ਦੁਕਾਨਦਾਰ ਕਿਸੇ ਤੋਂ ਪੁਰਾਣਾ ਸਮਾਨ ਖਰੀਦਣ ਮੌਕੇ ਸਮਾਨ ਵੇਚਣ ਵਾਲੇ ਵਿਅਕਤੀ ਦਾ ਨਾਮ, ਮੋਬਾਇਲ ਨੰਬਰ ਅਤੇ ਪਤਾ ਆਪਣੇ ਰਜਿਸਟਰ ਵਿੱਚ ਦਰਜ ਕਰਕੇ ਰਿਕਾਰਡ ਰੱਖਣ
ਬਟਾਲਾ, 6 ਅਕਤੂਬਰ ( ) ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਠੋਸ ਕਦਮ ਚੱੁਕਦਿਆਂ ਜ਼ਿਲ੍ਹੇ ਦੇ ਸਮੂਹ ਐੱਸ.ਡੀ.ਐੱਮਜ਼ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਇਲਾਕੇ ਦੇ ਡੀ.ਐੱਸ.ਪੀ. ਨੂੰ ਨਾਲ ਲੈ ਕੇ ਵਪਾਰ ਮੰਡਲਾਂ, ਸਵਰਨਕਾਰ ਤੇ ਕਬਾੜ ਯੂਨੀਅਨ ਆਦਿ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਹਦਾਇਤਾਂ ਕਰਨ ਕਿ ਉਹ ਅਗਾਂਹ ਆਪਣੇ ਸਾਥੀਆਂ ਨੂੰ ਪ੍ਰੇਰਿਤ ਕਰਨ ਕੇ ਜੇਕਰ ਕੋਈ ਵੀ ਵਿਅਕਤੀ ਉਨ੍ਹਾਂ ਪਾਸ ਪੁਰਾਣਾ ਸਮਾਨ ਜਿਵੇਂ ਕਿ ਮੋਬਾਇਲ ਫੋਨ, ਸੋਨਾ, ਬਿਜਲੀ ਦੀਆਂ ਤਾਰਾਂ ਆਦਿ ਵੇਚਣ ਆਉਂਦਾ ਹੈ ਤਾਂ ਉਸ ਦਾ ਅਧਾਰ ਕਾਰਡ ਜਾਂ ਹੋਰ ਸ਼ਨਾਖਤੀ ਕਾਰਡ ਚੈੱਕ ਕੀਤਾ ਜਾਵੇ। ਇਸਦੇ ਨਾਲ ਹੀ ਦੁਕਾਨਦਾਰ ਸਮਾਨ ਵੇਚਣ ਵਾਲੇ ਵਿਅਕਤੀ ਦਾ ਨਾਮ, ਮੋਬਾਇਲ ਨੰਬਰ ਅਤੇ ਪਤਾ ਆਪਣੇ ਰਜਿਸਟਰ ਵਿੱਚ ਦਰਜ ਕਰਕੇ ਰਿਕਾਰਡ ਆਪਣੇ ਪਾਸ ਰੱਖਣ ਤਾਂ ਜੋ ਲੋੜ ਪੈਣ ’ਤੇ ਪੁੱਛ-ਪੜਤਾਲ ਕੀਤੀ ਜਾ ਸਕੇ।
ਇਸਤੋਂ ਇਲਾਵਾ ਵੱਧ ਤੋਂ ਵੱਧ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਸਬੰਧੀ ਵੀ ਕਿਹਾ ਜਾਵੇ ਤਾਂ ਜੋ ਸ਼ਹਿਰ ਵਿੱਚ ਚੋਰੀਆਂ ਦੀਆਂ ਘਟਨਾਵਾਂ ਨੂੰ ਠੱਲ ਪਾਈ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਮੀਡੀਆ ਦੀਆਂ ਖ਼ਬਰਾਂ ਅਤੇ ਹੋਰ ਭਰੋਸੇਯੋਗ ਸੂਤਰਾਂ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਜ਼ਿਲ੍ਹੇ ਵਿੱਚ ਚੋਰੀ ਦੀਆਂ ਘਟਨਾਵਾਂ ਤੋਂ ਬਾਅਦ ਚੋਰਾਂ ਵੱਲੋਂ ਚੋਰੀ ਕੀਤਾ ਗਿਆ ਸਮਾਨ ਬਜ਼ਾਰ ਵਿੱਚ ਹੀ ਦੁਕਾਨਾਂ ’ਤੇ ਵੇਚਿਆ ਜਾ ਰਿਹਾ ਹੈ, ਜਿਸਨੂੰ ਸਬੰਧਤ ਦੁਕਾਨਦਾਰਾਂ ਵੱਲੋਂ ਅਣਜਾਣੇ ਵਿੱਚ ਖਰੀਦ ਲਿਆ ਜਾਂਦਾ ਹੈ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ।
-----------------------------------