ਜ਼ਿਲ੍ਹਾ ਪੱਧਰੀ ਸ਼ਹੀਦੀ (ਸਮ੍ਰਿਤੀ) ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ

 ਜ਼ਿਲ੍ਹਾ ਪੱਧਰੀ ਸ਼ਹੀਦੀ (ਸਮ੍ਰਿਤੀ) ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ


ਦੇਸ਼ ਖਾਤਰ ਜਾਨਾ ਕੁਰਬਾਨਾਂ ਕਰਨ ਵਾਲੇ ਸ਼ਹੀਦਾਂ *ਤੇ ਸਾਨੂੰ ਹਰ ਇਕ ਨੂੰ ਮਾਣ- ਡਿਪਟੀ ਕਮਿਸ਼ਨਰ


ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਚਾਉਣ ਖਾਤਿਰ ਜਾਨਾਂ ਵਾਰਨ ਵਾਲਿਆਂ ਨੂੰ ਕਰਦੇ ਹਾਂ ਸਿਜਦਾ-ਐਸ.ਐਸ.ਪੀ


ਫ਼ਾਜ਼ਿਲਕਾ, 21 ਅਕਤੂਬਰ


ਜ਼ਿਲ੍ਹਾ ਪੱਧਰੀ ਸ਼ਹੀਦੀ (ਸਮ੍ਰਿਤੀ) ਦਿਵਸ ਪੁਲਿਸ ਲਾਈਨਜ਼ ਫ਼ਾਜ਼ਿਲਕਾ ਵਿਖੇ ਬੜੇ ਹੀ ਸ਼ਰਧਾਪੂਰਵਕ ਮਨਾਇਆ ਗਿਆ। ਇਸ ਮੌਕੇ ਜੁਡੀਸ਼ਰੀ, ਜ਼ਿਲ੍ਹਾ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸਮਾਗਮ ਦੌਰਾਨ ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਕੌਰ, ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ, ਐਸ.ਐਸ.ਪੀ ਸ. ਮਨਜੀਤ ਸਿੰਘ ਢੇਸੀ ਵਿਸ਼ੇਸ਼ ਤੌਰ ’ਤੇ ਪੁੱਜੇ। ਡੀ.ਐਸ.ਪੀ. ਅਬੋਹਰ ਸ੍ਰੀ ਅਰੁਣ ਮੁੰਡਨ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸ਼ਹੀਦਾਂ ਦੇ ਨਾਮ ਪੜ੍ਹ ਕੇ ਸੁਣਾਏ।


ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਦੇਸ਼ ਖਾਤਰ ਆਪਣੀ ਜਾਨਾ ਗਵਾਉਣ ਵਾਲੇ ਸ਼ਹੀਦਾਂ *ਤੇ ਸਾਨੂੰ ਮਾਣ ਹੈ ਜੋ ਜਾਨ ਦੀ ਪਰਵਾਹ ਕੀਤੇ ਬਿਨਾਂ ਸਰਹੱਦਾਂ *ਤੇ ਰਹਿ ਕੇ ਦੇਸ਼ ਦੀ ਰਖਿਆ ਕਰਦੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਦੀ ਕੋਈ ਕੀਮਤ ਨਹੀਂ ਹੈ, ਇਹ ਅਮੁੱਲ ਹਨ। ਉਨ੍ਹਾਂ ਕਿਹਾ ਕਿ ਸਰਹੱਦਾਂ ਦੀ ਰਾਖੀ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਵਾਲੇ ਇਹ ਸ਼ਹੀਦ ਸਾਡੇ ਸੂਬੇ ਅਤੇ ਦੇਸ਼ ਦਾ ਸਰਮਾਇਆ ਹਨ। ਇਹਨਾਂ ਦੀਆਂ ਕੁਰਬਾਨੀਆਂ ਨੂੰ ਜਾਇਆ ਨਹੀਂ ਜਾਣ ਦਿੱਤਾ ਜਾਵੇਗਾ। ਉਨ੍ਹਾਂ ਇਨ੍ਹਾਂ ਮਹਾਨ ਸ਼ਹੀਦ ਨੂੰ ਨਮਨ ਕਰਦਿਆਂ ਕਿਹਾ ਕਿ ਉਨ੍ਹਾਂ ਕਰਕੇ ਹੀ ਅਸੀਂ ਆਰਾਮ ਨਾਲ ਆਪਣੀ ਜਿੰਦਗੀ ਬਤੀਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਅਤੇ ਦੇਸ਼ ਵਿੱਚ ਅਮਨ ਸ਼ਾਂਤੀ ਨੂੰ ਬਣਾਈ ਰੱਖਣ ਲਈ ਮਹਾਨ ਸ਼ਖਸੀਅਤਾਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।


ਇਸ ਮੌਕੇ ਐਸ.ਐਸ.ਪੀ ਸ. ਮਨਜੀਤ ਸਿੰਘ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਚਾਉਣ ਖਾਤਿਰ ਜਾਨਾਂ ਵਾਰਨ ਵਾਲਿਆਂ ਨੂੰ ਅਸੀਂ ਸਿਜਦਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਮਹਾਨ ਪੁਲਿਸ ਜਵਾਨਾਂ ਦੀ ਯਾਦ ਵਿਚ ਸ਼ਹੀਦੀ ਯਾਦਗਾਰੀ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ, ਜਿੰਨਾਂ ਨੇ 21 ਅਕਤੂਬਰ, 1959 ਨੂੰ ਲੱਦਾਖ ਦੇ ਹਾਟ ਸਪਰਿੰਗ ਵਿਖੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਏ ਸ਼ਹਾਦਤਾਂ ਦਿੱਤੀਆਂ। ਉਹਨਾਂ ਦੱਸਿਆ ਕਿ ਚੀਨ ਦੀ ਫੌਜ ਵੱਲੋ ਜਵਾਨਾਂ 'ਤੇ ਅਚਾਨਕ ਹਮਲਾ ਕਰ ਦਿੱਤਾ ਗਿਆ ਸੀ, ਜਿੰਨ੍ਹਾਂ ਵਿੱਚੋਂ ਡੀ.ਐਸ.ਪੀ ਸਮੇਤ 10 ਜਵਾਨ ਸ਼ਹੀਦ ਹੋ ਗਏ ਸਨ ਅਤੇ ਬਾਕੀਆਂ ਨੂੰ ਬੰਦੀ ਬਣਾ ਲਿਆ ਗਿਆ ਸੀ।


ਉਨ੍ਹਾਂ ਕਿਹਾ ਕਿ 21 ਅਕਤੂਬਰ, 1960 ਤੋਂ ਲਗਾਤਾਰ ਦੇਸ਼ ਭਰ ਵਿਚ ਇਨ੍ਹਾਂ ਮਹਾਨ ਸ਼ਹੀਦਾਂ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਖਾਤਿਰ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਪੁਲਿਸ ਅਤੇ ਪੈਰਾ ਮਿਲਟਰੀ ਫੋਰਸਾਂ ਦੇ ਸ਼ਹੀਦ ਜਵਾਨਾਂ ਨੂੰ ਯਾਦ ਕਰਨ ਲਈ ਸ਼ਰਧਾਂਜਲੀ ਸਮਾਗਮ ਕੀਤੇ ਜਾਂਦੇ ਹਨ ਤਾਂ ਜੋ ਪੁਲਿਸ ਦੇ ਜਵਾਨ ਅਤੇ ਲੋਕ ਇਨ੍ਹਾਂ ਸ਼ਹੀਦਾਂ ਦੀਆਂ ਜੀਵਨੀਆਂ ਤੋ ਪ੍ਰੇਰਨਾ ਲੈ ਸਕਣ। ਉਨ੍ਹਾਂ ਕਿਹਾ ਕਿ ਅੱਤਵਾਦ ਦੌਰਾਨ ਫਾਜ਼ਿਲਕਾ ਪੁਲਿਸ ਦਾ 1 ਏ.ਐੱਸ.ਆਈ, 6 ਸਿਪਾਹੀ ਅਤੇ 5 ਪੀ.ਐੱਚ.ਜੀ ਸ਼ਹੀਦ ਹੋਏ ਸਨ ਜਿਨ੍ਹਾਂ ਨੇ ਦੇਸ਼ ਵਿੱਚ ਅਮਨ ਕਾਨੂੰਨ ਨੂੰ ਬਰਕਰਾਰ ਰੱਖਣ ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਹਮੇਸ਼ਾਂ ਇਨ੍ਹਾਂ ਦੇ ਪਰਿਵਾਰਾਂ ਨਾਲ ਖੜ੍ਹੀ ਹੈ।


ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲਿਸ ਮੁਖੀ ਨੇ ਇਹਨਾਂ ਪਰਿਵਾਰਾਂ ਨਾਲ ਗਲਬਾਤ ਕਰਦਿਆਂ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਇਨ੍ਹਾਂ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਅਤੇ ਫਾਜ਼ਿਲਕਾ ਪੁਲਿਸ ਵੱਲੋ ਹਰ ਕਦਮ 'ਤੇ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਸ਼ਹੀਦ ਪਰਿਵਾਰਾਂ ਦੀ ਭਲਾਈ ਲਈ ਪੰਜਾਬ ਸਰਕਾਰ ਅਤੇ ਫਾਜ਼ਿਲਕਾ ਪੁਲਿਸ ਹਮੇਸ਼ਾ ਤਤਪਰ ਹੈ।


ਇਸ ਮੌਕੇ ਪੁਲਿਸ ਦੇ ਹੋਰ ਅਧਿਕਾਰੀਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਸ਼ਹੀਦੀ ਯਾਦਗਾਰ ’ਤੇ ਫੁੱਲ ਮਾਲਾਵਾਂ ਵੀ ਭੇਟ ਕੀਤੀਆਂ ਗਈਆਂ। ਇਸ ਤੋਂ ਬਾਅਦ ਸਨਮਾਨ ਸਮਾਰੋਹ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਛੇਤੀ ਹੀ ਯੋਗ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ। ਇਸ ਮੌਕੇ ਪੁਲਿਸ ਦੀ ਟੁਕੜੀ ਵੱਲੋਂ ਸ਼ਹੀਦਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਅਤੇ 2 ਮਿੰਟ ਦਾ ਮੌਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਜ਼ਲੀ ਭੇਟ ਕੀਤੀ ਗਈ। 


ਇਸ ਮੌਕੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਜਗਮੋਹਨ ਸਿੰਘ ਸੰਘੇ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਅਮਨਦੀਪ ਸਿੰਘ, ਐਸ.ਪੀ. ਸ੍ਰੀ ਮਨਜੀਤ ਸਿੰਘ, ਸ੍ਰੀ ਗੁਰਮੀਤ ਸਿੰਘ, ਡੀ.ਐਸ.ਪੀ. ਸ੍ਰੀ ਅਵਤਾਰ ਸਿੰਘ, ਸ੍ਰੀ ਅਛਰੁ ਰਾਮ,ਸ੍ਰੀ ਅਤੁਲ ਸੋਨੀ, ਸ੍ਰੀ ਸੁਬੇਗ ਸਿੰਘ, ਸ੍ਰੀ ਸੁਖਵਿੰਰ ਸਿੰਘ ਅਤੇ ਹੋਰ ਜੱਜ ਸਾਹਿਬਾਨ, ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends