**ਪੈਂਨਸ਼ਨਰ ਦਿਵਸ ਸਮੇਂ ਜ਼ਿੰਦਗੀ ਦੀਆਂ ਅੱਸੀ ਤੋਂ ਉੱਪਰ ਬਹਾਰਾਂ ਮਾਣ ਚੁੱਕੇ ਪੈਂਨਸ਼ਨਰਾਂ ਨੂੰ ਕੀਤਾ ਸਨਮਾਨਿਤ**।
ਫ਼ਗਵਾੜਾ:17 ਦਸੰਬਰ(ਬੀ ਕੇ ਰੱਤੂ ) ਪੰਜਾਬ ਪੈਂਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਗਵਾੜਾ ਵਲੋਂ ਰੈਸਟ ਹਾਊਸ ਫ਼ਗਵਾੜਾ ਵਿਖੇ ਪ੍ਰਧਾਨ ਮੋਹਣ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਪੈਂਨਸ਼ਨਰ ਦਿਵਸ ਮਨਾਇਆ ਗਿਆ। ਪੈਂਨਸ਼ਨਰ ਦਿਵਸ ਮਨਾਉਣ ਦੀ ਸਮੁੱਚੀ ਕਾਰਵਾਈ ਨੂੰ ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ ਨੇ ਚਲਾਇਆ। ਪੈਂਨਸ਼ਨਰ ਦਿਵਸ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਪ੍ਰਿੰਸੀਪਲ ਜਤਿੰਦਰ ਸਿੰਘ ਸੱਗੂ ਜੀ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ ਅਤੇ ਉਹਨਾਂ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਇਸ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਪੈਨਸ਼ਨਰ ਆਗੂ ਕਰਨੈਲ ਸਿੰਘ ਸੰਧੂ ਅਤੇ ਏਡਿਡ ਸਕੂਲਾਂ ਦੀ ਪੈਂਨਸ਼ਨਰਜ਼ ਜਥੇਬੰਦੀ ਦੇ ਆਗੂ ਪ੍ਰਭਾਤ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਸ.ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਨਿੱਜੀਕਰਨ ਦੀਆਂ ਨੀਤੀਆਂ ਤੇ ਚੱਲਦੀ ਹੋਈ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਿਲਦੀਆਂ ਸਹੂਲਤਾਂ ਖੋਹਣ ਦੇ ਰਾਹ ਤੇ ਤੁਰੀਆਂ ਹੋਈਆਂ ਹਨ ਅਤੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਕਰ ਰਹੀਆਂ ਹਨ। ਉਹਨਾਂ ਨੇ ਪੈਂਨਸ਼ਨਰ ਦਿਵਸ ਸੰਬੰਧੀ ਪੈਂਨਸ਼ਨਰਾਂ ਨੂੰ ਜਾਗਰੂਕ ਕਰਦੇ ਹੋਏ ਵੱਡੇ ਪੱਧਰ ਤੇ ਲਾਮਬੰਦ ਹੋ ਕੇ ਆਪਣੀਆਂ ਮਿਲਦੀਆਂ ਸਹੂਲਤਾਂ ਨੂੰ ਬਚਾਉਣ ਲਈ ਸੰਘਰਸ਼ਾਂ ਵਿੱਚ ਕੁੱਦਣ ਦਾ ਸੱਦਾ ਵੀ ਦਿੱਤਾ। ਆਗੂਆਂ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹਰ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੂਰੇ ਪੂਰੇ ਗਰੇਡਾਂ ਵਿੱਚ ਰੈਗੂਲਰ ਕੀਤਾ ਜਾਵੇ, ਪੁਰਾਣੀ ਪੈਂਨਸ਼ਨ ਬਹਾਲ ਕੀਤੀ ਜਾਵੇ, ਛੇਵੇਂ ਪੇ ਕਮਿਸ਼ਨ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 66 ਮਹੀਨਿਆਂ ਦੇ ਬਕਾਏ ਤੁਰੰਤ ਦਿੱਤੇ ਜਾਣ, ਡੀ ਏ ਦੀਆਂ ਰਹਿੰਦੀਆਂ ਬਾਰਾਂ ਪ੍ਰਤੀਸ਼ਤ ਦੀਆਂ ਕਿਸ਼ਤਾਂ ਅਤੇ ਪਿਛਲਾ ਬਕਾਇਆ ਦਿੱਤਾ ਜਾਵੇ, ਪੈਂਨਸ਼ਨਰਾਂਂ ਨੂੰ 2.59 ਦਾ ਗੁਣਾਂਕ ਦਿੱਤਾ ਜਾਵੇ, ਮੈਡੀਕਲ ਭੱਤਾ 2000/-- ਰੁਪਏ ਮਹੀਨਾ ਕੀਤਾ ਜਾਵੇ, ਕੈਸ਼ ਲੈੱਸ ਹੈਲਥ ਸਕੀਮ ਸੋਧ ਕੇ ਲਾਗੂ ਕੀਤੀ ਜਾਵੇ ਆਦਿ ਮੰਗਾਂ ਨੂੰ ਤੁਰੰਤ ਲਾਗੂ ਕਰਨ ਦੀ ਪੰਜਾਬ ਸਰਕਾਰ ਤੋਂ ਜ਼ੋਰਦਾਰ ਢੰਗ ਨਾਲ ਮੰਗ ਕੀਤੀ।ਇੱਕ ਵੱਖਰਾ ਮਤਾ ਪਾਸ ਕਰਕੇ ਮੰਗ ਕੀਤੀ ਕਿ ਏਡਿਡ ਸਕੂਲਾਂ ਦੇ ਪੈਂਨਸ਼ਨਰਾਂ 'ਤੇ ਛੇਵਾਂ ਪੇ ਕਮਿਸ਼ਨ ਤੁਰੰਤ ਲਾਗੂ ਕਰਕੇ ਪੈਂਨਸ਼ਨਾਂ ਸੋਧ ਕੇ ਜਾਰੀ ਕੀਤੀਆਂ ਜਾਣ। ਦੂਜੇ ਮਤੇ ਰਾਹੀਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਚੱਲ ਰਹੇ ਕਲਮ ਛੋੜ ਅਤੇ ਕੰਪਿਊਟਰ ਬੰਦ ਰੱਖਣ ਦੇ ਸੰਘਰਸ਼ ਦੀ ਪੁਰਜ਼ੋਰ ਹਿਮਾਇਤ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਆਗੂਆਂ ਨਾਲ ਸੁਖਾਵੇਂ ਮਾਹੌਲ ਵਿੱਚ ਦੋਧਿਰੀ ਗੱਲਬਾਤ ਕਰਦੇ ਹੋਏ ਹੱਕੀ ਅਤੇ ਜ਼ਾਇਜ਼ ਮੰਗਾਂ ਦਾ ਨਿਪਟਾਰਾ ਤੁਰੰਤ ਕੀਤਾ ਜਾਵੇ ਤਾਂ ਜ਼ੋ ਦਫ਼ਤਰਾਂ ਵਿੱਚ ਕੰਮ ਕਾਜ ਦਾ ਸੁਖਾਵਾਂ ਮਾਹੌਲ ਬਣ ਸਕੇ ਅਤੇ ਆਮ ਲੋਕਾਂ ਦੀ ਖ਼ਜਲ ਖੁਆਰੀ ਬੰਦ ਹੋਵੇ ।