*ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ*
*ਜਨਵਰੀ ਫਰਵਰੀ ਵਿੱਚ ਆਪ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਦੇ ਘਰਾਂ ਦੇ ਘਿਰਾਓ ਕੀਤੇ ਜਾਣਗੇ - ਦੌੜਕਾ*
*ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਹੜਤਾਲ ਦਾ ਕੀਤਾ ਸਮਰਥਨ*
ਨਵਾਂ ਸ਼ਹਿਰ 15 ਦਸੰਬਰ ( ) ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ। ਇਸ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਦੌੜਕਾ, ਕਰਨੈਲ ਸਿੰਘ ਰਾਹੋਂ, ਜੀਤ ਲਾਲ ਗੋਹਲੜੋਂ, ਨਰਿੰਦਰ ਮਹਿਤਾ, ਸੰਜੀਵ ਕੁਮਾਰ, ਮੋਹਣ ਸਿੰਘ ਪੂਨੀਆਂ, ਅਮਨਦੀਪ ਕੌਰ, ਸੋਮ ਲਾਲ, ਵਿਜੇ ਕੁਮਾਰ, ਸੁੱਖ ਰਾਮ, ਜਸਵਿੰਦਰ ਸਿੰਘ ਔਜਲਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਵਿਸ਼ਵਾਸ਼ਘਾਤ ਕਰ ਰਹੀ ਹੈ। ਜਦੋਂ ਕਿ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਰੇ ਮਸਲੇ ਕੈਬਨਿਟ ਦੀ ਪਹਿਲੀ ਹੀ ਮੀਟਿੰਗ ਵਿੱਚ ਹੱਲ ਕਰਨ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸੱਦੇ ਤੇ 8 ਨਵੰਬਰ ਤੋਂ ਲਗਾਤਾਰ ਚਲ ਰਹੀ ਹੜਤਾਲ ਦਾ ਸਮਰਥਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਗੱਲਬਾਤ ਕਰਨ ਤੋਂ ਵੀ ਭੱਜ ਰਹੀ ਹੈ। ਮੁੱਖ ਮੰਤਰੀ ਅਤੇ ਮੰਤਰੀ ਮੁਲਾਜ਼ਮ ਅਤੇ ਪੈਨਸ਼ਨਰ ਆਗੂਆਂ ਦਾ ਗੱਲਬਾਤ ਦੀ ਮੇਜ਼ ਤੇ ਸਾਹਮਣਾ ਕਰਨ ਤੋਂ ਕੰਨੀ ਕਤਰਾਉਂਦੇ ਫਿਰ ਰਹੇ ਹਨ। ਕਿਉਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ 2 ਸਾਲਾਂ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਗਿਆ।
ਅਧਿਆਪਕਾਂ ਨੂੰ ਪੱਕੇ ਕਰਨ ਦੇ ਨਾਂ ਤੇ ਸਿਰਫ ਮਾਣ ਭੱਤੇ ਵਿੱਚ ਹੀ ਵਾਧਾ ਕੀਤਾ ਗਿਆ ਹੈ। ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ, ਸਿਰਫ ਪ੍ਰਚਾਰ ਕਰਨ ਲਈ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ। ਪੁਰਾਣੀ ਪੈਨਸ਼ਨ ਹੁਣ ਤੱਕ ਵੀ ਬਹਾਲ ਨਹੀਂ ਕੀਤੀ ਗਈ। ਤਨਖਾਹ ਦੁਹਰਾਈ ਦੀਆਂ ਤਰੁੱਟੀਆਂ ਦੂਰ ਨਹੀਂ ਕੀਤੀਆਂ ਗਈਆਂ, ਸਗੋਂ 2011 ਤੋਂ ਮਿਲਦੀ ਉਚੇਰੀ ਗਰੇਡ ਪੇਅ ਖੋਹ ਲਈ ਗਈ, ਤਨਖਾਹ ਕਮਿਸ਼ਨ ਦੀ ਪੂਰੀ ਰਿਪੋਰਟ ਜਾਰੀ ਨਹੀਂ ਕੀਤਾ ਗਈ, ਜਨਵਰੀ 2016 ਵਿੱਚ ਬਣਦੇ 125% ਮਹਿੰਗਾਈ ਭੱਤੇ ਨਾਲ ਤਨਖਾਹਾਂ ਅਤੇ ਪੈਨਸ਼ਨਾਂ 2.59 ਦੇ ਗੁਣਾਂਕ ਨਾਲ ਸੋਧੀਆਂ ਨਹੀਂ ਗਈਆਂ, ਪੇਂਡੂ ਭੱਤੇ ਅਤੇ ਬਾਰਡਰ ਏਰੀਆ ਭੱਤੇ ਸਮੇਤ ਸਮੁੱਚੇ ਭੱਤਿਆਂ ਵਿੱਚ 2.25 ਗੁਣਾਂਕ ਦਾ ਵਾਧਾ ਕਰਨ ਦੇ ਨਾਂ ਤੇ 37 ਭੱਤੇ ਬੰਦ ਕਰ ਦਿੱਤੇ ਹਨ। ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਬਕਾਇਆ ਨਹੀਂ ਦਿੱਤਾ ਗਿਆ। ਤਨਖਾਹ ਦੁਹਰਾਈ, ਕਮਾਈ ਛੁੱਟੀਆਂ ਦੇ ਬਕਾਏ ਹਾਲੇ ਤੱਕ ਵੀ ਨਸੀਬ ਨਹੀਂ ਹੋਏ, ਮੁਲਾਜ਼ਮਾਂ ਅਤੇ ਅਧਿਆਪਕਾਂ ਦੀਆਂ ਪੋਸਟਾਂ ਭਰਨ ਦੀ ਬਜਾਏ ਦਫ਼ਤਰ ਅਤੇ ਸਕੂਲ ਬੰਦ ਕਰਨ ਦੇ ਐਲਾਨ ਕੀਤੇ ਜਾ ਰਹੇ ਹਨ। ਨਵੀਂ ਪੀੜ੍ਹੀ ਲਈ ਰੁਜ਼ਗਾਰ ਦੇ ਮੌਕੇ ਖਤਮ ਕੀਤੇ ਜਾ ਰਹੇ ਹਨ। ਉਨ੍ਹਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸਰਕਾਰ ਦੀਆਂ ਇਨ੍ਹਾਂ ਵਾਅਦਾ ਖਿਲਾਫੀਆਂ ਵਿਰੁੱਧ ਜਨਵਰੀ ਫਰਵਰੀ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਦੇ ਘਰਾਂ ਦੇ ਘਿਰਾਓ ਕਰਨ ਦੇ ਸਾਂਝੇ ਸੰਘਰਸ਼ਾਂ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਇਸ ਸਮੇਂ ਅਸ਼ੋਕ ਕੁਮਾਰ, ਮਨਜੀਤ ਕੌਰ, ਤੀਰਥ ਰਾਮ, ਸੋਹਣ ਸਿੰਘ, ਕਸ਼ਮੀਰ ਸਿੰਘ, ਰਾਮ ਪਾਲ, ਪਰਮਿੰਦਰ ਸੰਧੂ, ਜੋਗਾ ਸਿੰਘ, ਕੁਲਵਿੰਦਰ ਸਿੰਘ, ਆਤਮਾ ਰਾਮ, ਬਗੀਚਾ ਸਿੰਘ ਰੱਕੜ, ਮਨੋਹਰ ਲਾਲ, ਕੁਲਬੀਰ ਕੁਮਾਰ, ਕੁਲਦੀਪ ਮੰਗਾਂ, ਜਗਦੀਸ਼ ਰਾਮ, ਬੇਰੀ ਸਾਹਿਬ, ਧਰਮ ਪਾਲ, ਸੋਮ ਨਾਥ, ਮੋਹਣ ਲਾਲ, ਜਰਨੈਲ ਸਿੰਘ, ਨਿਰਮਲ ਦਾਸ, ਦੀਦਾਰ ਸਿੰਘ, ਹਰਭਜਨ ਸਿੰਘ ਭਾਵੜਾ, ਰਾਮ ਪ੍ਰਕਾਸ਼, ਰਾਮ ਲੁਭਾਇਆ, ਸ਼ਮਸ਼ੇਰ ਸਿੰਘ, ਅਵਤਾਰ ਚੰਦ, ਤਰਲੋਕ ਚੰਦ, ਦੇਵ ਰਾਜ, ਰੂੜ ਸਿੰਘ, ਪਰਮਜੀਤ ਸਿੰਘ, ਗੁਰਨਾਮ, ਜੋਗਾ ਸਿੰਘ ਆਦਿ ਹਾਜ਼ਰ ਸਨ।