ਜ਼ਿਲ੍ਹਾ ਮੈਜਿਸਟਰੇਟ ਨੇ ਧਰਨੇ/ਮੁਜ਼ਾਹਰਿਆਂ ਲਈ ਥਾਵਾਂ ਨਿਰਧਾਰਤ ਕੀਤੀਆਂ
ਨਿਰਧਾਰਤ ਥਾਵਾਂ ਉੱਪਰ ਧਰਨਾ ਲਗਾਉਣ ਤੋਂ ਪਹਿਲਾਂ ਐੱਸ.ਡੀ.ਐੱਮ. ਨੂੰ ਪੂਰਵ ਸੂਚਿਤ ਕਰਕੇ ਪ੍ਰਵਾਨਗੀ ਲੈਣੀ ਜਰੂਰੀ
ਗੁਰਦਾਸਪੁਰ, 19 ਸਤੰਬਰ ( ) - ਡਾ. ਹਿਮਾਂਸ਼ੂ ਅਗਰਵਾਲ, ਆਈ.ਏ.ਐੱਸ, ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਨੇ ਫ਼ੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਦੀਆਂ ਵੱਖ-ਵੱਖ ਤਹਿਸੀਲਾਂ ਵਿੱਚ ਸ਼ਾਂਤਮਈ ਧਰਨਿਆਂ/ਮੁਜ਼ਾਹਰਿਆਂ ਲਈ ਥਾਵਾਂ ਨਿਰਧਾਰਤ ਕੀਤੀਆਂ ਹਨ। ਇਨ੍ਹਾਂ ਥਾਵਾਂ ਉੱਪਰ ਸਬੰਧਤ ਐੱਸ.ਡੀ.ਐੱਮ. ਨੂੰ ਪਹਿਲਾਂ ਸੂਚਿਤ ਕਰਕੇ ਪ੍ਰਵਾਨਗੀ ਲੈਣ ਉਪਰੰਤ ਹੀ ਧਰਨਾ/ਮੁਜ਼ਾਹਰਾ ਕੀਤਾ ਜਾ ਸਕਦਾ ਹੈ। ਇਸਤੋਂ ਇਲਾਵਾ ਜ਼ਿਲ੍ਹੇ ਵਿੱਚ ਹੋਰ ਕਿਸੇ ਥਾਂ ’ਤੇ ਧਰਨਾਂ ਨਹੀਂ ਦਿੱਤਾ ਜਾ ਸਕਦਾ।
ਜ਼ਿਲ੍ਹਾ ਮੈਜਿਸਟਰੇਟ ਨੇ ਆਪਣੇ ਹੁਕਮਾਂ ਵਿੱਚ ਦੱਸਿਆ ਹੈ ਕਿ ਗੁਰਦਾਸਪੁਰ ਤਹਿਸੀਲ ਵਿੱਚ ਨਹਿਰੂ ਪਾਰਕ ਗੁਰਦਾਸਪੁਰ, ਦਾਣਾ ਮੰਡੀ ਗੁਰਦਾਸਪੁਰ, ਮਿੱਲ ਗਰਾਊਂਡ ਧਾਰੀਵਾਲ, ਦੀਨਾਨਗਰ ਤਹਿਸੀਲ ਵਿੱਚ ਦੁਸ਼ਿਹਰਾ ਗਰਾਉਂਡ ਦੀਨਾਨਗਰ, ਕਲਾਨੌਰ ਤਹਿਸੀਲ ਵਿੱਚ ਸ਼ਹੀਦ ਭਗਤ ਸਿੰਘ ਸਟੇਡੀਅਮ ਕਲਾਨੌਰ, ਫ਼ਤਹਿਗੜ੍ਹ ਚੂੜੀਆਂ ਤਹਿਸੀਲ ਵਿੱਚ ਦੁਸ਼ਹਿਰਾ ਗਰਾਊਂਡ ਫ਼ਤਹਿਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ ਤਹਿਸੀਲ ਵਿੱਚ ਦੁਸ਼ਿਹਰਾ ਗਰਾਊਂਡ ਡੇਰਾ ਬਾਬਾ ਨਾਨਕ ਅਤੇ ਦਾਣਾ ਮੰਡੀ ਕੋਟਲੀ ਸੂਰਤ ਮੱਲੀ ਵਿਖੇ ਥਾਂ ਧਰਨੇ/ਪ੍ਰਦਰਸ਼ਨਾਂ ਲਈ ਨਿਰਧਾਰਤ ਕੀਤੀ ਗਈ ਹੈ। ਇਸੇ ਤਰ੍ਹਾਂ ਤਹਿਸੀਲ ਬਟਾਲਾ ਲਈ ਸੁੱਖਾ ਸਿੰਘ ਮਹਿਤਾਬ ਸਿੰਘ ਪਾਰਕ ਬਟਾਲਾ, ਦਾਣਾ ਮੰਡੀ ਸ੍ਰੀ ਹਰਗੋਬਿੰਦਪੁਰ ਸਾਹਿਬ, ਦਾਣਾ ਮੰਡੀ ਕਾਦੀਆਂ, ਦਾਣਾ ਮੰਡੀ ਅਲੀਵਾਲ ਅਤੇ ਦਾਣਾ ਮੰਡੀ ਸਰੂਪਵਾਲੀ ਵਿਖੇ ਧਰਨੇ/ਪ੍ਰਦਰਸ਼ਨਾਂ ਲਈ ਥਾਂ ਨਿਰਧਾਰਤ ਕੀਤੀ ਗਈ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਉਪਰੋਕਤ ਨਿਰਧਾਰਤ ਥਾਵਾਂ ਉੱਪਰ ਵੀ ਧਰਨਾ ਸਬੰਧਤ ਐੱਸ.ਡੀ.ਐੱਮ. ਨੂੰ ਪਹਿਲਾਂ ਸੂਚਨਾ ਦੇਣ ਅਤੇ ਉਸ ਕੋਲੋਂ ਪੂਰਵ ਪ੍ਰਵਾਨਗੀ ਲੈਣ ਉਪਰੰਤ ਹੀ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਿਰਧਾਰਤ ਥਾਵਾਂ ਤੋਂ ਬਿਨ੍ਹਾ ਜ਼ਿਲ੍ਹੇ ਵਿੱਚ ਕਿਸੇ ਹੋਰ ਥਾਂ/ਸੜਕ/ਰੇਲਵੇ ਟਰੈਕ ਆਦਿ ਉੱਪਰ ਧਰਨਾ ਲਗਾਉਣ ਵਾਲੇ ਵਿਅਕਤੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।