*03 ਨਵੰਬਰ ਦੀ ਦਿੱਲੀ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਪ.ਸ.ਸ.ਫ.ਜਲੰਧਰ ਦਾ ਜਥਾ ਹੋਇਆ ਰਵਾਨਾ:ਹੀਰਾ**
ਫ਼ਗਵਾੜਾ:02ਨਵੰਬਰ- ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) ਜ਼ਿਲ੍ਹਾ ਜਲੰਧਰ ਦਾ ਜਥਾ ਜ਼ਿਲ੍ਹਾ ਜਨਰਲ ਸਕੱਤਰ ਨਿਰਮੋਲਕ ਸਿੰਘ ਹੀਰਾ ਦੀ ਅਗਵਾਈ ਵਿੱਚ 03 ਨਵੰਬਰ ਦੀ ਦਿੱਲੀ ਕੌਮੀ ਰੈਲੀ ਵਿੱਚ ਸ਼ਾਮਲ ਹੋਣ ਲਈ ਫ਼ਗਵਾੜਾ ਰੇਲਵੇ ਸਟੇਸ਼ਨ ਤੋਂ ਦਿੱਲੀ ਲਈ ਰਵਾਨਾ ਹੋਇਆ। ਰਵਾਨਾ ਹੋਣ ਸਮੇਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸਾਥੀ ਹੀਰਾ ਨੇ ਕਿਹਾ ਕਿ ਦੇਸ਼ ਦੇ ਮੁਲਾਜ਼ਮਾਂ ਦੀ ਕੌਮੀਂ ਜੱਥੇਬੰਦੀ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਅਤੇ ਕੰਨਫੈਡਰੇਸ਼ਨ ਆਫ ਸੈਂਟਰਲ ਗੌਰਮਿੰਟ ਇੰਪਲਾਈਜ਼ ਅਤੇ ਵਰਕਰਜ਼ ਵਲੋਂ ਮਿਤੀ 3 ਨਵੰਬਰ ਨੂੰ ਰਾਮਲੀਲਾ ਗਰਾਊਂਡ ਦਿੱਲੀ ਵਿਖੇ ਕੀਤੀ ਜਾ ਰਹੀ ਵਿਸ਼ਾਲ ਕੌਮੀਂ ਰੈਲੀ ਵਿੱਚ ਸ਼ਮੂਲੀਅਤ ਕਰਨ ਪ.ਸ.ਸ.ਫ.ਜਲੰਧਰ ਦੇ ਸਾਥੀਆਂ ਦਾ ਜਥਾ ਜਾ ਰਿਹਾ ਹੈ।ਦਿੱਲੀ ਕੌਮੀ ਰੈਲੀ ਦੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਪੀ.ਐਫ.ਆਰ.ਡੀ.ਏ. ਬਿੱਲ ਨੂੰ ਰੱਦ ਕਰਕੇ 31 ਦਸੰਬਰ 2003 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਨੂੰ ਲਾਗੂ ਕੀਤਾ ਜਾਵੇ, ਹਰ ਪ੍ਰਕਾਰ ਦੇ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇ, ਮਿੱਡ-ਡੇ-ਮੀਲ, ਆਂਗਣਵਾੜੀ, ਆਸ਼ਾ ਵਰਕਰਾਂ ਦੀਆਂ ਸੇਵਾਵਾਂ ਦਾ ਸਰਕਾਰੀਕਰਣ ਕੀਤਾ ਜਾਵੇ, ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਦੇ ਜਨਤਕ ਅਦਾਰਿਆਂ ਦਾ ਕੀਤਾ ਜਾ ਰਿਹਾ ਨਿੱਜੀਕਰਣ ਬੰਦ ਕੀਤਾ ਜਾਵੇ, ਕੇਂਦਰੀ ਮੁਲਾਜ਼ਮਾਂ ਲਈ ਅੱਠਵੇਂ ਅਤੇ ਪੰਜਾਬ ਦੇ ਮੁਲਾਜ਼ਮਾਂ ਲਈ ਸੱਤਵੇਂ ਤਨਖਾਹ ਕਮਿਸ਼ਨ ਦਾ ਗਠਨ ਕੀਤਾ ਜਾਵੇ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਪਿਛਲਾ ਬਕਾਇਆ ਯਕ-ਮੁਸ਼ਤ ਜਾਰੀ ਕੀਤਾ ਜਾਵੇ, ਲੋਕਤੰਤਰ ਅਧਿਕਾਰਾਂ ਨੂੰ ਬਰਕਰਾਰ ਰੱਖਿਆ ਜਾਵੇ। ਕੌਮੀ ਰੈਲੀ ਦਿੱਲੀ ਵਿੱਚ ਸ਼ਮੂਲੀਅਤ ਕਰਨ ਲਈ ਜਾ ਰਹੇ ਜਥੇ ਵਿੱਚ ਨਿਰਮੋਲਕ ਸਿੰਘ ਹੀਰਾ, ਕੁਲਦੀਪ ਵਾਲੀਆ, ਮਨੋਜ ਕੁਮਾਰ ਸਰੋਏ, ਅਮਰਜੀਤ ਭਗਤ,ਰਤਨ ਸਿੰਘ, ਬਲਵੀਰ ਸਿੰਘ ਗੁਰਾਇਆ, ਅਸ਼ੋਕ ਕੁਮਾਰ, ਸੁਰਿੰਦਰ ਕੁਮਾਰ, ਕਸਤੂਰੀ ਲਾਲ, ਅਨਿਲ ਕੁਮਾਰ,ਰਾਜ ਕੁਮਾਰ, ਕੁਲਦੀਪ ਸਿੰਘ ਕੌੜਾ ਅਤੇ ਪ.ਸ.ਸ.ਫ.ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਆਦਿ ਸ਼ਾਮਲ ਹਨ।