ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਪੰਜਾਬ ਸਰਕਾਰ ਦੁਆਰਾ ਸੁਰੂ ਕੀਤੇ ਜਾ ਰਹੇ ਹਨ “ਸਕੂਲ ਆਫ ਅਪਲਾਈਡ ਲਰਨਿੰਗ”: ਹਰਜੋਤ ਸਿੰਘ ਬੈਂਸ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 18 ਹਜਾਰ ਸਕੂਲਾਂ ਵਿੱਚ ਚੱਲ ਰਹੇ ਵੱਖ ਵੱਖ ਵਿਕਾਸ ਕਾਰਜ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਡਾਇਟ ਫਤਹਿਗੜ੍ਹ ਸਾਹਿਬ ਵਿਖੇ ਚੱਲ ਰਹੀ ਅਧਿਆਪਕ ਟਰੇਨਿੰਗ ਵਿੱਚ ਕੀਤੀ ਸ਼ਮੂਲੀਅਤ
30 ਜਨਵਰੀ 2024,
ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ “ਸਕੂਲ ਆਫ ਅਪਲਾਈਡ ਲਰਨਿੰਗ” ਸ਼ੁਰੂ ਕੀਤੇ ਜਾ ਰਹੇ ਹਨ, ਜਿਸ ਲਈ ਸੂਬੇ ਦੇ 40 ਸਕੂਲਾਂ ਪਾਇਲਟ ਤੌਰ ਤੇ ਚੁਣਿਆ ਗਿਆ ਹੈ ਅਤੇ ਇਸ ਵਿੱਚ 2000 ਦੇ ਕਰੀਬ ਵਿਦਿਆਰਥੀਆਂ ਨੂੰ ਦਾਖਲ ਕੀਤਾ ਜਾਵੇਗਾ। ਇਹ ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈਂਸ ਨੇ ਜਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਫਤਹਿਗੜ੍ਹ ਸਾਹਿਬ ਵਿਖੇ ਪੰਜਾਬ ਸਰਕਾਰ ਦੇ ਇਸ ਪ੍ਰੋਜੈਕਟ ਦੀ ਟ੍ਰੇਨਿੰਗ ਦੇਣ ਲਈ ਰੱਖੇ ਸਮਾਗਮ ਨੂੰ ਸਬੰਧੋਨ ਕਰਦਿਆਂ ਦਿੱਤੀ।
ਸਿੱਖਿਆ ਮੰਤਰੀ ਸ. ਬੈਂਸ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਭਵਿੱਖ ਦੇ ਰੁਜ਼ਗਾਰਮੁਖੀ ਕਿੱਤਾਮੁਖੀ ਕੋਰਸਾਂ ਨੂੰ ਧਿਆਨ ਵਿੱਚ ਰੱਖਦਿਆਂ ਬੱਚਿਆਂ ਨੂੰ ਉਹੋ ਜਿਹੀ ਹੀ ਸਿੱਖਿਆ ਦਿੱਤੀ ਜਾ ਰਹੀ ਹੈ।
ਸ. ਬੈਂਸ ਨੇ ਦੱਸਿਆ ਕਿ “ਸਕੂਲ ਆਫ ਅਪਲਾਈਡ ਲਰਨਿੰਗ” ਵਿੱਚ ਗਿਆਰਵੀਂ ਕਲਾਸ ਦੇ ਬੱਚਿਆ ਨੂੰ ਬੈਕਿੰਗ, ਵਿੱਤੀ ਸੇਵਾਵਾਂ, ਇਸੋਰੈਂਸ, ਡਿਜੀਟਲ ਡਿਜ਼ਾਈਨ, ਹੈਲਥਕੇਅਰ ਸਾਇੰਸ ਅਤੇ ਬਿਊਟੀ ਤੇ ਵੈਲਨੈਸ ਆਦਿ ਵਿਸ਼ਿਆ ਤੇ ਪੜ੍ਹਾਈ ਕਰਾਈ ਜਾਵੇਗੀ। ਜਿਸ ਨਾਲ ਬੱਚੇ ਇਸ ਖੇਤਰ ਵਿੱਚ ਆਪਣਾ ਭਵਿੱਖ ਬਣਾ ਸਕਣਗੇ।
ਡਾਇਟ ਵਿਖੇ ਸ਼ੁਰੂ ਹੋਈ ਅਧਿਆਪਕ ਟ੍ਰੇਨਿੰਗ ਬਾਰੇ ਸਿੱਖਿਆ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦਿਲੀ ਖਾਹਿਸ਼ ਹੈ ਕਿ ਪੰਜਾਬ ਦੇ ਹਰ ਨੌਜਵਾਨ ਨੂੰ ਵਧੀਆ ਰੁਜ਼ਗਾਰ ਤੇ ਤਨਖਾਹਾ ਹਾਸਿਲ ਹੋਣ ਜਿਸ ਕਾਰਨ ਇਹ ਟ੍ਰੇਨਿੰਗ ਸ਼ੁਰੂ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਹ ਟ੍ਰੇਨਿੰਗ ਇੱਕ ਪਾਇਲਟ ਪ੍ਰੋਜੈਕਟ ਦੇ ਰੂਪ ਵਿੱਚ ਸ਼ੁਰੂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਪਾਇਲਟ ਪ੍ਰੋਜੈਕਟ ਵਿੱਚ ਦੇਸ਼ ਵਿਦੇਸ਼ ਦੀਆਂ ਪ੍ਰਮੁੱਖ ਸੰਸਥਾਵਾਂ ਦਾ ਸਹਿਯੋਗ ਲੈ ਕੇ ਨੌਜਵਾਨਾਂ ਨੂੰ ਵਧੀਆ ਰੁਜ਼ਗਾਰ ਤੇ ਚੰਗੀਆਂ ਤਨਖਾਹਾਂ ਦਵਾ ਕੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਜਾਵੇਗਾ।
ਸ.ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਸਕੂਲਾਂ ਦੀ ਹਾਲਤ ਨੂੰ ਸੁਧਾਰ ਕਰਨ ਲਈ ਦਿਨ ਰਾਤ ਕੰਮ ਕਰ ਰਹੀ ਹੈ। ਅੱਜ ਪੰਜਾਬ ਵਿੱਚ ਕਰੀਬ 19 ਹਜਾਰ ਸਕੂਲ ਹਨ ਜਿਨ੍ਹਾਂ ਵਿੱਚੋਂ ਕਰੀਬ 18 ਹਜਾਰ ਸਕੂਲਾਂ ਵਿੱਚ ਵੱਖ ਵੱਖ ਕਿਸਮ ਦੇ ਵਿਕਾਸ ਕਾਰਜ ਚਲ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਸਕੂਲਾਂ ਵਿੱਚ ਚਾਰ ਦਿਵਾਰੀ ਕਰਨ ਦਾ ਕੰਮ ਪਾ ਜੋਰ ਸੋਰ ਤੇ ਚੱਲ ਰਿਹਾ ਹੈ ਅਤੇ ਇਸਦੇ ਨਾਲ ਹੀ ਸਕੂਲਾਂ ਦੇ ਬੂਨਿਆਦੀ ਢਾਚੇ ਨੂੰ ਵੀ ਤਬਦੀਲ ਕੀਤਾ ਜਾ ਰਿਹਾ ਹੈ।
ਸਿੱਖਿਆ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਤੇ ਆਦੇਸ਼ਾਂ ਅਨੁਸਾਰ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਬਣਾਉਣ ਲਈ ਵੱਡੀ ਪੱਧਰ ਤੇ ਕਾਰਵਾਈ ਆਰੰਭੀ ਗਈ ਹੈ ਤੇ ਛੇਤੀ ਹੀ ਪੰਜਾਬ ਅੰਦਰ ਆਪਣੀ ਸਿੱਖਿਆ ਨੀਤੀ ਲਾਗੂ ਹੋਵੇਗੀ। ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਵਿੱਚ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਮੂਹ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪਿਛਲੇ ਸਾਲਾਂ ਨਾਲੋਂ ਵਿਦਿਆਰਥੀਆਂ ਦੇ ਦਾਖਲੇ ਵਿੱਚ ਵੱਡਾ ਵਾਧਾ ਹੋਇਆ ਹੈ। ਉਨਾਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿੱਚ ਪਿਛਲੇ ਸਾਲ 700 ਵਿਦਿਆਰਥੀਆਂ ਦਾ ਦਾਖਲਾ ਹੋਇਆ ਸੀ ਜੋ ਕਿ ਇਸ ਸਾਲ 1300 ਹੋ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਅੰਦਰ ਚੱਲ ਰਹੀ ਸਿੱਖਿਆ ਕ੍ਰਾਂਤੀ ਸਦਕਾ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪਿਛਲੇ ਮਹੀਨੇ ਇਸਰੋ ਅਤੇ ਜਾਪਾਨ ਵਰਗੇ ਦੇਸ਼ਾਂ ਵਿੱਚ ਗਏ ਹਨ ਅਤੇ ਛੇਤੀ ਹੀ ਸੂਬੇ ਅੰਦਰ ਹੋਰ ਨਵੇਂ ਸਕੂਲ ਆਫ ਐਮੀਨੈਂਸ ਲੋਕ ਅਰਪਣ ਕਰਨ ਜਾ ਰਹੇ ਹਨ। ਉਹਨਾਂ ਕਿਹਾ ਕਿ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਉਹ ਸਹੂਲਤਾਂ ਮਿਲ ਰਹੀਆਂ ਹਨ ਜੋ ਕਿ ਸੂਬੇ ਦੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਨਹੀਂ ਮਿਲਦੀਆਂ।
