*ਸਿੱਖਿਆ ਮੰਤਰੀ ਵੱਲੋਂ ਮਿਡਲ ਸਕੂਲ ਬੰਦ ਕਰਨ ਦੀ ਤਜਵੀਜ਼, ਪੰਜਾਬ ਦੇ ਲੋਕਾਂ ਤੋਂ ਸਿੱਖਿਆ ਦਾ ਅਧਿਕਾਰ ਖੋਹਣ ਦੀ ਕਵਾਇਦ - ਸਾਂਝਾ ਅਧਿਆਪਕ ਮੋਰਚਾ ਪੰਜਾਬ*
ਚੰਡੀਗੜ੍ਹ / ਮੋਹਾਲੀ ( ) ਅੱਜ ਵਿਧਾਨ ਸਭਾ ਵਿੱਚ ਸਿੱਖਿਆ ਮੰਤਰੀ ਵੱਲੋਂ ਮਿਡਲ ਸਕੂਲ ਬੰਦ ਕਰਕੇ ਪੰਜਾਬ ਦੀ ਸਿੱਖਿਆ ਵਿੱਚ ਕ੍ਰਾਂਤੀ ਲਿਆਉਣ ਦੀ ਤਜਵੀਜ਼ ਦਾ ਸਾਂਝਾ ਅਧਿਆਪਕ ਮੋਰਚਾ ਪੰਜਾਬ ਸਖਤ ਵਿਰੋਧ ਕਰਦਾ ਹੈ। ਇਸ ਸਬੰਧੀ ਸਾਂਝਾ ਅਧਿਆਪਕ ਮੋਰਚੇ ਪੰਜਾਬ ਦੇ ਕਨਵੀਨਰ ਸੁਖਵਿੰਦਰ ਸਿੰਘ ਚਾਹਲ, ਬਾਜ ਸਿੰਘ ਖਹਿਰਾ, ਸੁਰਿੰਦਰ ਕੁਮਾਰ ਪੁਆਰੀ, ਸੁਰਿੰਦਰ ਕੰਬੋਜ, ਬਲਜੀਤ ਸਿੰਘ ਸਲਾਣਾ, ਹਰਵਿੰਦਰ ਸਿੰਘ ਬਿਲਗਾ, ਜਸਵਿੰਦਰ ਸਿੰਘ ਔਲਖ, ਗੁਰਜੰਟ ਸਿੰਘ ਵਾਲੀਆ, ਸੁਖਜਿੰਦਰ ਸਿੰਘ ਹਰੀਕਾ, ਸੁਖਰਾਜ ਸਿੰਘ ਕਾਹਲੋਂ, ਸ਼ਮਸ਼ੇਰ ਸਿੰਘ, ਅਮਨਬੀਰ ਸਿੰਘ ਗੁਰਾਇਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਸਰਕਾਰ ਵਿੱਚ ਆਉਣ ਤੋਂ ਪਹਿਲਾਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ, ਪ੍ਰੰਤੂ ਸਹੁੰ ਚੁੱਕਣ ਉਹ ਪਹਿਲਾਂ ਹੀ ਸਕੂਲਾਂ ਅਤੇ ਹੋਰ ਦਫਤਰਾਂ ਵਿੱਚ ਜਾ ਕੇ ਗੁੰਡਾਗਰਦੀ ਕਰਦਿਆਂ ਅਧਿਆਪਕਾਂ ਅਤੇ ਮੁਲਾਜ਼ਮਾਂ ਨੂੰ ਪਰੇਸ਼ਾਨ ਕੀਤਾ ਜਾਣ ਲੱਗਾ ਸੀ। ਜਿਸ ਦਾ ਜਥੇਬੰਦੀਆਂ ਨੇ ਜ਼ਬਰਦਸਤ ਵਿਰੋਧ ਕਰਕੇ ਵਿਧਾਇਕਾਂ ਅਤੇ ਆਗੂਆਂ ਨੂੰ ਰੋਕਿਆ ਸੀ।
ਅਧਿਆਪਕਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਦੀ ਬਜਾਏ 4 ਮਾਰਚ ਨੂੰ ਆਗੂਆਂ ਨੂੰ ਮੀਟਿੰਗ ਲਈ ਸੱਦ ਕੇ ਮੁਕਰਨ ਵਾਲੀ ਸਰਕਾਰ ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਮੋਹਰ ਲਾ ਕੇ ਉਹਨਾਂ ਨੀਤੀਆਂ ਨੂੰ ਪੰਜਾਬ ਵਿੱਚ ਲਾਗੂ ਕਰਕੇ ਸਰਕਾਰੀ ਸਕੂਲਾਂ ਅਤੇ ਲੋਕਾਂ ਨੂੰ ਸੇਵਾਵਾਂ ਦੇਣ ਵਾਲੇ ਅਦਾਰਿਆਂ ਦਾ ਭੋਗ ਪਾ ਰਹੀ ਹੈ। ਸਰਕਾਰ ਬਣਦਿਆਂ ਹੀ ਪਹਿਲਾਂ ਮਿਡਲ ਸਕੂਲਾਂ ਵਿੱਚੋਂ ਸਰੀਰਕ ਸਿੱਖਿਆ ਅਧਿਆਪਕਾਂ ਅਤੇ ਡਰਾਇੰਗ ਦੇ ਅਧਿਆਪਕਾਂ ਦੀਆਂ ਪੋਸਟਾਂ ਖਤਮ ਕਰ ਦਿੱਤੀਆਂ ਗਈਆਂ। ਬਹੁਤ ਸਮੇਂ ਤੋਂ ਇਹਨਾਂ ਸਕੂਲਾਂ ਵਿੱਚ ਇੱਕ ਇੱਕ ਜਾਂ ਦੋ ਦੋ ਹੀ ਅਧਿਆਪਕ ਸਾਰੇ ਸਕੂਲ ਦੇ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ। ਲੰਬੇ ਸਮੇਂ ਤੋਂ ਇਹਨਾਂ ਸਕੂਲਾਂ ਦੇ ਵਿੱਚ ਨਾ ਹੀ ਕੋਈ ਮੁੱਖ ਅਧਿਆਪਕ ਦੀ ਪੋਸਟ ਹੈ ਅਤੇ ਨਾ ਹੀ ਇਹਨਾਂ ਸਕੂਲਾਂ ਵਿੱਚ ਦਰਜਾ ਚਾਰ ਦੀ ਪੋਸਟ ਦਿੱਤੀ ਜਾ ਰਹੀ ਹੈ। ਪ੍ਰਾਇਮਰੀ ਸਕੂਲਾਂ ਵਿੱਚ ਵੀ ਸੱਤ ਕਲਾਸਾਂ ਹੋਣ ਦੇ ਬਾਵਜੂਦ ਬਹੁਤੇ ਸਕੂਲਾਂ ਵਿੱਚ ਇੱਕ ਇੱਕ ਜਾਂ ਦੋ ਦੋ ਅਧਿਆਪਕ ਹੀ ਸਕੂਲਾਂ ਵਿੱਚ ਪੜ੍ਹਾ ਰਹੇ ਹਨ, ਜਿੱਥੇ ਪ੍ਰਤੀ ਕਲਾਸ ਅਧਿਆਪਕ ਦੀ ਲੋੜ ਹੈ। ਅਪਰ ਪ੍ਰਾਇਮਰੀ ਸਕੂਲਾਂ ਵਿੱਚ ਵਿਸ਼ਾਵਾਰ ਅਧਿਆਪਕ ਦੇਣ ਦੀ ਬਜਾਏ ਸਿੱਖਿਆ ਮੰਤਰੀ ਵੱਲੋਂ ਮਿਡਲ ਸਕੂਲਾਂ ਨੂੰ ਹੀ ਬੰਦ ਕਰਨ ਦੀ ਤਜਵੀਜ਼ ਸਾਂਝਾ ਅਧਿਆਪਕ ਮੋਰਚਾ ਕਦਾਚਿੱਤ ਬਰਦਾਸ਼ਤ ਨਹੀਂ ਕਰੇਗਾ। ਇਹਨਾਂ ਸਕੂਲਾਂ ਦੇ ਵਿੱਚ ਹਰ ਤਰ੍ਹਾਂ ਦੀ ਪੋਸਟ ਭਰ ਕੇ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਮਿਆਰ ਉੱਚਾ ਚੁੱਕਣ ਦੀ ਬਜਾਏ ਸਕੂਲ ਬੰਦ ਕਰਕੇ ਝੂਠੀ ਸਿੱਖਿਆ ਕ੍ਰਾਂਤੀ ਲਿਆਉਣ ਵਾਲੀ ਸਰਕਾਰ ਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਸਰਕਾਰੀ ਸਕੂਲਾਂ ਨੂੰ ਬੰਦ ਕਰਕੇ ਸਰਕਾਰ ਗਰੀਬ ਬੱਚਿਆਂ ਤੋਂ ਵਿਦਿਆ ਦਾ ਹੱਕ ਖੋਹਣਾ ਚਾਹੁੰਦੀ ਹੈ। ਸਕੂਲ ਬੰਦ ਕਰਨ ਦੀ ਅਜਿਹੀ ਕਿਸੇ ਵੀ ਤਜਵੀਜ ਦਾ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਸਖਤ ਵਿਰੋਧ ਕੀਤਾ ਜਾਵੇਗਾ।