ਅਮਰੀਕਣ ਸਾਮਰਾਜ ਵਲੋਂ ਫ਼ਲਸਤੀਨੀ ਲੋਕਾਂ ਤੇ ਇਜ਼ਰਾਈਲ ਰਾਹੀਂ ਠੋਸੀ ਗਈ ਜੰਗ ਨੂੰ ਇਨਸਾਨੀਅਤ ਨੂੰ ਬਚਾਉਣ ਲਈ ਤੁਰੰਤ ਬੰਦ ਕਰਨ ਦੀ ਮੰਗ ਵੀ ਕੀਤੀ ਗਈ। ਪੈਂਨਸ਼ਨਰ ਦਿਵਸ ਦੇ ਆਖ਼ਰ ਵਿੱਚ ਜ਼ਿੰਦਗੀ ਦੀਆਂ ਅੱਸੀ ਤੋਂ ਉੱਪਰ ਬਹਾਰਾਂ ਮਾਣ ਚੁੱਕੇ ਪੈਂਨਸ਼ਨਰਾਂ ਸ਼੍ਰੀ ਸਾਧੂ ਰਾਮ ਜੱਖੂ,ਸ੍ਰੀ ਕ੍ਰਿਸ਼ਨ ਗੋਪਾਲ ਚੋਪੜਾ,ਸ.ਪ੍ਰੀਤਮ ਸਿੰਘ ਆਜ਼ਾਦ, ਸ਼੍ਰੀ ਸੋਹਣ ਲਾਲ,ਸ.ਹਰਭਜਨ ਸਿੰਘ,ਸ਼੍ਰੀ ਲਛਮਣ ਦਾਸ ਅਤੇ ਸ਼੍ਰੀਮਤੀ ਹਰਕੰਵਲ ਆਦਿ ਨੂੰ ਸਨਮਾਨ ਚਿੰਨ੍ਹ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਕਾਮਨਾ ਕੀਤੀ ਕਿ ਜ਼ਿੰਦਗੀ ਦੀਆਂ ਸੌ ਬਹਾਰਾਂ ਪੂਰੀਆਂ ਕਰਨ ਦਾ ਆਨੰਦ ਮਾਨਣ ਤਾਂ ਜੋ ਫਿਰ ਦੋਬਾਰਾ ਸਨਮਾਨਿਤ ਕੀਤਾ ਜਾ ਸਕੇ।ਆਖ਼ਰ ਵਿੱਚ ਪ੍ਰਧਾਨ ਮੋਹਣ ਸਿੰਘ ਭੱਟੀ ਨੇ ਆਏ ਸਮੂਹ ਪੈਂਨਸ਼ਨਰਾਂ ਦਾ ਧੰਨਵਾਦ ਕਰਦੇ ਹੋਏ ਅਪੀਲ ਕੀਤੀ ਕਿ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਪਹਿਲੀ ਜਨਵਰੀ ਤੋਂ ਪੰਦਰਾਂ ਫਰਵਰੀ ਤੱਕ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਦੀ ਕੀਤੇ ਜਾ ਰਹੇ ਘਿਰਾਓ ਦੇ ਐਕਸ਼ਨ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇ ਤਾਂ ਜ਼ੋ ਮੰਗਾਂ ਨੂੰ ਮੰਨਵਾਉਣ ਲਈ ਪੰਜਾਬ ਸਰਕਾਰ ਤੇ ਭਾਰੀ ਦਬਾਅ ਬਣਾਇਆ ਜਾ ਸਕੇ।ਇਸ ਸਮੇਂ ਹੋਰਨਾਂ ਤੋਂ ਇਲਾਵਾ ਸੀਤਲ ਰਾਮ ਬੰਗਾ, ਰਵਿੰਦਰ ਪਾਲ ਕੌਰ ਸੰਧੂ, ਅਵਤਾਰ ਕੌਰ ਕੌੜਾ, ਦਲਜੀਤ ਸਿੰਘ,ਰਤਨ ਸਿੰਘ, ਗੁਰਨਾਮ ਸਿੰਘ ਸੈਣੀ,ਸਾਧੂ ਰਾਮ ਜੱਖੂ, ਕ੍ਰਿਸ਼ਨ ਗੋਪਾਲ ਚੋਪੜਾ, ਇੰਦਰਜੀਤ ਕੁਮਾਰ, ਸੁਖਜਿੰਦਰ ਸਿੰਘ ਧਾਲੀਵਾਲ, ਕਰਤਾਰ ਕੌਰ, ਹਰਭਜਨ ਲਾਲ, ਭੁਪਿੰਦਰ ਸਿੰਘ ਧਨੀ,ਪ੍ਰਭਾਤ ਕੁਮਾਰ, ਮਹਿੰਦਰ ਰਾਮ ਗੁੱਡਾ,ਸੋਹਣ ਲਾਲ, ਰੇਸ਼ਮ ਲਾਲ,ਪੂਨਮ, ਜਸਵਿੰਦਰ ਕੌਰ, ਨੀਲਮ ਰਾਣੀ,ਐੱਚ.ਐੱਸ.ਰਾਣਾ, ਸੁਸ਼ੀਲ ਕੁਮਾਰ ਅਤੇ ਪ੍ਰਮੋਦ ਕੁਮਾਰ ਜੋਸ਼ੀ ਆਦਿ ਪੈਂਨਸ਼ਨਰ ਸਾਥੀ ਹਾਜ਼ਰ ਹੋਏ।