ਪੱਤਰਕਾਰਾਂ ਵੱਲੋਂ ਪੁੱਛੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਸਿੱਖਿਆ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੁਣ ਤੱਕ 41000 ਸਰਕਾਰੀ ਨੌਕਰੀਆਂ ਵੰਡੀਆਂ ਜਾ ਚੁੱਕੀਆਂ ਹਨ ਜੋ ਕਿ ਪਿਛਲੇ 72 ਸਾਲਾਂ ਦਾ ਰਿਕਾਰਡ ਹੈ। ਉਹਨਾਂ ਕਿਹਾ ਕਿ ਪਹਿਲਾਂ ਸਰਕਾਰੀ ਨੌਕਰੀਆਂ ਪ੍ਰਾਪਤ ਕਰਨਾ ਨੌਜਵਾਨਾਂ ਦਾ ਸੁਪਨਾ ਹੁੰਦਾ ਸੀ ਜੋ ਕਿ ਬਹੁਤ ਘੱਟ ਪੂਰਾ ਹੁੰਦਾ ਸੀ ਪਰੰਤੂ ਹੁਣ ਪਿੰਡਾਂ ਦੇ ਨੌਜਵਾਨ ਆਪਣੇ ਗੁਆਂਡੀਆਂ ਦੇ ਬੱਚਿਆਂ ਦੀਆਂ ਸਰਕਾਰੀ ਵਿਭਾਗਾਂ ਵਿੱਚ ਹੁੰਦੀਆਂ ਨਿਯੁਕਤੀਆਂ ਦੇਖ ਕੇ ਹੋਰ ਉਤਸਾਹਿਤ ਹੁੰਦੇ ਹਨ ਤੇ ਨੌਕਰੀਆਂ ਪ੍ਰਾਪਤ ਕਰਦੇ ਹਨ।
ਉਹਨਾਂ ਕਿਹਾ ਕਿ ਪੰਜਾਬ ਅੰਦਰ ਵਧ ਰਹੇ ਰੁਜ਼ਗਾਰ ਦੇ ਮੌਕਿਆਂ ਨੂੰ ਦੇਖਦੇ ਹੋਏ ਸਾਡੇ ਨੌਜਵਾਨਾਂ ਵਿੱਚ ਬਾਹਰਲੇ ਮੁਲਕਾਂ ਚ ਜਾਣ ਦਾ ਰੁਝਾਨ ਘਟੇਗਾ ਤੇ ਉਹ ਆਪਣੇ ਦੇਸ਼ ਚ ਰਹਿ ਕੇ ਹੀ ਚੰਗੀ ਕਮਾਈ ਕਰ ਸਕਣਗੇ। ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਲ ਵਿੱਚ ਪੰਜਾਬ ਪ੍ਰਤੀ ਅਥਾਹ ਪਿਆਰ ਹੈ ਜਿਸ ਕਾਰਨ ਪਿਛਲੇ 72 ਸਾਲਾਂ ਦਾ ਖੇਡਾਂ ਤੇ ਸਿੱਖਿਆ ਵਿੱਚ ਸਾਡੇ ਨੌਜਵਾਨਾਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਉਨ੍ਹਾਂ ਕਿਹਾ ਕਿ ਏਸ਼ੀਅਨ ਗੇਮਸ ਵਿੱਚ 72 ਸਾਲਾਂ ਬਾਅਦ ਸਾਡੇ ਨੌਜਵਾਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੈਡਲ ਜਿੱਤੇ ਜੋ ਕਿ ਮਾਣ ਵਾਲੀ ਗੱਲ ਹੈ।
ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਪੇਪਰਾਂ ਨੂੰ ਲੈ ਕੇ ਆਪਣੇ ਬੱਚਿਆਂ ਤੇ ਜਿਆਦਾ ਦਬਾਅ ਨਾ ਪਾਇਆ ਜਾਵੇ ਕਿਉਂਕਿ ਜ਼ਿੰਦਗੀ ਦਾ ਦੂਜਾ ਨਾਮ ਹੀ ਜਿੱਤ ਤੇ ਹਾਰ ਹੈ। ਉਹਨਾਂ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਨਾਜ਼ੁਕ ਦੌਰ ਨੂੰ ਵੇਖਦੇ ਹੋਏ ਵਿਦਿਆਰਥੀਆਂ ਦੀ ਵਿਸ਼ੇਸ਼ ਤੌਰ ਤੇ ਕਾਊਂਸਲਿੰਗ ਕੀਤੀ ਜਾਵੇ।