ਅਚਨਚੇਤ ਛੁੱਟੀਆਂ ਅਤੇ ਹੋਰ ਛੁੱਟੀਆਂ ਨਾ ਮਨਜ਼ੂਰ ਕਰਨ ਸਬੰਧੀ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਜਾਰੀ ਹੁਕਮਾਂ ਤੇ ਪੁਨਰ ਵਿਚਾਰ ਕਰਨ ਦੀ ਕੀਤੀ ਮੰਗ
ਲੁਧਿਆਣਾ ,3 ਅਪ੍ਰੈਲ ( ) ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ 2024 ਲਈ ਸੱਤਵੇਂ ਗੇੜ ਵਿੱਚ ਪੰਜਾਬ ਵਿੱਚ ਵੋਟਾਂ 1ਜੂਨ ਨੂੰ ਪੈ ਰਹੀਆਂ ਹਨ। ਸਮੁੱਚੀ ਚੋਣ ਪ੍ਰਕਿਰਿਆ ਨੂੰ ਵਧੀਆ ਢੰਗ ਨਾਲ ਨੇਪਰੇ ਚੜਾਉਣ ਵਿੱਚ ਹਜ਼ਾਰਾਂ ਮੁਲਾਜ਼ਮਾਂ ਵੱਲੋਂ ਨਿਭਾਈਆਂ ਜਾਣ ਵਾਲੀਆਂ ਡਿਊਟੀਆਂ ਦਾ ਮਹੱਤਵਪੂਰਨ ਰੋਲ ਹੁੰਦਾ ਹੈ।
ਪਿਛਲੇ ਸਮੇਂ ਦੌਰਾਨ ਦੇਖਣ ਵਿਚ ਆਇਆ ਹੈ ਕਿ ਮੁਲਾਜ਼ਮ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਚੋਣ ਡਿਊਟੀ ਨਿਭਾਉਂਦੇ ਹਨ ਅਤੇ ਚੋਣ ਪ੍ਰਕਿਰਿਆ ਮੁਕੰਮਲ ਕਰਵਾਉਂਦੇ ਹਨ। ਚੋਣ ਡਿਊਟੀਆਂ ਦੇ ਸੰਬੰਧ ਵਿੱਚ
ਪਿਛਲੇ ਦਿਨੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਲੁਧਿਆਣਾ ਵਲੋਂ ਲੋਕ ਸਭਾ ਚੋਣਾਂ 2024 ( READ HERE )ਦਾ ਹਵਾਲਾ ਦਿੰਦੇ ਹੋਏ ਵੱਖ-ਵੱਖ ਵਿਭਾਗਾਂ ਦੇ ਸਮੂਹ ਮੁਖੀਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਆਪਣੇ ਆਪਣੇ ਦਫਤਰਾਂ ਅਧੀਨ ਕੰਮ ਕਰਦੇ ਸਮੂਹ ਮੁਲਾਜ਼ਮਾਂ ਨੂੰ ਅਚਨਚੇਤ ਛੁੱਟੀ, ਕਮਾਈ ਛੁੱਟੀ, ਵਿਦੇਸ਼ ਜਾਣ ਲਈ ਛੁੱਟੀ ਤੇ ਸਟੇਸ਼ਨ ਲੀਵ ਸਮੇਤ ਹੋਰ ਛੁੱਟੀਆਂ ਦੇਣ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਜਲਦੀ ਹੀ ਲੋਕ ਸਭਾ ਚੋਣਾਂ ਹੋ ਰਹੀਆਂ ਹਨ।
ਇਸ ਸਬੰਧੀ ਟਿੱਪਣੀ ਕਰਦੇ ਹੋਏ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਸਰਪ੍ਰਸਤ ਚਰਨ ਸਿੰਘ ਸਰਾਭਾ, ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਸੀਨੀਅਰ ਮੀਤ ਪ੍ਰਧਾਨ ਪ੍ਰਵੀਨ ਕੁਮਾਰ ਲੁਧਿਆਣਾ, ਟਹਿਲ ਸਿੰਘ ਸਰਾਭਾ, ਪਰਮਿੰਦਰਪਾਲ ਸਿੰਘ ਕਾਲੀਆ ਨੇ ਮਾਨਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਜਾਰੀ ਹੁਕਮਾਂ ਤੇ ਪੁਨਰ ਵਿਚਾਰ ਕਰਨ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਉਕਤ ਚਿੱਠੀ ਜਾਰੀ ਕਰਨ ਨਾਲ ਵੱਖ-ਵੱਖ ਵਿਭਾਗਾਂ ਖਾਸ ਕਰਕੇ ਸਿੱਖਿਆ ਵਿਭਾਗ ਵਿੱਚ ਸੇਵਾ ਨਿਭਾ ਰਹੇ ਅਧਿਆਪਕਾਂ ਵਿੱਚ ਹਾਹਾਕਾਰ ਮੱਚ ਗਈ ਹੈ। ਇਸ ਪੱਤਰ ਦੇ ਜਾਰੀ ਹੋਣ ਨਾਲ ਵੱਖ-ਵੱਖ ਸਕੂਲਾਂ ਦੇ ਸਕੂਲ ਮੁਖੀਆਂ ਵੱਲੋਂ ਬਹੁਤ ਸਾਰੇ ਅਧਿਆਪਕਾਂ ਦੀਆਂ ਨਿੱਜੀ ਮਜਬੂਰੀਆਂ ਅਤੇ ਬੀਮਾਰ ਹੋਣ ਦੇ ਬਾਵਜੂਦ ਵੀ ਅਚਨਚੇਤ ਛੁੱਟੀ ਸਮੇਤ ਹੋਰ ਛੁੱਟੀਆਂ ਪ੍ਰਵਾਨ ਕਰਨ ਵਿੱਚ ਝਿਜਕ ਰਹੇ ਹਨ।
ਆਗੂਆਂ ਨੇ ਮਾਨਯੋਗ ਡਿਪਟੀ ਕਮਿਸ਼ਨਰ-ਕਮ- ਜ਼ਿਲ੍ਹਾ ਚੋਣਕਾਰ ਅਫਸਰ ਲੁਧਿਆਣਾ ਤੋਂ ਮੰਗ ਕੀਤੀ ਹੈ ਕਿ ਚੋਣ ਡਿਊਟੀ ਲੱਗਣ ਤੋਂ ਬਿਨਾਂ ਸਕੂਲ ਮੁਖੀਆਂ ਨੂੰ ਅਧਿਆਪਕਾਂ ਦੀਆਂ ਛੁੱਟੀਆਂ ਨੂੰ ਮਨਜ਼ੂਰ ਕਰਨ ਤੋਂ ਨਾ ਰੋਕਿਆ ਜਾਵੇ ਅਤੇ ਛੁੱਟੀਆਂ ਨੂੰ ਮਨਜ਼ੂਰ ਕਰਨ ਸਬੰਧੀ ਸਾਰੇ ਅਧਿਕਾਰ ਸਕੂਲ ਮੁਖੀਆਂ ਅਤੇ ਦਫਤਰਾਂ ਦੇ ਮੁਖੀਆਂ ਨੂੰ ਦੇ ਦਿੱਤੇ ਜਾਣ ਅਤੇ ਹਾਲਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਛੁੱਟੀ ਨੂੰ ਪ੍ਰਵਾਨ/ਅਪ੍ਰਵਾਨ ਕਰਨ ਸਬੰਧੀ ਆਪਣੇ ਪੱਧਰ ਤੇ ਫੈਸਲਾ ਲੈ ਲੈਣ।