੇ ਡਾਹੁਣ ਸਬੰਧੀ ਟਵੀਟ ਜਾਰੀ ਕੀਤਾ ਸੀ ਜਦੋਂ ਕਿ 19 ਅਪ੍ਰੈਲ ਨੂੰ ਏਸ਼ੀਆ ਓਲੰਪਿਕ ਕੁਆਲੀਫਾਈ ਟੂਰਨਾਮੈਂਟ ਸ਼ੁਰੂ ਹੋ ਰਿਹਾ ਸੀ। ਉਨ੍ਹਾਂ ਸ਼ੰਕਾ ਜਾਹਿਰ ਕੀਤੀ ਸੀ ਕਿ ਇਹਨਾਂ ਪ੍ਰਬੰਧਕੀ ਟੀਮਾਂ ਵਿੱਚ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਸਾਥੀ ਹੀ ਸ਼ਾਮਿਲ ਹਨ, ਜਿਨ੍ਹਾਂ 'ਤੇ ਉਸ ਨੇ ਅਵਿਸ਼ਵਾਸ ਪ੍ਰਗਟ ਕੀਤਾ ਸੀ ਕਿ ਇਹ ਕਿਸੇ ਵੀ ਸਮੇਂ ਮੈਨੂੰ ਨੁਕਸਾਨ ਪਹੁੰਚਾ ਸਕਦੇ ਹਨ। ਪਰ ਸਰਕਾਰ ਨੇ ਇਸ ਸਬੰਧੀ ਕੋਈ ਵੀ ਜਵਾਬ ਜਾਂ ਸਾਰਥਕ ਕਾਰਵਾਈ ਨਹੀਂ ਕੀਤੀ। 

           ਫਾਈਨਲ ਮੈਚ ਤੋਂ ਪਹਿਲਾਂ ਵਿਨੇਸ਼ ਫੌਗਾਟ ਦਾ ਭਾਰ 50 ਕਿਲੋ ਤੋਂ 100 ਗ੍ਰਾਮ ਵੱਧ ਜਾਣ ਕਾਰਨ ਉਸ ਨੂੰ ਮੁਕਾਬਲੇ ਤੋਂ ਆਯੋਗ ਕਰਾਰ ਦੇਣ ਤੋਂ ਬਾਅਦ ਨੀਤਾ ਅੰਬਾਨੀ ਅਤੇ ਪੀ ਟੀ ਊਸ਼ਾ ਦੀ ਅਗਵਾਈ ਵਾਲੇ ਭਾਰਤੀ ਓਲੰਪਿਕ ਦਲ ਨੇ ਤੁਰੰਤ ਇਤਰਾਜ ਦਰਜ ਕਰਵਾਉਣ ਦੀ ਬਜਾਏ ਵਿਨੇਸ਼ ਫੌਗਾਟ ਦਾ ਫਾਈਨਲ ਵਿੱਚੋਂ ਆਯੋਗ ਹੋਣ ਦਾ ਪ੍ਰੈਸ ਬਿਆਨ ਜਾਰੀ ਕਰ ਦਿੱਤਾ ਗਿਆ। ਇਸ ਤੇ ਤੁਰੰਤ ਪ੍ਰਧਾਨ ਮੰਤਰੀ ਦਾ ਟਵੀਟ ਸਾਹਮਣੇ ਆਇਆ ਜਿਵੇਂ ਉਹ ਇਸ ਦੀ ਉਡੀਕ ਹੀ ਕਰ ਰਹੇ ਹੋਣ।

         ਕੀਨੀਆ ਦੀ 5000 ਮੀਟਰ ਦੀ ਸਿਲਵਰ ਮੈਡਲ ਜਿੱਤਣ ਵਾਲੀ ਦੌੜਾਕ ਫੇਥ ਕੀਪੀਓਗਨ ਨੂੰ ਆਯੋਗ ਕਰਾਰ ਦੇ ਦਿੱਤਾ ਗਿਆ ਸੀ, ਪਰ ਕੀਨੀਆ ਦੀ ਸਰਕਾਰ ਨੇ ਓਲੰਪਿਕ ਖੇਡਾਂ ਦੇ ਬਾਈਕਾਟ ਕਰਨ ਦੀ ਧਮਕੀ ਦੇ ਕੇ ਮੁੜ ਮੈਡਲ ਪ੍ਰਾਪਤ ਕੀਤਾ। ਪਰ ਵਿਸ਼ਵ ਗੁਰੂ ਬਣਨ ਵਾਲੇ ਦੇਸ਼ ਦੀ ਸਰਕਾਰ ਦੇ ਕੇਂਦਰੀ ਖੇਡ ਮੰਤਰੀ ਵਲੋਂ ਸੰਸਦ ਵਿੱਚ ਕੋਈ ਠੋਸ ਕਾਰਵਾਈ ਕਰਨ ਦੀ ਸੂਚਨਾ ਦੇਣ ਦੀ ਬਜਾਏ ਵਿਨੇਸ਼ ਫੌਗਾਟ ਤੇ ਕੀਤਾ ਗਿਆ ਖਰਚ ਗਿਣਾਉਣ ਦਾ ਸ਼ਰਮਨਾਕ ਬਿਆਨ ਦਿੱਤਾ ਗਿਆ। ਜਦੋਂ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਸਮਰਥਕ ਮੌਜੂਦਾ ਕੁਸ਼ਤੀ ਸੰਘ ਦੇ ਪ੍ਰਧਾਨ ਸੰਜੇ ਸਿੰਘ ਨੇ ਵੀ ਸਾਜਿਸ਼ ਦੀ ਗੱਲ ਕਬੂਲੀ ਹੈ।

