ਦੋ ਬੂੰਦ ਹਰ ਵਾਰ ਪੋਲੀਓ ਤੇ ਜਿੱਤ ਰਹੇ ਬਰਕਰਾਰ
10 ਤੋਂ 12 ਦਸੰਬਰ ਤੱਕ ਚਲਾਈ ਜਾਣ ਵਾਲੀ ਪਲਸ ਪੋਲੀਓ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਵਿਭਾਗਾਂ ਨੂੰ ਹਦਾਇਤਾਂ ਜਾਰੀ
-0 ਤੋਂ 5 ਸਾਲ ਤੱਕ ਦੇ ਹਰੇਕ ਬੱਚੇ ਨੂੰ ਪਲਸ ਪੋਲੀਓ ਬੂੰਦਾਂ ਪਿਲਾਉਣ ਲਈ ਜ਼ਿਲ੍ਹੇ ਦਾ ਮਾਈਕਰੋ ਪਲਾਨ ਤਿਆਰ : ਡਿਪਟੀ ਕਮਿਸ਼ਨਰ
-ਪਲਸ ਪੋਲੀਓ ਮੁਹਿੰਮ ਦੌਰਾਨ ਜ਼ਿਲ੍ਹੇ ਦੇ 1,80,402 ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਦਵਾਈ ਦੀਆਂ ਬੂੰਦਾਂ
- ਜ਼ਿਲ੍ਹੇ 'ਚ 921 ਬੂਥਾਂ 'ਤੇ ਅਤੇ 1842 ਟੀਮਾਂ ਵੱਲੋਂ ਪਿਲਾਈਆਂ ਜਾਣਗੀਆਂ ਪੋਲੀਓ ਰੋਕੂ ਬੂੰਦਾਂ
ਪਟਿਆਲਾ, 6 ਦਸੰਬਰ:
ਪਟਿਆਲਾ ਜ਼ਿਲ੍ਹੇ ਵਿੱਚ 10 ਤੋਂ 12 ਦਸੰਬਰ ਤੱਕ ਤਿੰਨ ਦਿਨਾਂ ਪਲਸ ਪੋਲੀਓ ਮੁਹਿੰਮ ਚਲਾਈ ਜਾਵੇਗੀ। ਜਿਸ ਤਹਿਤ 0 ਤੋਂ 05 ਸਾਲ ਤੱਕ ਦੇ 1 ਲੱਖ 80 ਹਜ਼ਾਰ 402 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ 0 ਤੋਂ 5 ਸਾਲ ਤੱਕ ਦੇ ਹਰੇਕ ਬੱਚੇ ਨੂੰ ਪਲਸ ਪੋਲੀਓ ਬੂੰਦਾਂ ਪਿਲਾਉਣ ਲਈ ਜ਼ਿਲ੍ਹੇ ਦਾ ਮਾਈਕਰੋ ਪਲਾਨ ਤਿਆਰ ਕੀਤਾ ਗਿਆ ਹੈ ਤੇ ਉਨ੍ਹਾਂ ਹਰੇਕ ਵਿਭਾਗ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ ਤਾਂ ਜੋ ਇਸ ਵੱਡੇ ਕਾਰਜ ਨੂੰ ਸਫਲਤਾ ਨਾਲ ਨੇਪਰੇ ਚੜਾਇਆ ਜਾ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪਲਸ ਪੋਲੀਓ ਜਾਗਰੂਕਤਾ ਦਾ ਪੋਸਟਰ ਵੀ ਜਾਰੀ ਕੀਤਾ।
ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਐਕਸ਼ਨ ਪਲਾਨ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਨੂੰ ਸਫਲ ਬਣਾਉਣ ਲਈ ਸਿਹਤ ਵਿਭਾਗ ਦੀਆਂ 1842 ਟੀਮਾਂ ਵੱਲੋਂ ਪਲਸ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ ਅਤੇ 25 ਮੋਬਾਇਲ ਟੀਮਾਂ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ਜਿਵੇਂ ਕਿ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਭੱਠਿਆਂ, ਸੜਕਾਂ ਕਿਨਾਰੇ ਮਜ਼ਦੂਰੀ ਕਰਦੇ, ਫਾਰਮ ਹਾਊਸ, ਫੈਕਟਰੀਆਂ ਅਤੇ ਹੋਰ ਜਨਤਕ ਸਥਾਨਾਂ 'ਤੇ ਬੱਚਿਆਂ ਨੂੰ ਪੋਲੀਓ ਰੱਖਿਅਕ ਬੂੰਦਾਂ ਪਿਲਾਉਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਦੀ ਨਿਗਰਾਨੀ ਲਈ 193 ਸੁਪਰਵਾਈਜ਼ਰ ਵੀ ਨਿਯੁਕਤ ਕੀਤੇ ਗਏ ਹਨ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਅਧੀਨ ਜ਼ਿਲ੍ਹੇ ਵਿੱਚ 10 ਦਸੰਬਰ ਨੂੰ 921 ਬੂਥ ਬਣਾਏ ਜਾਣਗੇ ਅਤੇ ਜਿਹੜੇ ਬੱਚੇ ਐਤਵਾਰ ਨੂੰ ਕਿਸੇ ਕਾਰਨ ਦਵਾਈ ਪੀਣ ਤੋਂ ਵਾਂਝੇ ਰਹਿ ਜਾਣਗੇ, ਉਨ੍ਹਾਂ ਨੂੰ 11 ਤੇ 12 ਦਸੰਬਰ ਨੂੰ ਸਿਹਤ ਵਿਭਾਗਾਂ ਦੀਆਂ 1842 ਟੀਮਾਂ ਵੱਲੋਂ ਘਰਾਂ ਵਿੱਚ ਜਾਕੇ ਪੋਲੀਓ ਦਵਾਈ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ।
ਮੀਟਿੰਗ ਵਿੱਚ ਐਸ.ਡੀ.ਐਮ. ਨਾਭਾ ਤਰਸੇਮ ਚੰਦ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਅਮਨਦੀਪ ਕੌਰ, ਡਾ. ਗੁਰਪ੍ਰੀਤ ਨਾਗਰਾ, ਡਾ. ਸੰਜੀਵ ਕੁਮਾਰ, ਡਾ. ਮਨਜੀਤ ਕੌਰ, ਡਾ. ਸ਼ੈਲੀ ਜੇਤਲੀ, ਡਾ. ਜੈਦੀਪ ਭਾਟੀਆ, ਡਾ. ਕਿਰਨਜੋਤ ਸਮੇਤ ਸਿੱਖਿਆ, ਸਿਹਤ, ਪੁਲਿਸ ਵਿਭਾਗ ਦੇ ਅਧਿਕਾਰੀ ਵੀ ਹਾਜਰ ਸਨ।
ਕੈਪਸ਼ਨ: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਲਸ ਪੋਲੀਓ ਮੁਹਿੰਮ ਸਬੰਧੀ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ।