*ਮਹੀਨੇ ਦੀ ਦਸ ਤਰੀਕ ਤੱਕ ਵੀ ਤਨਖਾਹਾਂ ਦੇਣ ਵਿੱਚ ਅਸਫ਼ਲ ਪੰਜਾਬ ਸਰਕਾਰ*
*ਵਿੱਤੀ ਸਾਲ ਦੇ ਪਹਿਲੇ ਮਹੀਨੇ ਹੀ ਸਰਕਾਰ ਦਾ ਖਜ਼ਾਨਾ ਹੋਇਆ ਖਾਲੀ, ਤਨਖਾਹਾਂ ਦੇਣ ਤੋਂ ਹੱਥ ਖੜ੍ਹੇ*
*ਤਨਖਾਹਾਂ ਦੇਣ ਵਿੱਚ ਆਪ ਸਰਕਾਰ ਦੂਜੇ ਮਹੀਨੇ ਵੀ ਪੱਛੜੀ*
ਚੰਡੀਗੜ੍ਹ, 10 ਅਪ੍ਰੈਲ 2024
ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਲਗਾਤਾਰ ਦੂਜੇ ਮਹੀਨੇ ਵਿੱਚ ਦੇਰੀ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਇਸ਼ਤਿਹਾਰਬਾਜ਼ੀ 'ਤੇ ਫ਼ਜ਼ੂਲਖਰਚੀ ਕਰਨ ਵਾਲੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਜ਼ਿਲ੍ਹਾ ਖਜ਼ਾਨਾ ਅਫਸਰਾਂ ਨੂੰ ਜ਼ੁਬਾਨੀ ਹੁਕਮ ਦੇ ਕੇ ਤਨਖਾਹਾਂ ਜਾਰੀ ਕਰਨ ਤੋਂ ਰੋਕਿਆ ਗਿਆ ਹੈ ਜਿਸ ਕਾਰਣ ਪੰਜ ਮਾਰਚ ਦੇ ਟੋਕਨ ਹੋਏ ਤਨਖਾਹ ਬਿੱਲਾਂ ਦੀ ਤਨਖਾਹ ਜਾਰੀ ਨਹੀਂ ਹੋ ਸਕੀ ਜਦਕਿ ਪੰਜਾਬ ਸਰਕਾਰ ਵੱਲੋਂ ਜਾਰੀ ਪੱਤਰ ਅਨੁਸਾਰ ਮੁਲਾਜ਼ਮ ਨੂੰ ਮਹੀਨੇ ਦੀ ਸੱਤ ਤਰੀਕ ਤੱਕ ਹਰ ਹਾਲਤ ਵਿੱਚ ਤਨਖਾਹ ਮਿਲ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਦੂਸਰੀਆਂ ਪਾਰਟੀਆਂ ਦੀਆਂ ਸਰਕਾਰਾਂ ਦੀਆਂ ਵਿੱਤੀ ਯੋਜਨਾਬੰਦੀ ਦੀਆਂ ਘਾਟਾਂ ਵਿਰੁੱਧ ਬੜੇ ਜ਼ੋਰ ਨਾਲ ਪ੍ਰਚਾਰ ਕੀਤਾ ਜਾਂਦਾ ਸੀ,ਪਰ ਹੁਣ ਜਦੋਂ ਇਸ ਦੀ ਆਪਣੀ ਸਰਕਾਰ ਬਣ ਗਈ ਹੈ ਤਾਂ ਇਸ ਸਮੇਂ ਦੌਰਾਨ ਪੰਜਾਬ ਸਿਰ ਕਰਜੇ ਦੀ ਪੰਡ ਹੋਰ ਭਾਰੀ ਹੋਈ ਹੈ ਅਤੇ ਇਸ਼ਤਿਹਾਰਬਾਜ਼ੀ 'ਤੇ ਸਰਕਾਰੀ ਧਨ ਦੀ ਬਰਬਾਦੀ ਕਰਨ ਵਾਲੀ ਸਰਕਾਰ ਤੋਂ ਸਮੇਂ ਸਿਰ ਮੁਲਾਜ਼ਮਾਂ ਨੂੰ ਤਨਖ਼ਾਹਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਪੰਜਾਬ ਸਰਕਾਰ ਦੀ ਵਿੱਤੀ ਯੋਜਨਾਬੰਦੀ ਦੀ ਘਾਟ ਕਾਰਨ ਹੀ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ, ਪੇਂਡੂ ਭੱਤੇ ਸਮੇਤ 37 ਪ੍ਰਕਾਰ ਦੇ ਭੱਤਿਆਂ ਅਤੇ ਤਨਖਾਹ ਕਮਿਸ਼ਨ ਦੇ ਬਕਾਏ ਤੋਂ ਵਾਂਝਿਆਂ ਰਹਿਣਾ ਪੈ ਰਿਹਾ ਹੈ।
ਆਗੂਆਂ ਨੇ ਦੱਸਿਆ ਕਿ ਤਨਖਾਹਾਂ ਸਮੇਂ ਸਿਰ ਜਾਰੀ ਨਾ ਹੋਣ 'ਤੇ ਮੁਲਾਜ਼ਮਾਂ ਨੂੰ ਕਈ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਦੁਆਰਾ ਲਏ ਹੋਏ ਕਰਜ਼ਿਆਂ ਦੀ ਕਿਸ਼ਤ ਨਾ ਭਰੀ ਜਾਣ ਕਾਰਣ ਜੁਰਮਾਨਾ ਪੈ ਜਾਂਦਾ ਹੈ। ਡੀ ਟੀ ਐੱਫ ਦੇ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਸਵਿੰਦਰ ਔਜਲਾ, ਰਘਬੀਰ ਭਵਾਨੀਗੜ੍ਹ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ, ਸੁਖਦੇਵ ਡਾਨਸੀਵਾਲ, ਜਰਮਨਜੀਤ ਸਿੰਘ, ਗੁਰਬਿੰਦਰ ਸਿੰਘ ਖਹਿਰਾ, ਚਰਨਜੀਤ ਸਿੰਘ ਰਜਵਾਨ, ਹਰਜਾਪ ਬੱਲ, ਗੁਰਦੇਵ ਸਿੰਘ, ਰਾਜੇਸ਼ ਪ੍ਰਾਸ਼ਰ ਨੇ ਮੰਗ ਕੀਤੀ ਕਿ ਅਧਿਆਪਕਾਂ ਦੀ ਮਾਰਚ ਮਹੀਨੇ ਦੀ ਤਨਖਾਹ ਤੁਰੰਤ ਜਾਰੀ ਕੀਤੀ ਜਾਵੇ।
ਜਾਰੀ ਕਰਤਾ: ਪਵਨ ਕੁਮਾਰ