            ਤਿੰਨ ਵਾਰ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਬੀ ਜੇ ਪੀ ਆਗੂ ਬਾਕਸਰ ਵਿਜੇਂਦਰ ਸਿੰਘ ਨੇ ਇਸ ਕਾਂਡ ਨੂੰ ਭਾਰਤ ਦੇ ਖਿਲਾਫ ਬਹੁਤ ਵੱਡੀ ਸਾਜਿਸ਼ ਕਰਾਰ ਦਿੰਦਿਆਂ ਕੇਂਦਰ ਸਰਕਾਰ ਨੂੰ ਸਖਤ ਫੈਸਲਾ ਲੈਣ ਦਾ ਸੁਝਾਅ ਦਿੱਤਾ ਹੈ। 

          ਪਰ ਪ੍ਰਧਾਨ ਮੰਤਰੀ ਸਮੇਤ ਪੂਰੀ ਕੇਂਦਰ ਸਰਕਾਰ ਦੇਸ਼ ਦੀ ਅਣਖ ਅਤੇ ਇੱਜਤ ਦੀ ਰਾਖੀ ਕਰਨ ਦੀ ਬਜਾਏ ਪੂਰੀ ਤਰ੍ਹਾਂ ਚੁੱਪ ਵੱਟ ਰਹੇ ਹਨ। ਸਗੋਂ ਬੀਜੇਪੀ ਦੇ ਸੰਸਦ ਮੈਂਬਰ ਅਤੇ ਸਮਰਥਕ ਵਿਨੇਸ਼ ਫੌਗਾਟ ਦੇ ਮੁਕਾਬਲੇ ਤੋਂ ਬਾਹਰ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਹਨ ਇਖਲਾਕ ਤੋਂ ਗਿਰੇ ਹੋਏ ਟਵੀਟ ਕਰ ਰਹੇ ਹਨ। ਜਦੋਂ ਕਿ ਪੂਰਾ ਦੇਸ਼ ਇਸ ਘਟਨਾ ਤੇ ਸਦਮੇ ਵਿੱਚ ਹੈ ਅਤੇ ਹੰਝੂ ਵਹਾ ਰਿਹਾ ਹੈ।

        ਜਦੋਂ ਕੀਨੀਆ ਦੀ ਸਰਕਾਰ ਓਲੰਪਿਕ ਖੇਡਾਂ ਦਾ ਬਾਈਕਾਟ ਕਰਨ ਦੀ ਧਮਕੀ ਦੇ ਕੇ ਆਪਣੇ ਖਿਡਾਰੀ ਦੀ ਅਯੋਗਤਾ ਖਤਮ ਕਰਵਾ ਕੇ ਮੁੜ ਮੈਡਲ ਹਾਸਿਲ ਕਰ ਸਕਦੀ ਹੈ ਤਾਂ ਵਿਸ਼ਵ ਗੁਰੂ ਬਣਨ ਵਾਲੇ ਦੇਸ਼ ਦੀ ਸਰਕਾਰ ਚੁੱਪ ਕਿਉਂ ਹੈ। ਇਸ ਦਾ ਉੱਤਰ ਪਿਛੋਕੜ ਵਿੱਚ ਵਾਪਰੀਆਂ ਘਟਨਾਵਾਂ ਤੋਂ ਪ੍ਰਤੱਖ ਰੂਪ ਵਿੱਚ ਸਾਹਮਣੇ ਆ ਜਾਂਦਾ ਹੈ।  

         ਇਹ ਭਾਰਤੀ ਓਲੰਪਿਕ ਦਲ ਦੀ ਅਪਰਾਧਿਕ ਸਾਜ਼ਿਸ਼ ਹੈ ਜਿਸ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਣੀ ਬਣਦੀ ਹੈ ਅਤੇ ਸੁਪਰੀਮ ਕੋਰਟ ਦੇ ਮੌਜੂਦਾ ਮੁੱਖ ਜੱਜ ਦੀ ਅਗਵਾਈ ਵਿੱਚ ਇਸ ਕਾਂਡ ਦੀ ਪੂਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਦੇਸ਼ ਦੇ ਖਿਡਾਰੀਆਂ ਵਿੱਚ ਇਨਸਾਫ ਦਾ ਵਿਸ਼ਵਾਸ ਪੈਦਾ ਹੋ ਸਕੇ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends