**ਪੇ ਕਮਿਸ਼ਨ ਦੇ 66 ਮਹੀਨਿਆਂ ਦੇ ਬਕਾਏ ਅਤੇ ਡੀ ਏ ਦੀਆਂ ਕਿਸ਼ਤਾਂ ਤੁਰੰਤ ਦੇਣ ਦੀ ਕੀਤੀ ਮੰਗ:ਭੱਟੀ, ਕੌੜਾ**।
ਫ਼ਗਵਾੜਾ:19ਨਵੰਬਰ( )। ਪੰਜਾਬ ਪੈਂਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਗਵਾੜਾ ਦੀ ਮਾਸਿਕ ਮੀਟਿੰਗ ਪ੍ਰਧਾਨ ਮੋਹਣ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਰੈਸਟ ਹਾਊਸ ਫ਼ਗਵਾੜਾ ਵਿਖੇ ਕੀਤੀ ਗਈ। ਮੀਟਿੰਗ ਦੀ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜ਼ਾਇਜ਼ ਮੰਗਾਂ ਨੂੰ ਮੰਨਣ ਅਤੇ ਲਾਗੂ ਕਰਨ ਤੋਂ ਟਾਲਾ ਵੱਟਣ ਲਈ ਸਾਜ਼ਿਸ਼ੀ ਚੁੱਪ ਧਾਰੀ ਹੋਈ ਹੈ ਅਤੇ ਜਥੇਬੰਦੀਆਂ ਦੇ ਆਗੂਆਂ ਨਾਲ ਦੋਧਿਰੀ ਗੱਲਬਾਤ ਕਰਨ ਤੋਂ ਵੀ ਵਾਰ ਵਾਰ ਟਾਲਮ ਟੋਲ ਦੀ ਪਾਲਿਸੀ ਅਖਤਿਆਰ ਕੀਤੀ ਹੋਈ ਹੈ। ਆਗੂਆਂ ਨੇ ਪੰਜਾਬ ਸਰਕਾਰ ਦੀ ਇਸ ਨੀਤੀ ਦੀ ਜ਼ੋਰਦਾਰ ਤਿੱਖੀ ਨਿਖੇਧੀ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਛੇਵੇਂ ਪੇ ਕਮਿਸ਼ਨ ਦੇ 66 ਮਹੀਨਿਆਂ ਦੇ ਬਕਾਏ ਅਤੇ ਡੀ ਏ ਦੀਆਂ ਰਹਿੰਦੀਆਂ ਬਾਰਾਂ ਪ੍ਰਤੀਸ਼ਤ ਦੀ ਕਿਸ਼ਤਾਂ ਅਤੇ ਡੀ ਏ ਦੇ ਬਕਾਏ ਤੁਰੰਤ ਦੇ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਰਾਹਤ ਦਿੱਤੀ ਜਾਵੇ। ਉਹਨਾਂ ਨੇ ਕਿਹਾ ਕਿ ਵੱਡੀ ਉਮਰ ਦੇ ਪੈਂਨਸ਼ਨਰ ਬਕਾਏ ਨੂੰ ਉਡੀਕਦੇ ਉਡੀਕਦੇ ਦਿਨ-ਬ-ਦਿਨ ਅਗਲੇ ਜਹਾਨ ਨੂੰ ਜਾ ਰਹੇ ਹਨ।ਬਾਕੀ ਹੱਕੀ ਅਤੇ ਜ਼ਾਇਜ਼ ਮੰਗਾਂ ਦੇ ਯੋਗ ਨਿਪਟਾਰੇ ਲਈ ਜਥੇਬੰਦੀਆਂ ਦੇ ਆਗੂਆਂ ਨਾਲ ਦੋਧਿਰੀ ਗੱਲਬਾਤ ਕਰਕੇ ਮੰਗਾਂ ਨੂੰ ਮੰਨ ਕੇ ਲਾਗੂ ਕਰਨ ਦਾ ਉਪਰਾਲਾ ਗੰਭੀਰਤਾ ਨਾਲ ਕੀਤਾ ਜਾਵੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਦਿਖਾਈ ਜਾ ਰਹੀ ਬੇਰੁਖੀ ਦਾ ਜਵਾਬ ਦੇਣ ਲਈ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਪੰਜਾਬ ਵਲੋਂ ਪਹਿਲੀ ਜਨਵਰੀ ਤੋਂ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕਰਕੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦਾ ਫੈਸਲਾ ਵੀ ਕੀਤਾ ਗਿਆ। ਸਤਾਰਾਂ ਦਸੰਬਰ ਨੂੰ ਪੈਂਨਸ਼ਨਰ ਦਿਵਸ ਮਨਾਉਣ ਸਮੇਂ ਅੱਸੀ ਸਾਲ ਤੋਂ ਉੱਪਰ ਦੀ ਉਮਰ ਵਾਲੇ ਐਸੋਸੀਏਸ਼ਨ ਦੇ ਛੇ ਮੈਂਬਰਾਂ ਸ਼੍ਰੀ ਮਤੀ ਹਰਕੰਵਲ, ਸ਼੍ਰੀ ਸਾਧੂ ਰਾਮ ਜੱਖੂ,ਸ.ਹਰਭਜਨ ਸਿੰਘ ਭੁਲਾਰਾਈ, ਸ਼੍ਰੀ ਲਛਮਣ ਦਾਸ, ਸ਼੍ਰੀ ਕ੍ਰਿਸ਼ਨ ਗੋਪਾਲ ਚੋਪੜਾ ਅਤੇ ਸ਼੍ਰੀ ਸੋਹਣ ਲਾਲ ਆਦਿ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ। ਐਸੋਸੀਏਸ਼ਨ ਦੀ ਆਮਦਨ ਅਤੇ ਹੋਏ ਖਰਚੇ ਦਾ ਵੇਰਵਾ ਵੀ ਹਾਜ਼ਰ ਮੈਂਬਰਾਂ ਨਾਲ ਸਾਂਝਾ ਕੀਤਾ ਗਿਆ। ਮੀਟਿੰਗ ਵਿੱਚ ਮੈਂਬਰਾਂ ਦੀ ਘੱਟ ਹਾਜ਼ਰੀ ਤੇ ਡੂੰਘੀ ਚਿੰਤਾ ਜ਼ਾਹਰ ਕਰਦੇ ਹੋਏ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ ਲੋਕਲ ਪੱਧਰ ਦੀ ਮਹੀਨਾ ਵਾਰ ਮੀਟਿੰਗ ਦੀ ਅਹਿਮੀਅਤ ਨੂੰ ਸਮਝਦੇ ਹੋਏ ਅਗਲੀ ਮਾਸਿਕ ਮੀਟਿੰਗ ਵਿੱਚ ਆਪਣੀ ਹਾਜ਼ਰੀ ਨੂੰ ਯਕੀਨੀ ਬਣਾਉਣ ਦਾ ਉਪਰਾਲਾ ਗੰਭੀਰਤਾ ਨਾਲ ਜ਼ਰੂਰ ਕੀਤਾ ਜਾਵੇ ਤਾਂ ਜੋ ਸਮੂਹ ਮੈਂਬਰਾਂ ਦੀ ਆਪਸੀ ਸਾਂਝ ਮਜ਼ਬੂਤ ਹੋ ਸਕੇ।ਇਸ ਸਮੇਂ ਮੀਟਿੰਗ ਵਿੱਚ ਪ੍ਰਧਾਨ ਮੋਹਣ ਸਿੰਘ ਭੱਟੀ, ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ, ਹਰਭਜਨ ਲਾਲ ਕੌਲ ਅਤੇ ਕੇ.ਕੇ.ਪਾਂਡੇ ਆਦਿ ਸਾਥੀ ਹਾਜ਼ਰ ਹੋਏ।